– ਯਾਦਵਿੰਦਰ
(ਸਮਾਜ ਵੀਕਲੀ)- ”ਧਰਤੀ ਪਲੈਨੇਟ ਦੀ ਹੋਂਦ 50 ਕੁ ਸਾਲ ਹੋਰ ਬਚੀ ਹੈ…ਭਿਅੰਕਰ ਤੂਫ਼ਾਨ ਆ ਸਕਦੇ ਨੇ…ਹੌਲਨਾਕ ਭੂਚਾਲ ਰਫ਼ਤਾਰ ਫੜਣਗੇ …ਅਸਮਾਨ ਤੋਂ ਤੇਜ਼ਾਬੀ ਮੀਂਹ ਵਰ੍ਹੇਗਾ, ਅਚਾਨਕ ਧਰਤੀ ‘ਤੇ ਤਾਪਮਾਨ ਹਜ਼ਾਰਾਂ ਡਿਗਰੀ ਵੱਧ ਜਾਵੇਗਾ”’!!! ਨਹੀਂ! ਇਹ ਕਿਸੇ ਵਿਗਿਆਨ ਫੈਂਟਸੀ ਫਿਲਮ ਦੇ ਡਾਇਲਾਗ ਨਹੀਂ ਹਨ ਤੇ ਕਿਸੇ ਬੰਬਈਆ ਮਸਾਲਾ ਫਿਲਮ ਵਿੱਚੋਂ ਲਏ ਸੰਵਾਦ ਵੀ ਨਹੀਂ!- ਇਹ ਖ਼ਦਸ਼ਾ ਉਨ੍ਹਾਂ ਵਾਤਾਵਰਣ ਮਾਹਿਰਾਂ ਨੇ ਪ੍ਰਗਟਾਇਆ ਹੈ, ਜਿਹੜੇ ਸਿਰਾਂ ਤੇ ਸੋਚ ਵਾਲੇ ਇਨਸਾਨਾਂ ਨੂੰ ਕਈ ਸਾਲਾਂ ਤੋਂ ਹਲੂਣਾ ਦਿੰਦੇ ਆ ਰਹੇ ਹਨ ਕਿ ਮੁਨਾਫ਼ਾਖ਼ੋਰਾਂ ਧਨਾਢਾਂ ਨੇ ਬੇਕਾਬੂ ਕਾਰੋਬਾਰੀ ਖ਼ਾਹਿਸ਼ਾਂ ਦੀ ਪੂਰਤੀ ਲਈ ਜਿਸ ਹੱਦ ਤਕ ਕੁਦਰਤ ਦੀਆਂ ਨਿਆਮਤਾਂ ਦਾ ਸ਼ੋਸ਼ਣ ਕਰ ਲਿਆ ਹੈ, ਏਸ ਕਾਲੇ ਕਾਰੇ ਦੇ ਨਤੀਜੇ ਕਾਰਨ ਸਾਡਾ ਇਹ ਧਰਤੀ ਗ੍ਰਹਿ ਬਹੁਤੀ ਦੇਰ ਤਕ ਵਜੂਦ ਵਿਚ ਨਹੀਂ ਰਹਿ ਸਕੇਗਾ।ਅਜਿਹੇ ਵਾਤਾਵਰਣ ਮਾਹਿਰਾਂ ਦੀ ਮੰਨੀਏ ਤਾਂ ਅੱਯਾਸ਼ੀ ਦੇ ਟਾਪੂ ਵਸਾ ਕੇ ਬੈਠੇ ਸੰਸਾਰ ਦੇ ਗਿਣਤੀ ਦੇ ਜਨੂੰਨੀ ਧਨਾਢਾਂ ਨੂੰ ਨਾ ਤਾਂ ਆਪਣੇ ਕੀਤੇ ‘ਤੇ ਪਛਤਾਵਾ ਹੈ ਤੇ ਨਾ ਇਹ ਲੋਕ ਨੇੜ-ਭਵਿੱਖ ਵਿਚ ਆਪਣੀ ਕਰਤੂਤ ਤੋਂ ਤੌਬਾ ਕਰਨ ਦਾ ਇਰਾਦਾ ਰੱਖਦੇ ਹਨ।
ਇਨ੍ਹਾਂ ਦਾਅਵਿਆਂ ਨੂੰ ਸਰਾਸਰ ਗ਼ਲਤ ਸਮਝਣ ਦੀ ਬਜਾਏ ਕੁਝ ਸਪਸ਼ਟ ਤੱਥਾਂ ‘ਤੇ ਗ਼ੌਰ ਕਰਦੇ ਹਾਂ।
(1)- ਕੀ ਧਰਤੀ ਹੇਠ ਮੌਜੂਦ ਪਾਣੀ ਦੀ ਸਤ੍ਹਾ ਲਗਾਤਾਰ ਥੱਲੇ ਨੂੰ ਨਹੀਂ ਜਾ ਰਹੀ? ਸੈਂਕੜੇ ਫੁੱਟ ਹੇਠਾਂ ਜਾ ਕੇ ਵੀ ਮਸਾਂ ਪਾਣੀ ਬਾਹਰ ਆਉਂਦਾ ਹੈ, ਇੰਝ ਕਿਉਂ?
