ਨਕੋਦਰ ਬੇਅਦਬੀ ਕਾਂਡ ਅਟਵਾਲ ਲਈ ਬਣਿਆ ਸਿਰਦਰਦੀ

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਲਈ ਨਕੋਦਰ ਬੇਅਦਬੀ ਕਾਂਡ ਸਿਰਦਰਦੀ ਬਣ ਗਿਆ ਹੈ। ਇਸ ਕਾਂਡ ਦੇ ਉਭਾਰ ਨਾਲ ਬੇਅਦਬੀ ਕਾਂਡ ਅਤੇ ਨਕੋਦਰ ’ਚ ਪੁਲੀਸ ਦੀਆਂ ਗੋਲੀਆਂ ਨਾਲ 4 ਫਰਵਰੀ 1986 ਨੂੰ ਮਾਰੇ ਗਏ ਚਾਰ ਸਿੱਖ ਨੌਜਵਾਨਾਂ ਦੇ ਮਾਪਿਆਂ ਨੂੰ ਇਨਸਾਫ ਨਾ ਮਿਲਣ ਕਾਰਨ ਉਂਗਲ ਸ਼੍ਰੋਮਣੀ ਅਕਾਲੀ ਦਲ ਵੱਲ ਉੱਠਣ ਲੱਗੀ ਹੈ। ਚਰਨਜੀਤ ਸਿੰਘ ਅਟਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਏਨੀ ਪੁਰਾਣੀ ਗੱਲ ਦਾ ਉਨ੍ਹਾਂ ਨੂੰ ਕੋਈ ਚਿਤ-ਚੇਤਾ ਨਹੀਂ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਕਾਂਡ ਬਾਰੇ ਬਣੇ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਜਦੋਂ 2001 ਵਿੱਚ ਪੰਜਾਬ ਵਿਧਾਨ ਸਭਾ ’ਚ ਰੱਖੀ ਗਈ ਸੀ ਉਸ ਵੇਲੇ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਸਨ। ਉਨ੍ਹਾਂ ਨਾਲ ਜਦੋਂ ਰਾਬਤਾ ਕੀਤਾ ਗਿਆ ਕਿ ਉਨ੍ਹਾਂ ਦੇ ਸਪੀਕਰ ਹੁੰਦਿਆਂ ਹੀ ਇਹ ਰਿਪੋਰਟ ਪੇਸ਼ ਕੀਤੀ ਗਈ ਸੀ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਯਾਦ ਸ਼ਕਤੀ ਘਟ ਗਈ ਹੈ, ਹੁਣ ਉਨ੍ਹਾਂ ਨੂੰ ਬਿਲਕੁਲ ਇਸ ਗੱਲ ਦਾ ਚੇਤਾ ਨਹੀਂ ਆ ਰਿਹਾ। ਉਨ੍ਹਾਂ ਦੀ ਚੋਣ ਪ੍ਰਬੰਧ ਦਾ ਕੰਮ ਦੇਖ ਰਹੇ ਉਨ੍ਹਾਂ ਦੇ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੁੰਦੀ ਕਿ ਕਿਹੜੀ ਰਿਪੋਰਟ ਸਦਨ ਵਿਚ ਰੱਖੀ ਜਾ ਰਹੀ ਹੈ। ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ’ਤੇ ਦੋਸ਼ ਲਾਇਆ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਿਨ੍ਹਾਂ ਦੀ ਯਾਦ ਸ਼ਕਤੀ ਹੁਣ ਹੀ ਗੁਆਚ ਗਈ ਹੈ ਉਹ ਲੋਕ ਸਭਾ ਵਿੱਚ ਜਾ ਕੇ ਕੀ ਕਰਨਗੇ। ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਦੀ ਚੋਣ ਜਿੱਤਦੇ ਹਨ ਤਾਂ ਉਹ ਇਸ ਮਾਮਲੇ ਨੂੰ ਲੋਕ ਸਭਾ ਵਿਚ ਸੰਜੀਦਗੀ ਨਾਲ ਉਠਾ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਐੱਸਐੱਸਪੀ ਇਜ਼ਹਾਰ ਆਲਮ ਅਤੇ ਉਸ ਵੇਲੇ ਦੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਦੀਆਂ ਕਾਰਵਾਈਆਂ ਤੋਂ ਪਰਦਾ ਚੁੱਕਣਗੇ। ਨਕੋਦਰ ਵਿਚ 2 ਫਰਵਰੀ 1986 ਨੂੰ ਗੁਰੂ ਨਾਨਕਪੁਰਾ ਮੁਹੱਲੇ ਵਿੱਚ ਬਣੇ ਗੁਰਦੁਆਰਾ ਸਾਹਿਬ ਵਿਚ ਪੰਜ ਬੀੜਾਂ ਸੜ ਗਈਆਂ ਸਨ। ਇਸ ਦੇ ਰੋਸ ਵਜੋਂ 4 ਫਰਵਰੀ ਨੂੰ ਸਿੱਖ ਜਥੇਬੰਦੀਆਂ ਰੋਸ ਮਾਰਚ ਕਰ ਰਹੀਆਂ ਸਨ ਤਾਂ ਪੁਲੀਸ ਨੇ ਬਹਿਬਲ ਕਲਾਂ ਵਾਂਗ ਹੀ ਬਹੁਤ ਨੇੜੇ ਤੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਅ ਰਹੇ ਸਿੱਖਾਂ ’ਤੇ ਗੋਲੀ ਚਲਾ ਦਿੱਤੀ, ਜਿਸ ਵਿਚ ਚਾਰ ਨੌਜਵਾਨ ਸ਼ਹੀਦ ਹੋ ਗਏ ਸਨ। ਨਕੋਦਰ ਕਾਂਡ ਦੀ ਜਦੋਂ ਘਟਨਾ ਵਾਪਰੀ ਉਦੋਂ ਵੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਚਰਨਜੀਤ ਸਿੰਘ ਅਟਵਾਲ ਵੀ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਣੇ ਸਨ। ਜਿਹੜੇ ਹੁਣ ਜਲੰਧਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਹਨ। ਨਕੋਦਰ ਕਾਂਡ ਦੀ ਜਾਂਚ ਜਸਟਿਸ ਗੁਰਨਾਮ ਸਿੰਘ ਨੇ ਕੀਤੀ ਸੀ। ਉਨ੍ਹਾਂ ਨੇ ਆਪਣੀ ਰਿਪੋਰਟ 31 ਅਕਤੂਬਰ 1986 ਨੂੰ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਸੀ। 1997 ਤੋਂ 2002 ਤੱਕ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ 2001 ਵਿਚ ਇਹ ਰਿਪੋਰਟ ਸਦਨ ਵਿਚ ਪੇਸ਼ ਕੀਤੀ ਸੀ ਜਦੋਂ ਸਪੀਕਰ ਚਰਨਜੀਤ ਸਿੰਘ ਅਟਵਾਲ ਸਨ। ਪਰ ਇਸ ਰਿਪੋਰਟ ਨਾਲ ਕਰਵਾਈ ਰਿਪੋਰਟ ਪੇਸ਼ ਨਹੀਂ ਸੀ ਕੀਤੀ ਗਈ। ਹੁਣ ਜਦੋਂ 13 ਫਰਵਰੀ 2019 ਨੂੰ ਪੰਜਾਬ ਵਿਧਾਨ ਸਭਾ ’ਚ ਵਿਧਾਇਕ ਐੱਚਐਸ ਫੂਲਕਾ ਨੇ ਨਕੋਦਰ ਕਾਂਡ ਦਾ ਮਾਮਲਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਕੋਲ ਰੱਖਿਆ ਕਿ ਨਕੋਦਰ ਬੇਅਦਬੀ ਕਾਂਡ ਦੀ ਹੋਈ ਜਾਂਚ ਦੀ ਰਿਪੋਰਟ ਸਦਨ ਵਿਚ ਰੱਖੀ ਜਾਵੇ ਤਾਂ ਸਪੀਕਰ ਰਾਣਾ ਕੇਪੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਇਹ ਰਿਪੋਰਟ 2001 ਵਿਚ ਰੱਖੀ ਗਈ ਸੀ।

Previous articleਸਰਪੰਚ ਵਿਰੁੱਧ ਦਰਜ ਕੇਸ ਰੱਦ ਕਰਾਉਣ ਲਈ ਹਾਈਵੇਅ ਜਾਮ
Next articleUrmila Matondkar is Congress nominee for Mumbai North