ਨਜ਼ਰੀਆ

ਸੋਨੂੰ ਮੰਗਲੀ

(ਸਮਾਜ ਵੀਕਲੀ)

“ਸੁਣਾ ਭੈਣ ਕਿਥੋਂ ਆ  ਰਹੀ ਹੈਂ ..ਕਿੱਦਾਂ ਸਿਹਤ ਤੇਰੀ ” …..ਇਹ ਬੋਲ ਮਿੰਦਰ ਕੌਰ ਨੇ ਸਾਹਮਣੇ ਤੋਂ ਤੁਰੀ ਆ ਰਹੀ ਬੰਤੋ ਨੂੰ ਅਵਾਜ਼ ਮਾਰਦਿਆਂ ਕਹੇ।…..” ਹਾਂ ਭੈਣੇ ਠੀਕ ਠਾਕ ਹਾਂ ”  …ਕਹਿਣ ਸਾਰ ਹੀ ਬੰਤੋਂ ਚਿਹਰੇ ਦਾ ਰੰਗ ਫਿੱਕਾ ਜਿਹਾ ਕਰ ਮੰਜੇ ਤੇ ਬੈਠ ਗਈ ।
“ਹੋਰ ਨੂੰਹ ਪੁੱਤ ਠੀਕ ਠਾਕ ਨੇ ਘਰੇ ” …… ਮਿੰਦਰ ਕੌਰ ਨੇ ਅਗਲਾ ਸਵਾਲ ਪੁਛ ਲਿਆ । ਬੰਤੋਂ ਅੱਖਾਂ ਪੂਝਦਿਆਂ ਕਿਹਾ …… ” ਭੈਣੇ ਪੁੱਤ ਤਾਂ ਬਥੇਰਾ ਚੰਗਾ ਹੈ ਮੇਰੇ ਪੁੱਛਿਆ ਬਗੈਰ ਘਰੋਂ ਪੈਰ ਨਹੀਂ ਪੁਟਦਾ ਮੇਰੀ ਮਰਜ਼ੀ ਤੋਂ ਬਿਨਾਂ ਨੂੰਹ ਨੂੰ ਰੁਪਈਆ ਤੱਕ ਨਹੀਂ ਦਿੰਦਾ , . …ਬੱਸ ਆਹ ਜਵਾਈ ਹੀ ਨਲਾਇਕ ਮਿਲਿਆ ਹੈ ਕੁੜੀ ਨੂੰ ਬਹੁਤ ਤੰਗ ਰੱਖਦਾ”….।   …
..” ਕੀ ਕਹਿੰਦਾ  ਪਰੁਹਣਾ ਕੁਡ਼ੀ ਨੂੰ ” …ਮਿੰਦਰ ਕੌਰ ਨੇ ਹਮਦਰਦੀ ਦਿਖਾਉਂਦੇ ਹੋਏ ਪੁਛਿਆ ।.. “ਅਪਣੀ ਮਾਂ  ਦੇ ਮਗਰ ਲਗਿਆ ਹੈ.., ਮਾਂ ਨੂੰ ਪੁਛੇ ਬਿਨਾਂ ਕੁਡ਼ੀ ਨੂੰ ਧੇਲਾ ਨਹੀਂ ਦਿੰਦਾ , ਕੁਡ਼ੀ ਕੋਈ ਵੀ ਚੀਜ਼ ਮੰਗੇ ਤਾਂ ਕਹਿੰਦਾ ਬੇਬੇ ਨੂੰ ਪੁਛਕੇ  ਲਿਆਉਂਗਾ ”  ਬੰਤੋ  ਇਕੋ ਸਾਹ ਸਾਰੀ ਰਾਮ ਕਹਾਣੀ ਸੁਣਾ ਗਈ …. ! ਮੈਨੂੰ ਬੰਤੋਂ ਤੋਂ ਹੈਰਾਨੀ ਹੋਈ ਜੋ ਅਪਣੇ ਪੁੱਤਰ ਤੇ ਜਵਾਈ ਦੇ ਇੱਕ ਜਿਹੇ ਸੁਭਾਅ ਨੂੰ ਅਲੱਗ ਅਲੱਗ ਨਜ਼ਰੀਏ ਨਾਲ ਦੇਖ ਰਹੀ ਸੀ ।
ਸੋਨੂੰ ਸਿੰਘ ਮੰਗਲੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ : 8194958011
Previous articleਘਰ
Next articleਮਗਨਰੇਗਾ ਯੋਜਨਾ ਦਾ ਕੱਚ- ਸੱਚ।