(2)- ਕੀ ਜ਼ਮੀਨੀ ਕਟਾਅ ਵੱਧ ਨਹੀਂ ਰਿਹਾ?
(3). ਕੀ ਲਗਾਤਾਰ ਜੰਗਲ ਕੱਟੇ ਜਾਣ ਕਾਰਨ ਚੌਗਿਰਦੇ ਵਿਚ ਆਕਸੀਜ਼ਨ ਨਹੀਂ ਘੱਟ ਰਹੀ ?
(4). ਕੀ ਲਗਾਤਾਰ ਕਾਰਬਨਡਾਈ ਔਕਸਾਇਡ ਵਧਣ ਕਾਰਨ ਇਹ ਜ਼ਹਿਰੀ ਤੱਤ ਸਾਡੇ ਜਿਸਮਾਂ ਦੇ ਅੰਦਰ ਜਮ੍ਹਾ ਨਹੀਂ ਹੋ ਚੁੱਕੇ ?
(5). ਕੀ ਅਸੀਂ ਆਮ ਤੌਰ ‘ਤੇ ਸੁਸਤ, ਉਦਾਸੇ, ਉਤਸ਼ਾਹ-ਹੀਣ ਤੇ ਪਰੇਸ਼ਾਨ ਨਹੀਂ ਰਹਿੰਦੇ ਹਾਂ? ਕੀ ਸਾਡੀ ਖ਼ੁਰਾਕ ਜ਼ਹਿਰੀਲੇ ਕਣਾਂ ਨਾਲ ਭਰਪੂਰ ਨਹੀਂ ਹੈ?
(6). ਕੀ- ਕੈਂਸਰ, ਥਾਇਰਾਇਡ, ਦਮਾ, ਲਿਵਰ ਸਿਰੋਸਿਸ, ਔਪਟਿਜ਼ਮ, ਸਾਇਲੈਂਟ ਹਾਰਟ ਅਟੈਕ, ਬਲੱਡ ਸ਼ੂਗਰ, ਬ੍ਰੇਨ ਹੈਮਰੇਜ ਜਿਹੇ ਰੋਗ ਜ਼ਿਆਦਾ ਹੀ ਨਹੀਂ ਵੱਧ ਗਏ। … ਨਹੀਂ, ਇਹ ਦਾਅਵੇ ਪੂਰੀ ਤਰ੍ਹਾਂ ਝੂਠੇ ਨਹੀਂ ਹਨ। ਸਗੋਂ, ਝੂਠ ਦੇ ਪੁਲਿੰਦੇ ਹਨ ਉਹ ‘ਸਰਕਾਰਨਵਾਜ਼ ਅੰਕੜੇ’ ਜਿਨ੍ਹਾਂ ਨੂੰ ਹੁਕਮਰਾਨ ਸਮੇਂ ਸਮੇਂ ‘ਤੇ ਨਸ਼ਰ ਕਰਦੇ ਹਨ ਤੇ ਉਨ੍ਹਾਂ ਦੀਆਂ ਜ਼ਰਖ਼ਰੀਦ ਕਲਮਾਂ (ਦਰਅਸਲ ਲੋਕ ਦੋਖੀ ਲਿਖਾਰੀ ) ਲੋਕਾਈ ਨੂੰ ਭਰਮਾਉਣ ਲਈ ਅਜਿਹੇ ‘ਅੰਕੜੇ’ ਤਿਆਰ ਕਰਦੇ ਹਨ।
