ਮਾਨਸਾ ’ਚ ਸੀਪੀਆਈ ਦੀ 94ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਸੰਵਿਧਾਨ ਬਚਾਓ-ਦੇਸ਼ ਬਚਾਓ’ ਰੈਲੀ
ਮਾਨਸਾ ਇੱਥੇ ਭਾਰਤੀ ਕਮਿਊਨਿਸਟ ਪਾਰਟੀ ਦੀ 94ਵੀਂ ਵਰ੍ਹੇਗੰਢ ਸਬੰਧੀ ਕੀਤੀ ਗਈ ‘ਸੰਵਿਧਾਨ ਬਚਾਓ-ਦੇਸ਼ ਬਚਾਓ’ ਰੈਲੀ ਨੂੰ ਸੰਬੋਧਨ ਕਰਦਿਆਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਡਾ. ਕਨ੍ਹੱਈਆ ਕੁਮਾਰ ਨੇ ਕਿਹਾ ਕਿ ਆਰਐੱਸਐੱਸ ਦੇ ਏਜੰਡੇ ਮੁਤਾਬਕ ਕੰਮ ਕਰਨ ਵਾਲੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਸਲੀ ਮੁੱਦਿਆਂ ਦੀ ਬਜਾਏ, ਇੱਕ ਸਾਜ਼ਿਸ ਤਹਿਤ ਗੈਰ-ਜਮਹੂਰੀ ਫਿਰਕੂ ਧਾਰਮਿਕ ਮੁੱਦਿਆਂ ਨੂੰ ਉਭਾਰ ਕੇ ਭਰਾਤਰੀ ਰਿਸ਼ਤਿਆਂ ਵਿੱਚ ਜ਼ਹਿਰ ਭਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਡਾ. ਅੰਬੇਡਕਰ ਦੀ ਵਿਚਾਰਧਾਰਾ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਕਨ੍ਹੱਈਆ ਨੇ ਕਿਹਾ ਕਿ ਭਾਰਤ, ਭਾਜਪਾ ਤੇ ਆਰਐੱਸਐੱਸ ਦੀ ਜਗੀਰ ਨਹੀਂ ਹੈ ਬਲਕਿ ਇਹ ਜਮਹੂਰੀ ਤੇ ਦੇਸ਼ ਭਗਤ ਲੋਕਾਂ ਦਾ ਦੇਸ਼ ਹੈ, ਜੋ ਕੌਮੀ ਆਜ਼ਾਦੀ ਦੇ ਘੋਲ ਨਾਲ ਵਿਸ਼ਵਾਸਘਾਤ ਕਰਨ ਵਾਲੇ ਸਾਵਰਕਰੀਆਂ ਨੂੰ ਕਿਸੇ ਕੀਮਤ ’ਤੇ ਸਫ਼ਲ ਨਹੀਂ ਹੋਣ ਦੇਣਗੇ। ਉਨ੍ਹਾਂ ਐੱਨਆਰਸੀ ਅਤੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਕਿਹਾ ਕਿ ਇਹ ਸਿਰਫ਼ ਮੁਸਲਮਾਨਾਂ ਵਿਰੁੱਧ ਨਹੀਂ ਹੈ, ਬਲਕਿ ਪੂਰੇ ਭਾਰਤ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਰੋਜ਼ੀ-ਰੋਟੀ ਲਈ ਜੂਝ ਰਹੇ ਗਰੀਬ ਹੁਣ ਆਪਣੇ ਦਾਦੇ-ਪੜਦਾਦਿਆਂ ਦੇ ਭਾਰਤੀ ਹੋਣ ਦੇ ਸਬੂਤ ਲੱਭਣ ਲਈ ਨੋਟਬੰਦੀ ਵਾਂਗ ਸਰਕਾਰੀ ਦਫ਼ਤਰਾਂ ਅੱਗੇ ਲੰਬੀਆਂ ਕਤਾਰਾਂ ਵਿੱਚ ਖੜਨਗੇ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਲਗਾਤਾਰ ਉੱਚ ਸਿੱਖਿਆ ਸੰਸਥਾਵਾਂ ਤੇ ਯੂਨੀਵਰਸਿਟੀਆਂ ’ਤੇ ਹਮਲੇ ਹੋ ਰਹੇ ਹਨ ਅਤੇ ਆਮ ਲੋਕਾਂ ਦੇ ਬੱਚਿਆਂ ਤੋਂ ਸਿੱਖਿਆ ਖੋਹੀ ਜਾ ਰਹੀ ਹੈ। ਡਾ. ਕਨ੍ਹੱਈਆ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਰਐੱਸਐੱਸ ਦੇ ਝੂਠ ਦਾ ਪ੍ਰਚਾਰ ਕਰਨ ਵਾਲੇ ਵੱਟਸਅਪ, ਯੂਨੀਵਰਸਿਟੀ ਤੇ ਗੋਦੀ ਮੀਡੀਆ ਦੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ। ਇਸ ਤੋਂ ਪਹਿਲਾਂ ਸੀਪੀਆਈ ਦੇ ਕੌਮੀ ਸਕੱਤਰ ਡਾ. ਵੀ.