ਭੰਤੇ ਡਾ. ਚੰਦਰਕੀਰਤੀ ਪੀਐਚਡੀ ਸਹਾਇਕ ਪ੍ਰੋਫੈਸਰ ਹੋਣਗੇ ਮੁੱਖ ਮਹਿਮਾਨ
ਜਲੰਧਰ (ਸਮਾਜ ਵੀਕਲੀ)- ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੇ ਪ੍ਰਧਾਨ ਸੋਹਨ ਲਾਲ ਸੇਵਾ ਮੁਕਤ ਡੀਪੀਆਈ (ਕਾਲਜਾਂ) ਅਤੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਸਾਂਝੇ ਪ੍ਰੈਸ ਬਿਆਨ ਵਿਚ ਕਿਹਾ ਕਿ ਸੋਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਅੰਬੇਡਕਰ ਭਵਨ ਜਲੰਧਰ ਵਿਖੇ ਸੋਸਾਇਟੀ ਦੇ ਪ੍ਰਧਾਨ ਸੋਹਨ ਲਾਲ ਦੀ ਪ੍ਰਧਾਨਗੀ ਹੇਠ ਹੋਈ. ਉਨ੍ਹਾਂ ਨੇ ਦੱਸਿਆ ਕਿ 13 ਅਕਤੂਬਰ 1935 ਨੂੰ ਯੇਓਲਾ (ਮਹਾਰਾਸ਼ਟਰ) ਵਿਖੇ, ਬਾਬਾ ਸਾਹਿਬ ਡਾ. ਅੰਬੇਡਕਰ ਨੇ ਜਨਤਕ ਤੌਰ ‘ਤੇ ਐਲਾਨ ਕੀਤਾ, “ਮੈਂ ਇੱਕ ਹਿੰਦੂ ਪੈਦਾ ਹੋਇਆ ਸੀ ਕਿਉਂਕਿ ਮੇਰਾ ਇਸ ਉੱਤੇ ਕੋਈ ਕੰਟਰੋਲ ਨਹੀਂ ਸੀ, ਪਰ ਮੈਂ ਹਿੰਦੂ ਨਹੀਂ ਮਰਾਂਗਾ।” ਅਕਤੂਬਰ 14, 1956 ਨੂੰ, ਜਦੋਂ ਉਨ੍ਹਾਂ ਨੇ ਨਾਗਪੁਰ ਵਿੱਚ ਇੱਕ ਸ਼ਾਨਦਾਰ ਸਮਾਰੋਹ ਵਿੱਚ ਬੁੱਧ ਧਰਮ ਅਪਣਾਇਆ, ਅੰਬੇਡਕਰ ਨੇ ਕਿਹਾ: “ਆਪਣੇ ਪ੍ਰਾਚੀਨ ਧਰਮ ਨੂੰ ਤਿਆਗ ਕੇ ਜੋ ਅਸਮਾਨਤਾ ਅਤੇ ਜ਼ੁਲਮ ਲਈ ਖੜ੍ਹਾ ਸੀ, ਅੱਜ ਮੈਂ ਦੁਬਾਰਾ ਜਨਮ ਲਿਆ ਹੈ।” ਉਨ੍ਹਾਂ ਨੇ ਆਪਣੇ ਲੱਖਾਂ ਪੈਰੋਕਾਰਾਂ ਨੂੰ ਬੁੱਧ ਧੱਮ ਦੀਕਸ਼ਾ ਦਿੱਤੀ ਅਤੇ 22 ਪ੍ਰਤਿਗਿਆਵਾਂ ਵੀ ਗ੍ਰਹਿਣ ਕਰਾਈਆਂ. ਇਸ ਦਿਨ ਨੂੰ ਅੰਬੇਡਕਰ ਮਿਸ਼ਨ ਸੋਸਾਇਟੀ ਹਰ ਸਾਲ ਧੱਮ-ਚੱਕਰ ਪ੍ਰਵਰਤਨ ਦਿਵਸ ਦੇ ਰੂਪ ਵਿਚ ਮਨਾਉਂਦੀ ਹੈ. ਮੀਟਿੰਗ ਵਿਚ ਇਸ ਬਾਰ ਵੀ ਧੱਮ-ਚੱਕਰ ਪ੍ਰਵਰਤਨ ਦਿਵਸ 14 ਅਕਤੂਬਰ, 2022 (ਸ਼ੁੱਕਰਵਾਰ) ਨੂੰ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਮਨਾਉਣ ਦਾ ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ. ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਬਾਰ ਭੰਤੇ ਡਾ. ਚੰਦਰਕੀਰਤੀ ਪੀਐਚਡੀ, ਸਹਾਇਕ ਪ੍ਰੋਫੈਸਰ, ਸੁਭਾਰਤੀ ਯੂਨੀਵਰਸਿਟੀ ਮੇਰਠ (ਯੂ ਪੀ) ਧੱਮ-ਚੱਕਰ ਪ੍ਰਵਰਤਨ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਅਤੇ ਹਰਬੰਸ ਵਿਰਦੀ (ਯੂ ਕੇ) ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ. ਪ੍ਰਸਿੱਧ ਅੰਬੇਡਕਰੀ, ਲੇਖਕ, ਚਿੰਤਕ ਤੇ ਸੰਪਾਦਕ ਭੀਮ ਪਤ੍ਰਿਕਾ ਸ਼੍ਰੀ ਲਾਹੌਰੀ ਰਾਮ ਬਾਲੀ ਸਮਾਗਮ ਦੇ ਮੁੱਖ ਬੁਲਾਰੇ ਹੋਣਗੇ. ਇਨ੍ਹਾਂ ਤੋਂ ਇਲਾਵਾ ਡਾ. ਜੀ ਸੀ ਕੌਲ ਪੀਐਚਡੀ, ਸਾਬਕਾ ਮੁਖੀ, ਪੰਜਾਬੀ ਵਿਭਾਗ, ਡੀਏਵੀ ਕਾਲਜ ਜਲੰਧਰ, ਮੈਡਮ ਸੁਦੇਸ਼ ਕਲਿਆਣ, ਸਾਬਕਾ ਪ੍ਰੋਜੈਕਟ ਡਾਇਰੈਕਟਰ, ਦੁਰਦਰਸ਼ਨ, ਜਲੰਧਰ ਅਤੇ ਜਸਵਿੰਦਰ ਵਰਿਆਣਾ, ਸੂਬਾ ਪ੍ਰਧਾਨ, ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ) ਪੰਜਾਬ ਯੂਨਿਟ ਵੀ ਆਪਣੇ ਵਿਚਾਰ ਪੇਸ਼ ਕਰਨਗੇ. ਮਿਸ਼ਨਰੀ ਸਿੰਗਰ ਜਗਤਾਰ ਵਰਿਆਣਵੀ ਅਤੇ ਪਾਰਟੀ ਗੀਤ-ਸੰਗੀਤ ਪੇਸ਼ ਕਰਨਗੇ.
ਇਸ ਮੌਕੇ ਲਾਹੌਰੀ ਰਾਮ ਬਾਲੀ, ਬਲਦੇਵ ਰਾਜ ਭਾਰਦਵਾਜ, ਡਾ. ਰਵੀਕਾਂਤ ਪਾਲ, ਐਡਵੋਕੇਟ ਕੁਲਦੀਪ ਭੱਟੀ, ਐਡਵੋਕੇਟ ਪਰਮਿੰਦਰ ਸਿੰਘ ਖੁੱਤਣ, ਚਰਨ ਦਾਸ ਸੰਧੂ, ਪਿਸ਼ੋਰੀ ਲਾਲ ਸੰਧੂ ਅਤੇ ਮੈਡਮ ਸੁਦੇਸ਼ ਕਲਿਆਣ ਹਾਜਰ ਸਨ.
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)