(ਸਮਾਜ ਵੀਕਲੀ)
‘ਨਗਰ ਵਸਦੇ ਭਲੇ ਤੇ ਸਾਧੂ ਚਲਦੇ ਭਲੇ’, ਨਗਰ-ਖੇੜੇ ਦੀ ਸੁੱਖ ਹਰ ਕੋਈ ਮੰਗਦਾ ਹੈ। ਬੰਦਾ ਰੁੱਖਾਂ ਤੋਂ ਉੱਤਰਿਆਂ, ਗੁਫ਼ਾਵਾਂ ਚੋਂ ਬਾਹਰ ਨਿਕਲਿਆ – ਖੇਤੀ ਅਤੇ ਪਸ਼ੂ-ਪਾਲਣ ਦੇ ਆਹਰ ਲੱਗ ਗਿਆ। ਖੇਤਾਂ, ਪਸ਼ੂਆਂ ਦੀ ਰਾਖੀ ਤੇ ਦੇਖਭਾਲ ਲਈ ਉਨ੍ਹਾਂ ਕੋਲ਼ ਹੀ ਵਸ ਵੀ ਗਿਆ। ਕੰਮ ਕਾਜ ਵਿੱਚ ਇੱਕ ਦੂਜੇ ਦੀ ਲੋੜ ਸੀ, ਸ਼ਿਕਾਰੀ ਜੀਵਨ ਤੋਂ ਹੀ ਪਰਿਵਾਰ ਬਣ ਗਏ ਸੀ। ਹੁਣ ਨਦੀਆਂ ਕਿਨਾਰੇ ਪਰਿਵਾਰਾਂ ਦੇ ਨਿੱਕੇ ਸਮੂਹ ਬਣ ਗਏ ਕਿਉਂਕਿ ਖੇਤੀ ਪਾਣੀ ਦੇ ਸੋਮੇ ਨੇੜੇ ਹੀ ਕੀਤੀ ਜਾਂਦੀ ਸੀ। ਇਹ ਨਿੱਕੇ ਸਮੂਹ ਹੀ ਸਮਾਂ ਪਾ ਕੇ ਮਨੁੱਖ ਦੀਆਂ ਪਹਿਲੀਆਂ ਵੱਡੀਆਂ ਬਸਤੀਆਂ ਬਣੇ। ਪਹਿਲੇ ਨਗਰ। ਸਮਾਂ ਪਾ ਕੇ ਬਹੁਤ ਸਾਰੇ ਨਗਰ ਵੱਡੇ ਵਪਾਰਕ ਰਸਤਿਆਂ ਅਤੇ ਸਮੁੰਦਰੀ ਕਿਨਾਰਿਆਂ ਤੇ ਵਸ ਗਏ।
ਸੀਰੀਆ ਦਾ ਦਮਿਸ਼ਕ, ਜਿਸ ਨੂੰ ਅਰਬ ਸੱਭਿਆਚਾਰ ਦੀ ਰਾਜਧਾਨੀ ਵੀ ਆਖਦੇ ਹਨ, ਦੁਨੀਆ ਦੇ ਸਭ ਤੋਂ ਪਹਿਲਾਂ ਆਬਾਦ ਹੋਏ ਨਗਰਾਂ ਵਿੱਚ ਗਿਣਿਆ ਗਿਆ ਹੈ। ਉਦੋਂ ਤੋਂ ਹੁਣ ਤੱਕ ਆਬਾਦ ਇਹ ਸ਼ਹਿਰ, ਏਸ਼ੀਆ ਅਤੇ ਅਰਬ ਦੇ ਮੁੱਖ ਵਪਾਰਕ ਰਾਹਾਂ ਉੱਤੇ, ਬਰਾਦਾ ਨਦੀ ਦੇ ਕੰਢੇ ਲਗਪਗ 11000 ਸਾਲ ਪਹਿਲਾਂ ਵਸਿਆ ਜੋ ਕਿ ਈਸਾ ਪੂਰਵ 6500 ਦਾ ਸਮਾਂ ਬਣਦਾ ਹੈ। ਸੀਰੀਆ ਵਿੱਚ ਹੀ ਇਸੇ ਸਮੇਂ ਦਾ ਦੂਜਾ ਸ਼ਹਿਰ ਅਲੇਪੋ ਯੂਫਰੇਤੀਜ ਨਦੀ ਕਿਨਾਰੇ ਵਸਿਆ।
ਦਜਲਾ ਅਤੇ ਫਰਾਤ ਨਦੀਆਂ ਵਿਚਲੇ ਇਲਾਕੇ ਵਿੱਚ ਲਗਪਗ ਸੁਮੇਰੀਆ, ਬੇਬੀਲੋਨ, ਅਸੀਰੀਆ, ਕੈਲਡ੍ਰੀਆ ਸੱਭਿਆਤਾਵਾਂ ਈਸਾ ਪੂਰਵ 4500 ਤੋਂ 2500 ਤੱਕ ਆਪਣੀ ਉੱਨਤੀ ਦੇ ਸਿਖਰ ਤੇ ਸਨ। ਸਾਂਝੇ ਤੌਰ ਤੇ ਇਹਨਾਂ ਨੂੰ ਮੈਸੋਪੋਟਾਮੀਆ ਦੀ ਸੱਭਿਅਤਾ ਕਹਿ ਦਿੱਤਾ ਜਾਂਦਾ ਹੈ ਜਿਸਦਾ ਭਾਵ ਦੋ ਦਰਿਆਵਾਂ ਵਿਚਕਾਰਲਾ ਇਲਾਕਾ ਜਾਂ ਦੁਆਬਾ ਹੈ। ਇਹ ਅਜੋਕੇ ਇਰਾਕ ਦਾ ਹਿੱਸਾ ਹੈ। ਦਜਲਾ ਕੰਢੇ ਦਾ ਹੀ ਬਗਦਾਦ ਸ਼ਹਿਰ 4000 ਸਾਲ ਪਹਿਲਾਂ ਪੱਛਮੀ ਯੂਰਪ ਅਤੇ ਪੂਰਬੀ ਦੇਸ਼ਾਂ ਦੇ ਮੁੱਖ ਵਪਾਰਕ ਰਾਹ ਤੇ ਹੋਣ ਕਰਕੇ ਵਪਾਰ ਦਾ ਕੇਂਦਰ ਬਣਿਆ।
ਇੰਨਾ ਹੀ ਪੁਰਾਣਾ ਨਗਰ ਇੱਥੇ ਉਪਰੀ ਜ਼ਾਬ ਅਤੇ ਲੋਅਰ ਜ਼ਾਬ ਦਰਿਆਵਾਂ ਦੇ ਕੇਂਦਰ ਵਿੱਚ ਵਸਿਆ ਇਰਬਿਲ ਹੈ। ਇਰਾਨ ਦਾ ਸੂਸਾ ਸ਼ਹਿਰ 6300 ਸਾਲ ਤੋਂ ਹੋਂਦ ਵਿੱਚ ਹੈ ਜੋ ਕਿ ਕਰਖੇਯ ਨਦੀ ਕਾਰਨ ਵਸਿਆ। ਇਥੋਂ ਦਾ ਤੇਹਰਾਨ ਵੀ ਬਹੁਤ ਪੁਰਾਣਾ ਆਬਾਦ ਨਗਰ ਹੈ। ਜਾਰਡਨ ਨਦੀ ਕਿਨਾਰੇ ਦੇ ਫ਼ਲਸਤੀਨੀ ਸ਼ਹਿਰ ਜੇਰਿਕੋ ਵਿੱਚੋਂ ਮਨੁੱਖੀ ਵਸੋਂ ਦੇ 11000 ਸਾਲ ਪੁਰਾਣੇ ਸਬੂਤ ਲੱਭੇ ਹਨ। ਯੂਨਾਨ ਵਿੱਚ ਸਥਿਤ ਅਰਸਤੂ, ਪਲੂਟੋ, ਸੁਕਰਾਤ, ਡਾਯੋਨੀਸ, ਹੋਮਰ, ਆਰਕੇਮੀਡਿਸ ਵਰਗੇ ਮਹਾਨ ਦਾਰਸ਼ਨਿਕ ਅਤੇ ਵਿਗਿਆਨੀਆਂ ਦਾ ਸ਼ਹਿਰ ਏਥਨਜ, ਕੈਫੀਸਸ ਅਤੇ ਇਲੀਸਸ ਨਦੀਆਂ ਦੇ ਵਿਚਕਾਰ ਵਸਿਆ ਜਿਸ ਵਿੱਚੋਂ ਪੁਰਾਤੱਤਵ ਖੋਜਕਾਰਾਂ ਨੇ 8000 ਈਸਾ ਪੂਰਵ ਤੋਂ ਆਬਾਦੀ ਦੇ ਸਬੂਤ ਖੋਜੇ ਹਨ।
ਲਗਪਗ ਇੰਨਾ ਹੀ ਪੁਰਾਣਾ ਹੁਣ ਤੱਕ ਆਬਾਦ ਸ਼ਹਿਰ ਲਿਬਨਾਨ ਦਾ ਬਾਇਬਲੋਸ ਹੈ। ਇਹ ਇਬਰਾਹਿਮ ਨਾਂ ਦੀ ਨਦੀ ਕਿਨਾਰੇ ਵਸਿਆ ਹੈ। ਯੂਨਾਨ ਦੀ ਇਨੇਹੋਸ ਨਦੀ ਕਿਨਾਰੇ ਵਸਿਆ ਅਰਗੋਸ ਸ਼ਹਿਰ 5000 ਈਸਾ ਪੂਰਵ ਤੋਂ ਵਸਿਆ ਹੈ। ਬੁਲਗਾਰੀਆ ਦਾ ਪਲੋਵਡਿਵ, ਭੂ-ਮੱਧ ਸਾਗਰ ਕਿਨਾਰੇ ਵਸਿਆ ਲਿਬਨਾਨ ਦਾ ਸਿਡੋਨ, ਮਿਸਰ ਦੀ ਨੀਲ ਨਦੀ ਤੇ ਕਾਹਿਰਾ, ਈਸਾ ਤੋਂ 4000 ਸਾਲ ਪਹਿਲਾਂ ਦੇ ਨਗਰ ਹਨ।
ਫਿਲੀਸਤੀਨ ਦਾ ਬੇਥਲੇਹਮ ਈਸਾ ਤੋਂ 1400 ਸਾਲ ਪਹਿਲਾਂ ਦਾ ਵਸਦਾ ਹੈ ਇੱਥੇ ਹੀ ਉਹਨਾਂ ਦਾ ਜਨਮ ਹੋਇਆ ਸੀ। ਇਜ਼ਰਾਈਲ ਦਾ ਜੇਰੂਸਲਮ ਨਗਰ ਈਸਾ ਤੋਂ 4500 ਸਾਲ ਪਹਿਲਾਂ ਦਾ ਵਸਿਆ ਹੋਇਆ ਹੈ। ਇਸ ਸ਼ਹਿਰ ਦਾ ਸੰਬੰਧ ਪੈਗੰਬਰ ਇਬਰਾਹਿਮ ਨਾਲ ਹੈ। ਪੈਗੰਬਰ ਈਸਾ ਨਾਲ ਵੀ ਹੈ। ਇਸ ਕਰਕੇ ਮੁਸਲਿਮ, ਇਸਾਈ ਅਤੇ ਯਹੂਦੀ ਭਾਈਚਾਰਿਆਂ ਵਿੱਚ ਇਸ ਸ਼ਹਿਰ ਦੀ ਖਾਸ ਅਹਿਮੀਅਤ ਹੈ। ਸਾਉਦੀ ਅਰਬ ਵਿੱਚ ਸਥਿਤ ਪਵਿੱਤਰ ਸ਼ਹਿਰ ਮੱਕਾ ਵੀ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਛੇਵੀਂ ਸਦੀ ਈਸਵੀ ਵਿੱਚ ਇੱਥੇ ਹੀ ਹੋਇਆ ਸੀ।