ਕੇ. ਕਾਂਗੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਅਤੇ ਆਰਐੱਸਐੱਸ ਦੇ ਰਿਮੋਟ ਨਾਲ ਚੱਲਣ ਵਾਲੀ ਭਾਜਪਾ ਸਰਕਾਰ ਵੱਲੋਂ ਲਏ ਨੋਟਬੰਦੀ ਤੇ ਜੀਐੱਸਟੀ ਵਰਗੇ ਫੈਸਲਿਆਂ ਨੇ ਦੇਸ਼ ਦੀ ਅਰਥਵਿਵਸਥਾ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਸਭ ਤੋਂ ਭਿਆਨਕ ਦੌਰ ਵਿੱਚ ਹੈ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ, ਜਦੋਂ ਕਿ ਪਹਿਲਾਂ ਤੋਂ ਰੁਜ਼ਗਾਰ ਵਿੱਚ ਲੱਗੇ ਕਰੋੜਾਂ ਲੋਕਾਂ ਤੋਂ ਵੀ ਰੁਜ਼ਗਾਰ ਖੋਹ ਲਿਆ ਗਿਆ ਹੈ। ਸੀਪੀਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਵਿੱਚ ਖੱਬੀ ਜਮਹੂਰੀ ਤੇ ਧਰਮ-ਨਿਰਪੱਖ ਧਿਰਾਂ ਬਹੁਤ ਮਜ਼ਬੂਤ ਹਨ ਜੋ ਕਿਸੇ ਕੀਮਤ ’ਤੇ ਆਰਐੱਸਐੱਸ ਦੇ ਮਨਸੂਬਿਆਂ ਨੂੰ ਪੰਜਾਬ ਵਿੱਚ ਸਫ਼ਲ ਨਹੀਂ ਹੋਣ ਦੇਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿੱਚ ਆਰਐੱਸਐੱਸ ਲਾਬੀ ਨੇ ਤਕੜੀ ਘੁਸਪੈਠ ਕਰ ਲਈ ਹੈ ਜੋ ਸਰਕਾਰ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ ਚੱਲਣ ਲਈ ਮਜਬੂਰ ਕਰ ਰਹੀ ਹੈ, ਜਦੋਂ ਕਿ ਭ੍ਰਿਸ਼ਟਾਚਾਰ ਦੇ ਮਸਲੇ ਵਿੱਚ ਤਾਂ ਕੈਪਟਨ ਸਰਕਾਰ, ਅਕਾਲੀਆਂ ਨਾਲੋਂ ਵੀ ਅੱਗੇ ਲੰਘ ਚੁੱਕੀ ਹੈ। ਪਾਰਟੀ ਦੇ ਸੀਨੀਅਰ ਆਗੂ ਹਰਦੇਵ ਸਿੰਘ ਅਰਸ਼ੀ ਨੇ ਰੈਲੀ ਦਾ ਆਰੰਭ ਕਰਦੇ ਹੋਏ ਕੌਮੀ ਤੇ ਸੂਬਾਈ ਆਗੂਆਂ ਤੇ ਰੈਲੀ ਵਿੱਚ ਪੁੱਜੇ ਲੋਕਾਂ ਨੂੰ ਜੀ ਆਇਆਂ ਆਖਦੇ ਹੋਏ ਜ਼ਿਲ੍ਹਾ ਮਾਨਸਾ ਦੇ ਸ਼ਾਨਾਮੱਤੀ ਦੇਸ਼ ਭਗਤ ਵਿਰਸੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵੇਦ ਪ੍ਰਕਾਸ਼, ਸੀਤਾ ਰਾਮ ਗੋਬਿੰਦਪੁਰਾ, ਰੂਪ ਸਿੰਘ ਢਿੱਲੋਂ, ਜਗਰਾਜ ਸਿੰਘ ਹੀਰਕੇ, ਐਡਵੋਕੇਟ ਰੇਖਾ ਸ਼ਰਮਾ, ਦਲਜੀਤ ਮਾਨਸ਼ਾਹੀਆ, ਮਲਕੀਤ ਸਿੰਘ ਮੰਦਰਾਂ, ਨਿਹਾਲ ਸਿੰਘ ਮਾਨਸਾ, ਆਤਮ ਸਿੰਘ ਆਤਮਾ, ਕਾ. ਭੁਪਿੰਦਰ ਸਾਂਬਰ ਤੇ ਜਗਜੀਤ ਸਿੰਘ ਜੋਗਾ ਨੇ ਵੀ ਸੰਬੋਧਨ ਕੀਤਾ।