‘ਕੁਦਰਤ-ਮਾਨਵ ਕੇਂਦਰਤ ਲੋਕ ਲਹਿਰ’ ਨਾਂ ਦੀ ਸੰਸਥਾ ਦੇ ਕੁਝ ਪੈਂਫਲਿਟ, ਬਰੋਸ਼ਰ ਤੇ ਕਿਤਾਬਚੇ ਇਨ੍ਹਾਂ ਸਤਰਾਂ ਦੇ ਲਿਖਾਰੀ ਦੇ ਹੱਥ ਲੱਗੇ ਹਨ ਤੇ ਲਿਖਾਰੀ ਵਜੋਂ ਅਸੀਂ ਇਹ ਸਮਝਿਆ ਕਿ ਇਸ ਫ਼ਿਕਰਮੰਦੀ ਦਾ ਸਾਰ-ਤੱਤ ਸੁਚੇਤ ਪਾਠਕਾਂ ਤਕ ਪੁਚਾ ਦਿੱਤਾ ਜਾਵੇ। ਇਹ ਸੰਸਥਾ ਕਈ ਵਰ੍ਹਿਆਂ ਤੋਂ ਲੋਕਾਂ ਨੂੰ ਇਸ ਇਨਸਾਨੀ ਸੰਕਟ ਸਬੰਧੀ ਹਲੂਣਾ ਦੇਣ ਲਈ ਪ੍ਰਚਾਰ-ਪਸਾਰ ਕਰਦੀ ਪਈ ਹੈ। ਸੰਸਥਾ ਕੋਲ ਸਵੈ-ਇੱਛਤ ਕਾਰਕੁੰਨਾਂ ਦੇ ਗਰੁੱਪ ਹਨ, ਜਿਹੜੇ, ਆਪਾ-ਵਾਰੂ ਭਾਵਨਾ ਨਾਲ ਬੜੇ ਚੁੱਪ-ਚੁਪੀਤੇ ਢੰਗ ਨਾਲ ਕਾਰਜ ਨਿਭਾਅ ਰਹੇ ਹਨ। ਇਹ ਸਿਰੜੀ ਬੰਦੇ ਆਪਣੇ ਪੱਲਿਓਂ ਪੈਸੇ ਖ਼ਰਚ ਕੇ, ਪੈਂਫਲਿਟ ਤੇ ਬਰੋਸ਼ਰ ਵਗੈਰਾ ਛਾਪ ਕੇ ਲੋਕਾਈ ਦੇ ਹੱਥਾਂ ਵਿਚ ਪਹੁੰਚਾ ਰਹੇ ਹਨ।
ਹੈਰਾਨਕੁੰਨ ਇੰਕਸ਼ਾਫ ਕਰਨ ਲੱਗਾਂ ਆਂ, ਸ਼ੁਰੂ-ਸ਼ੁਰੂ ਵਿਚ ਮੈਂ ਵਾਤਾਵਰਣ ਮਾਹਿਰਾਂ ਤੇ ਚੌਗਿਰਦਾ ਬਚਾਉਣ ਵਾਲਿਆਂ ਦੀ ਫ਼ਿਕਰਮੰਦੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਪਰ ਧਰਤੀ ਗ੍ਰਹਿ ਦੀ ਤਬਾਹੀ ਦੇ ਇਸ਼ਾਰੇ ਜਦੋਂ ਲਗਾਤਾਰ ਮੇਰੇ ਸਾਹਮਣੇ ਜ਼ਾਹਿਰ ਹੋਣ ਲੱਗੇ ਤਾਂ ਮੇਰੀ ਵੀ ਜਾਗ ਖੁੱਲ੍ਹਣ ਲੱਗੀ।
