*ਧਰਨਾ ਸਥਾਨ ਉਤੇ ਪਾਣੀ, ਪਖਾਨਾ, ਦਵਾਈਆਂ ਸਮੇਤ ਸਾਰੀਆਂ ਜ਼ਰੂਰੀ ਵਸਤਾਂ ਦਾ ਪ੍ਰਬੰਧ ਕਰਕੇ ਕਿਸਾਨਾਂ ਦੀ ਹਰ ਸੰਭਵ ਮਦਦ ਕਰੇਗੀ ਕੇਜਰੀਵਾਲ ਸਰਕਾਰ : ਰਾਘਵ ਚੱਢਾ*

ਔਖੇ ਸਮੇਂ ਕਿਸਾਨਾਂ ਦੀ ਕੇਜਰੀਵਾਲ ਸਰਕਾਰ ਨੇ ਫੜ੍ਹੀ ਬਾਂਹ : ਅਨਮੋਲ ਗਗਨ ਮਾਨ
ਕਿਸਾਨ ਦੀ ਇੱਛਾ ਅਨੁਸਾਰ ਹੁਣ ਕੁੰਡਲੀ ਵਿਚ ਵੀ ਸੁਵਿਧਾਵਾਂ ਦਾ ਪ੍ਰਬੰਧ ਕਰੇਗੀ ਆਪ ਸਰਕਾਰ

*ਨਵੀਂ ਦਿੱਲੀ/ਚੰਡੀਗੜ੍ਹ, ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ”ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ ਦੀ ਸਰਕਾਰ ਹਰ ਸੰਭਵ ਮਦਦ ਕਰੇਗੀ। ਕਿਸਾਨ ਜਿਸ ਥਾਂ ਉਤੇ ਵੀ ਬੈਠ ਕੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨਗੇ, ਉਨ੍ਹਾਂ ਦੀ ਦੇਖਭਾਲ ਕਰਨਾ ਕੇਜਰੀਵਾਲ ਸਰਕਾਰ ਦਾ ਮੁੱਖ ਫਰਜ਼ ਹੈ।” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਧਰਨਾ ਦੇ ਰਹੇ ਕਿਸਾਨਾਂ ਨੂੰ ਮਿਲਣ ਤੋਂ ਬਾਅਦ ਕੀਤਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਕਿਸਾਨਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਦੀ ਰਾਖੀ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਅਤੇ ਉਨ੍ਹਾਂ ਨਾਲ ਕਿਸੇ ਪ੍ਰਕਾਰ ਦਾ ਧੱਕਾ ਬਰਦਾਸਤ ਨਹੀਂ ਕੀਤਾ ਜਾਵੇਗਾ।

ਚੱਢਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਪਹਿਲਾਂ ਤੋਂ ਹੀ ਬੁਰਾੜੀ ਦੇ ਗਰਾਉਂਡ ਵਿਚ ਪਾਣੀ, ਬਿਜਲੀ, ਪਖਾਨੇ, ਦਵਾਈਆਂ ਅਤੇ ਲੰਗਰ ਦਾ ਪ੍ਰਬੰਧ ਕਰ ਦਿੱਤਾ ਸੀ, ਪ੍ਰੰਤੂ ਕਿਉਂ ਜੋ ਕਿਸਾਨ ਕੁੰਡਲੀ ਬਾਰਡਰ ਉਤੇ ਬੈਠਕੇ ਹੀ ਆਪਣਾ ਸੰਘਰਸ਼ ਕਰਨਾ ਚਾਹੁੰਦੇ ਹਨ, ਕੇਜਰੀਵਾਲ ਸਰਕਾਰ ਹੁਣ ਉਸ ਸਥਾਨ ਉਤੇ ਮੁਢਲੀਆਂ ਸਹੂਲਤਾਵਾਂ ਪ੍ਰਦਾਨ ਕਰੇਗੀ। ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਹਰ ਫੈਸਲੇ ਦਾ ਸਤਿਕਾਰ ਕਰਦੀ ਹੈ ਅਤੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜਕੇ ਸੰਘਰਸ਼ ਆਪਣਾ ਬਣਦਾ ਯੋਗਦਾਨ ਦਿੰਦੀ ਰਹੇਗੀ।

ਆਪ ਆਗੂ ਅਤੇ ਯੂਥ ਵਿੰਗ ਪੰਜਾਬ ਦੇ ਸੂਬਾ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਔਖੇ ਵੇਲੇ ਲਈ ਬਾਂਹ ਫੜ੍ਹਨ ਲਈ ਅਸੀਂ ਹਮੇਸ਼ਾ ਅਰਵਿੰਦ ਕੇਜਰੀਵਾਲ ਦੇ ਰਿਣੀ ਰਹਾਂਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਹ ਗੱਲ ਸਮਝ ਲਵੇ ਕਿ ਕਿਸਾਨ ਆਪਣਾ ਬਣਦਾ ਹੱਕ ਲਏ ਬਿਨਾਂ ਨਹੀਂ ਮੁੜਨਗੇ, ਇਸ ਲਈ ਜਿੰਨਾ ਜਲਦੀ ਹੋ ਸਕੇ ਉਨ੍ਹਾਂ ਦੀਆਂ ਮੰਨ ਕੇ ਮੁੱਦਾ ਦਾ ਇਕ ਸਾਰਥਿਕ ਹੱਲ ਦੇਣ ਵੱਲ ਕਦਮ ਪੁੱਟੇ।

ਉਨ੍ਹਾਂ ਕਿਹਾ ਕਿ ਪਹਿਲਾਂ ਵੀ ਖੱਟਰ ਸਰਕਾਰ ਨੇ ਆਪਣੀ ਪੂਰੀ ਵਾਹ ਲਾ ਕੇ ਕਿਸਾਨਾਂ ਨੂੰ ਰੋਕਣ ਦਾ ਯਤਨ ਕੀਤਾ ਹੈ, ਪ੍ਰੰਤੂ ਉਨ੍ਹਾਂ ਦੇ ਪੱਲੇ ਕੁੱਝ ਨਹੀਂ ਪਿਆ।

Previous articleColorado teen Gitanjali Rao is TIME ‘Kid of the Year’
Next articleGovt looks for middle path, softens stance on some demands