ਦੁਨੀਆ ਦੇ ਸਭ ਤੋਂ ਪੁਰਾਣੇ ਗ੍ਰੰਥ ਰਿਗ ਵੇਦ ਵਿੱਚ ਕਾਸ਼ੀ ਸ਼ਹਿਰ ਦਾ ਜਿਕਰ ਮਿਲਦਾ ਹੈ। ਭਾਰਤ ਵਿੱਚ ਗੰਗਾ ਨਦੀ ਦੇ ਕਿਨਾਰੇ ਵਸੇ ਸਭ ਤੋਂ ਪੁਰਾਣੇ ਨਗਰਾਂ ਵਿੱਚੋਂ ਇੱਕ ਹੈ। ਇਸ ਨੂੰ ਬਨਾਰਸ ਅਤੇ ਵਾਰਾਨਸੀ ਨਾਮਾਂ ਨਾਲ ਵੀ ਜਾਣਦੇ ਹਾਂ। ਇਸ ਨੂੰ ਹਿੰਦੂ ਦੇਵ ਭਗਵਾਨ ਸ਼ਿਵ ਦਾ ਨਗਰ ਮੰਨਿਆ ਜਾਂਦਾ ਹੈ। ਲਗਪਗ 3000 ਈਸਾ ਪੂਰਵ ਤੋਂ ਇਸ ਦੇ ਆਬਾਦ ਹੋਣ ਦੇ ਪ੍ਰਮਾਣ ਮਿਲਦੇ ਹਨ ਜਦਕਿ ਕੁਝ ਇਤਿਹਾਸਕਾਰ ਇਸ ਨੂੰ 6000 ਈਸਾ ਪੂਰਵ ਤੋਂ ਵਸਿਆ ਮੰਨਦੇ ਹਨ।
ਸਿੰਧੂ ਘਾਟੀ ਦੀ ਸੱਭਿਅਤਾ ਜੋ ਕਿ ਭਾਰਤੀ ਉਪ-ਮਹਾਂਦੀਪ ਦੇ ਉੱਤਰ-ਪੱਛਮੀ ਭਾਗ ਵਿੱਚ ਲਗਪਗ 4500 ਸਾਲ ਪਹਿਲਾਂ ਵਿਕਸਿਤ ਹੋਈ ਸੀ, ਸਭ ਤੋਂ ਮਹਾਨ ਅਤੇ ਵੱਡ ਅਕਾਰੀ ਸੱਭਿਅਤਾ ਸੀ। ਸਭ ਤੋਂ ਵੱਧ ਵਿਵਸਥਾ ਵਾਲੀ ਸੱਭਿਅਤਾ। ਮੋਹਨਜੋਦੜੋ, ਹੜੱਪਾ, ਕਾਲੀਬੰਗਨ, ਲੋਥਲ, ਇਸ ਦੇ ਮੁੱਖ ਵੱਡੇ ਕੇਂਦਰ ਸਨ। ਰੋਪੜ, ਰੋਹੀੜਾ, ਸੰਘੋਲ, ਕੋਟਲਾ ਨਿਹੰਗ ਖਾਂ, ਚੂਹਨਜੋਦੜੋ, ਢੋਲਾਵੀਰਾ, ਬਨਵਾਲੀ, ਰਾਖੀਗੜ੍ਹੀ ਆਦਿ ਥਾਵਾਂ ਤੇ ਨਗਰਾਂ ਦੀ ਹੋਂਦ ਦੀ ਗਵਾਹੀ ਮਿਲਦੀ ਹੈ। ਰਮਾਇਣ ਕਾਲ ਤੋਂ ਅਯੁੱਧਿਆ, ਕਿਸਕੰਧਾ, ਮਿਥਲਾ, ਲੰਕਾ ਨਗਰਾਂ ਦਾ ਜਿਕਰ ਮਿਲਦਾ ਹੈ ਜਦਕਿ ਮਹਾਂਭਾਰਤ ਵਿੱਚ ਮਥੁਰਾ, ਦੁਆਰਕਾ, ਹਸਤਨਾਪੁਰ, ਇੰਦਰਪ੍ਰਸਥ, ਗੰਧਾਰ, ਮਗਧ ਦਾ ਵਰਨਣ ਹੈ।