ਖ਼ੁਦ ਸੋਚੋ ਕਿ ਕੈਂਸਰ, ਥਾਇਰਾਇਡ, ਦਿਲ ਦਾ ਦੌਰਾ, ਦਮਾ, ਗੁਰਦੇ ਫੇਲ੍ਹ, ਖ਼ਾਮੋਸ਼ੀ ਭਰੇ ਤਰੀਕੇ ਨਾਲ ਦਿਲ ਦੇ ਦੌਰੇ, ਬਲੱਡ ਸ਼ੂਗਰ ਵਰਗੀਆਂ ਅਨੇਕ ਮਹਾਂਮਾਰੀਆਂ ਹਨ, ਇਹ ਦੀਰਘ ਰੋਗ ਪਹਿਲਾਂ ਕਿਸੇ ਟਾਵੇਂ ਟਾਵੇਂ ਵਿਅਕਤੀ ਨੂੰ ਹੁੰਦੇ ਸਨ ਪਰ ਹੁਣ ਮਿਹਨਤ-ਮੁਸ਼ੱਕਤ ਕਰਨ ਵਾਲੇ ਮਜ਼ਦੂਰਾਂ, ਫੈਕਟਰੀਆਂ ਵਿਚ ਜਾਨ ਜੋਖਿਮ ਵਿਚ ਪਾਉਣ ਵਾਲੇ ਮੁਲਾਜ਼ਮ, ਇੱਥੋਂ ਤਕ ਕਿ ਘਰੇਲੂ ਔਰਤਾਂ ਨੂੰ ਇਹ ਜਾਨ ਮਾਰੂ ਰੋਗ ਲੱਗ ਚੁੱਕੇ ਹਨ।
ਸਾਨੂੰ ਸੋਚਣਾ ਪਵੇਗਾ ਕਿ ਕਿਉਂ ਸਾਡੇ ਚੌਗਿਰਦੇ ਵਿਚ ਖ਼ਤਰਨਾਕ ਗੈਸਾਂ ਦਾ ਮਿਸ਼ਰਨ ਘੁਲ਼ਿਆ ਹੈ, ਕੌਣ ਹਨ ਮਨੁੱਖਤਾ ਦੇ ਦੋਖੀ? ਉਹ ਮੁਨਾਫ਼ਾਖ਼ੋਰ ਬੰਦੇ? ਜਿਹੜੇ ਆਪਣੇ ਕਾਰਖ਼ਾਨਿਆਂ ਵਿਚ ਖ਼ਤਰਨਾਕ ਰਸਾਇਣਾਂ ਦੀ ਵਰਤੋਂ ਕਰ ਕੇ, ਅੰਦਰ ਟ੍ਰੀਟਮੈਂਟ ਪਲਾਂਟ ਨਹੀਂ ਲਾਉਂਦੇ ਤੇ ਸਾਡੇ ਨਦੀਆਂ ਨਾਲ਼ਿਆਂ ਵਿਚ ਜ਼ਹਿਰੀਲਾ ਮਿਸ਼ਰਿਤ ਪਾਣੀ ਰੋੜ੍ਹਦੇ ਹਨ। ਇਨ੍ਹਾਂ ਪੈਸੇ ਦੇ ਪੀਰਾਂ ਕਰ ਕੇ ਸਾਰੀ ਮਨੁੱਖਤਾ ਸੂਲ਼ੀ ‘ਤੇ ਟੰਗੀ ਹੈ। ਬਹੁਤ ਸਾਰੇ ਅਜਿਹੇ ਕਾਰਖ਼ਾਨੇਦਾਰ ਹਨ, ਜਿਹੜੇ ਦਿਨ-ਰਾਤ ਖੱਪ-ਖਾਨੇ ਵਾਲੇ ਉਦਯੋਗ ਚਲਾ ਰਹੇ ਹਨ, ਦਿਨੇਂ ਸਾਰਾ ਦਿਨ ਮਾਮੂਲੀ ਤਨਖ਼ਾਹਾਂ ‘ਤੇ ਕੰਮ ਕਰਨ ਲਈ ਮਜਬੂਰ ਮੁਲਾਜ਼ਮ ਮੁਸੀਬਤਾਂ ਵਿਚ ਗ੍ਰਸੇ ਰਹਿੰਦੇ ਹਨ.
