ਲੁਧਿਆਣਾ (ਸਮਾਜ ਵੀਕਲੀ): ਲੌਕਡਾਊਨ ’ਚ ਕੰਮ ਨਾ ਹੋਣ ਕਾਰਨ ਤਿੰਨ ਦੋਸਤਾਂ ਨੇ ਮਿਲ ਕੇ ਭਾਰਤੀ ਨਕਲੀ ਨੋਟ ਛਾਪਣੇ ਸ਼ੁਰੂ ਕਰ ਦਿੱਤੇ ਤੇ ਹੌਲੀ-ਹੌਲੀ ਮਾਰਕੀਟ ’ਚ ਚਲਾਉਣਾ ਸ਼ੁਰੂ ਕਰ ਦਿੱਤਾ। ਮੁਲਜ਼ਮ ਪੁਲੀਸ ਦੇ ਹੱਥੇ ਉਸ ਵੇਲੇ ਚੜ੍ਹ ਗਏ ਜਦੋਂ ਉਹ ਨਕਲੀ ਨੋਟ ਚਲਾਉਣ ਲਈ ਰਾਹੋਂ ਰੋਡ ਵੱਲ ਜਾ ਰਹੇ ਸਨ। ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 900 ਸੌ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ।
ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਢਾਈ ਲੱਖ ਦੇ ਸੌ-ਸੌ ਰੁਪਏ ਦੇ ਨੋਟ ਬਰਾਮਦ ਕੀਤੇ। ਇਸ ਮਾਮਲੇ ’ਚ ਪੁਲੀਸ ਨੇ ਮੁਹੱਲਾ ਚੰਦ ਕਲੋਨੀ ਵਾਸੀ ਸੰਜੀਵ ਰਾਏ ਤੇ ਸੁਨੀਲ ਕੁਮਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਤੀਜੇ ਮੁਲਜ਼ਮ ਦਲਬੀਰ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜੁਆਇੰਟ ਕਮਿਸ਼ਨਰ ਕੰਵਰਦੀਪ ਕੌਰ ਨੇ ਦੱਸਿਆ ਕਿ ਪੁਲੀਸ ਨੇ ਇਲਾਕੇ ਵਿਚ ਨਾਕਾਬੰਦੀ ਦੌਰਾਨ ਨਕਲੀ ਨੋਟ ਛਾਪਣ ਵਾਲੇ ਮੁਲਜ਼ਮਾਂ ਬਾਰੇ ਪਤਾ ਲੱਗਿਆ ਸੀ। ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਨੇ ਮੰਨਿਆ ਕਿ ਉਹ ਨਕਲੀ ਨੋਟ ਛਾਪਣ ਦਾ ਕੰਮ ਕਰਦੇ ਹਨ।