ਮਨੁੱਖੀ ਵਸੋਂ ਦੇ ਵਾਧੇ ਨਾਲ ਨਗਰਾਂ ਦਾ ਆਕਾਰ ਅਤੇ ਗਿਣਤੀ ਵਧਦੀ ਗਈ। ਨਗਰ ਵਾਰ-ਵਾਰ ਹਾਲਾਤਾਂ ਅਨੁਸਾਰ ਉਜੜਦੇ, ਮੁੜ ਵਸਦੇ ਰਹੇ। ਕਈ ਵਾਰ ਆਪਣਾ ਥਾਂ ਬਦਲਦੇ ਰਹੇ। ਪਰਤ ਦਰ ਪਰਤ ਮੁੜ ਵਸੇਬਿਆਂ ਦੇ ਪੁਰਾਤੱਤਵ ਰੂਪ ਪ੍ਰਗਟ ਹੁੰਦੇ ਰਹੇ ਹਨ। ਅੱਜ ਸੰਸਾਰ ਵਿੱਚ ਮਹਾਨਗਰਾਂ ਦਾ ਵੀ ਅੰਤ ਨਹੀਂ। ਨਗਰਾਂ ਵਿੱਚ ਅਚੰਭੇ ਦੀ ਹੱਦ ਤੱਕ ਸਭ ਕੁਝ ਉਪਲੱਬਧ ਹੈ। ਸਮਾਰਟ ਸ਼ਹਿਰਾਂ ਦੇ ਸੁਪਨੇ ਦੇਖੇ-ਦਿਖਾਏ ਗਏ ਹਨ। ਨਗਰ ਖੇਤੀ ਕਰਨ ਲਈ ਮਨੁੱਖ ਦੇ ਇਕੱਠੇ ਰਹਿਣ ਲਈ ਵਸੇ ਸਨ।
ਹੁਣ ਨਗਰਾਂ ਕਰਕੇ ਖੇਤੀਯੋਗ ਜਮੀਨ ਦੀ ਘਾਟ ਪੈਦਾ ਹੋ ਗਈ ਹੈ। ਵਿਕਾਸ ਪ੍ਰੋਜੈਕਟ ਉਪਜਾਊ ਜਮੀਨਾਂ ਨੂੰ ਖਾ ਰਹੇ ਹਨ। ਮਨੁੱਖ ਕੀ ਖਾਵੇਗਾ ਪਤਾ ਨਹੀਂ। ਸੋਚਣ, ਸਮਝਣ ਦੀ ਲੋੜ ਹੈ। ਸਿੱਖਿਅਤ, ਸੂਝਵਾਨ, ਸਮਾਜ ਦੀ ਲੋੜ ਹੈ। ਜਾਗਣ ਦਾ ਵੇਲਾ ਹੈ। ਨਗਰਾਂ ਦੇ ਵਸਦੇ ਰਹਿਣ ਲਈ ਖੇਤਾਂ ਦਾ, ਖੇਤਾਂ ਵਾਲਿਆਂ ਦਾ ਵਸਦੇ ਰਹਿਣਾ ਜ਼ਰੂਰੀ ਹੈ। ਅੰਨ ਵਿੱਚ ਜਾਨ ਹੁੰਦੀ ਹੈ। ਜਾਨ ਨਾਲ ਜਹਾਨ ਹੁੰਦਾ ਹੈ। ਜਹਾਨ ਵਸਦਾ ਰਹੇ।
ਪਰਮਿੰਦਰ ਭੁੱਲਰ
9463067430