ਚੇਤੇ ਕਰੋ- ਕੁਝ ਦਹਾਕੇ ਪਹਿਲਾਂ ‘ਭੋਪਾਲ ਗੈਸ ਕਾਂਡ’ ਵਾਪਰਿਆ ਤਾਂ ਸਾਡੇ ਦਲਾਲ ਹੁਕਮਰਾਨ, ਕਾਰਖ਼ਾਨੇਦਾਰ ਵਗੈਰਾ ਸਾਰੇ ਪੀੜਤਾਂ ਨੂੰ ਇਹ ਕਹਿਣ ਤਕ ਚਲੇ ਗਏ ਸਨ ਕਿ ਚਲੋ ਕੋਈ ਨਹੀਂ, ਉੱਪਰਵਾਲਾ ਵੇਖੂਗਾ ਤੇ ਤੁਸੀਂ ਕਾਰਖ਼ਾਨੇਦਾਰਾਂ ਨੂੰ ਮਾਫ਼ ਕਰ ਦਿਓ, ਮਾਫ਼ ਕਰਨ ਨਾਲ ਮਨੁੱਖ ਨੂੰ ਅੰਦਰੂਨੀ ਤਾਕਤ ਮਿਲਦੀ ਹੈ, ਮਾਫ਼ੀ ਵਿਚ ਬਹੁਤ ਤਾਕਤ ਹੁੰਦੀ ਹੈ, ਵਗੈਰਾ ਵਗੈਰਾ। ਕੁਝ ਚਿਰ ਮਗਰੋਂ ਖ਼ੋਜੀ ਪੱਤਰਕਾਰਾਂ ਨੇ ਇਹ ਤੱਥ ਸਾਹਮਣੇ ਲਿਆਂਦੇ ਸਨ ਕਿ ਉਸ ਫੈਕਟਰੀ ਦੇ ਕੁਝ ਮਾਲਕ ਭਾਵੇਂ ਅੰਗਰੇਜ਼ ਸਨ, ਅਧਿਓਂ ਵੱਧ ਸਾਡੇ ਦੇਸੀ ਮੁਨਾਫ਼ਾਖ਼ੋਰਾਂ ਦੀ ਹਿੱਸਾ-ਪੱਤੀ (ਵੀ) ਸੀ।
ਹਾਲਾਤ ਦਾ ਡਰਾਉਣਾ ਪੱਖ ਇਹ ਹੈ ਕਿ ਧਰਤੀ ਦਾ ਬੇ ਹਿਸਾਬ ਸ਼ੋਸ਼ਣ ਕੀਤਾ ਜਾ ਚੁੱਕਿਆ ਹੈ, ਨਤੀਜਤਨ, ਚੱਕਰਵਾਤੀ ਤੂਫ਼ਾਨਾਂ ਤੇ ਭੂਚਾਲਾਂ ਨੇ ਜੇਕਰ ਰਫ਼ਤਾਰ ਫੜ ਲਈ ਤਾਂ ਤਬਾਹੀ ਦਾ ਮੰਜ਼ਰ ਬੇਹੱਦ ਡਰਾਉਣਾ ਹੋਵੇਗਾ, ਇਹ ਸੰਭਾਵੀ ਤਬਾਹੀ ਕੁਲ ਮਨੁੱਖਤਾ ਨੂੰ ਲੀਲ੍ਹ ਸਕਦੀ ਹੈ- ਸਿਰਫ਼ ਹੁਣ ਹੀ ਵਕਤ ਹੈ ਕਿ ਅਸੀਂ ਪੈਸੇ ਦੇ ਜ਼ੋਰ ‘ਤੇ ਦਨਦਨਾਉਂਦੇ ਫਿਰਦੇ ਪੈਸੇ ਦੇ ਪੁਜਾਰੀਆਂ ਵਿਰੁੱਧ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰੀਏ। (ਇਨਪੁਟਸ ਲਈ ਸੰਦੀਪ ਮਹੇ ਦਾ ਧੰਨਵਾਦ)
ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਵੱਲੋਂ ਚੁੱਕੇ ਗਏ ਨੁਕਤੇ
ਇਸ ਸੰਸਥਾ ਨੇ ਜਲੰਧਰ ਵਿਚ ਚੋਣਵੇਂ ਪੱਤਰਕਾਰਾਂ ਨੂੰ ਆਪਣੇ ਕੋਲ ਸੱਦਿਆ ਤੇ ਸੰਸਥਾ ਦਾ ਮਕਸਦ ਦੱਸਣ ਤੋਂ ਇਲਾਵਾ ਕੁਲ ਦੁਨੀਆਂ ਵਿਚ ਪੱਸਰ ਰਹੇ ਖ਼ੁਰਾਕੀ ਸੰਕਟ ਬਾਰੇ ਤੌਖ਼ਲੇ ਜ਼ਾਹਿਰ ਕੀਤੇ ਹਨ। ਸੰਸਥਾ ਦਾ ਕਹਿਣਾ ਹੈ ਕਿ ਖ਼ੁਰਾਕ ਲੜੀ (ਫੂਡ ਚੇਨ) ਜ਼ਹਿਰੀਲੀ ਹੋ ਚੁੱਕੀ ਹੈ, ਖੇਤੀਬਾੜੀ ਕਿੱਤਾ ਕਾਰਪੋਰੇਟ ਅਜਾਰੇਦਾਰਾਂ ਥੱਲੇ ਆਉਣ ਕਰ ਕੇ ਇਹ ਲਾਹੇਵੰਦ ਨਹੀਂ ਰਹੀ ਤੇ ਫ਼ਸਲਾਂ ‘ਤੇ ਜ਼ਹਿਰੀ ਕੀਟਨਾਸ਼ਕਾਂ ਦਾ ਲੋੜੋਂ ਵੱਧ ਮਿਕਦਾਰ ਵਿਚ ਛਿੜਕਾਅ ਕਰਨ ਲਈ ਗੁਮਰਾਹ ਕੀਤਾ ਜਾਂਦਾ ਹੈ, ਇਹੀ ਜ਼ਹਿਰੀਲੇ ਕਣ, ਫ਼ਸਲਾਂ ਜ਼ਰੀਏ ਮਨੁੱਖੀ ਸਰੀਰ ਵਿਚ ਦਾਖ਼ਲ ਹੋ ਚੁੱਕੇ ਹਨ। ਜੈਨੇਟਕਲੀ ਮੋਡੀਫਾਇਡ ਆਰਗੇਨਿਜ਼ਮ (ਜੀ.ਐੱਮ.ਓ.) ਫੂਡ ਦੀ ਬਜਾਏ ਜੈਵਿਕ ਖੇਤੀ ਨੂੰ ਹੁਲਾਰਾ ਦੇਣਾ ਚਾਹੀਦਾ ਹੈ ਤਾਂ ਜੋ ਮਨੁੱਖਤਾ ਕੈਂਸਰ, ਡਾਇਬਟੀਜ਼ ਤੇ ਹੋਰ ਮਾਰੂ ਰੋਗਾਂ ਤੋਂ ਬੱਚ ਸਕੇ।
ਦੂਜੀ ਆਲਮੀ ਜੰਗ ਮਗਰੋਂ ਉਜਾੜਾ, ਅਬਾਦੀ ਦਾ ਜਬਰਨ ਤਬਾਦਲਾ ਤੇ ਜਿਣਸੀ ਸਬੰਧਾਂ ਵਿਚ ਖ਼ਤਰਨਾਕ ਹੱਦ ਤਕ ਤਬਦੀਲੀਆਂ ਆਈਆਂ, ਇਹਦੇ ਲਈ ਜਿਹੜੇ ਕੌਮਾਂਤਰੀ ਕਰਾਰਨਾਮੇ ਜ਼ਿੰਮੇਵਾਰ ਹਨ, ‘ਤੇ ਮੁੜ ਪੜਚੋਲ ਦੀ ਲੋੜ ਹੈ। ਕੋਇਟੋ ਪ੍ਰੋਟੋਕੋਲ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਤੇ ਪੈਰਿਸ ਸਮਝੌਤੇ ਤੋਂ ਭੱਜਣਾ ਮਨੁੱਖਾਂ ਦੀ ਖ਼ੁਰਾਕੀ ਸੁਰੱਖਿਆ ਦੇ ਨੁਕਤੇ ਤੋਂ ਕਤੱਈ ਤੌਰ ‘ਤੇ ਜਾਇਜ਼ ਨਹੀਂ ਹੈ। ਇਸ ਸੰਸਥਾ ਦਾ ਅਖੌਤੀ ‘ਹਰੇ ਇਨਕਲਾਬ’ ਸਬੰਧੀ ਕੀਤੇ ਦਾਅਵਿਆਂ ‘ਤੇ ਕੋਈ ਯਕੀਨ ਨਹੀਂ ਹੈ ਤੇ ਪੂਰਾ ਜ਼ੋਰ ਬਦਲਵੀਂ ਜੈਵਿਕ ਖੇਤੀ ‘ਤੇ ਹੈ।
ਸੁਚੇਤ ਪਾਠਕ ਜਗਿਆਸਾ ਸ਼ਾਂਤ ਕਰਨ ਲਈ [email protected] ‘ਤੇ ਈ-ਮੇਲ ਕਰ ਸਕਦੇ
* ਚਿੱਠੀ ਪੱਤਰੀ ਲਈ ਯਾਦਵਿੰਦਰ,+91 94653 29617
ਸਰੂਪ ਨਗਰ, ਰਾਓਵਾਲੀ, ਪਠਾਨਕੋਟ ਰੋਡ, ਜਲੰਧਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly