ਨਵੀਂ ਦਿੱਲੀ (ਸਮਾਜ ਵੀਕਲੀ) : ਸਿੰਘੂ ਤੇ ਟਿਕਰੀ ਬਾਰਡਰਾਂ ਉਪਰ ਕਿਸਾਨਾਂ ਵੱਲੋਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ 26-27 ਨਵੰਬਰ ਤੋਂ ਚੱਲ ਰਹੇ ਧਰਨਿਆਂ ਦੌਰਾਨ ਲੋਕਾਂ ਵੱਲੋਂ ਰੱਜ ਕੇ ਕੀਤੀ ਮਦਦ ਸਦਕਾ ਇੱਥੇ ਖਾਣ-ਪੀਣ ਦੀ ਕੋਈ ਕਮੀ ਨਹੀਂ ਹੈ। ਕੌਮਾਂਤਰੀ ਤੇ ਕੌਮੀ ਪੱਧਰ ਦੀਆਂ ਜੱਥੇਬੰਦੀਆਂ ਵੱਲੋਂ ਥਾਂ-ਥਾਂ ਲੰਗਰ ਲਾਏ ਹੋਏ ਹਨ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਪੰਜਾਬ ਦੀਆਂ 31 ਕਿਸਾਨ ਜੱਥੇਬੰਦੀਆਂ ਵੱਲੋਂ ਵੀ ਆਪਣੇ ਪੱਧਰ ’ਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਖ਼ਾਲਸਾ ਏਡ, ਯੂਨਾਈਟਿਡ ਸਿੱਖਸ, ਬ੍ਰਿਟਿਸ਼ ਸਿੱਖ ਕੌਂਸਲ, ਹਜ਼ੂਰ ਸਾਹਿਬ ਨਾਂਦੇੜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਦੀਆਂ ਵੱਖ-ਵੱਖ ਸਥਾਨਕ ਕਮੇਟੀਆਂ ਤੇ ਸੰਸਥਾਵਾਂ, ਕਈ ਯੂਥ ਕਲੱਬਾਂ ਵੱਲੋਂ ਦੋਵਾਂ ਬਾਰਡਰਾਂ ਉਪਰ ਸਟਾਲ ਲਾ ਕੇ ਲੰਗਰ ਲਾਏ ਹੋਏ ਹਨ। ਪਕੌੜੇ, ਮੂੰਗਫਲੀ, ਕੇਲੇ ਤੇ ਸੇਬ ਥਾਂ-ਥਾਂ ਵੰਡੇ ਜਾ ਰਹੇ ਹਨ। ਤੜਕੇ ਹੀ ਚਾਹ ਦੇ ਲੰਗਰ ਤਿਆਰ ਹੋ ਜਾਂਦੇ ਹਨ ਜਿੱਥੇ ਧਰਨੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਹਲਕੇ ਭੋਜਨ ਦਾ ਪ੍ਰਬੰਧ ਕੀਤਾ ਜਾਂਦਾ ਹੈ। ਹਰਿਆਣਾ ਤੋਂ ਕਿਸਾਨ ਆ ਕੇ ਧਰਨਾਕਾਰੀਆਂ ਲਈ ਖਾਣ ਦਾ ਸਾਮਾਨ ਪੁੱਜਦਾ ਕਰ ਰਹੇ ਹਨ। ਬਦਾਮ ਵੀ ਵੰਡੇ ਜਾਂਦੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪੰਡਾਲ ਵਿੱਚ ਬਦਾਮਾਂ ਦੀ ਠੰਢਿਆਈ ਰੋਜ਼ਾਨਾ ਵਰਤਾਈ ਜਾ ਰਹੀ ਹੈ। ਨਿਹੰਗਾਂ ਵੱਲੋਂ ਵੀ ਖਾਣੇ ਦੇ ਸਮੁੱਚੇ ਪ੍ਰਬੰਧ ਕੀਤੇ ਹੋਏ ਹਨ।