ਦੱਖਣੀ ਅਫਰੀਕਾ ਖ਼ਿਲਾਫ਼ ਨਵੀਂ ਸ਼ੁਰੂਆਤ ਲਈ ਉਤਰੇਗਾ ਭਾਰਤ

ਹਰਫ਼ਨਮੌਲਾ ਖਿਡਾਰੀ ਹਾਰਦਿਕ ਪੰਡਿਆ ਦੀ ਕੌਮਾਂਤਰੀ ਕ੍ਰਿਕਟ ਵਿੱਚ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਵਾਪਸੀ ਕਰਕੇ ਸੰਤੁਲਿਤ ਹੋਈ ਭਾਰਤੀ ਟੀਮ ਵੀਰਵਾਰ ਤੋਂ ਦੱਖਣੀ ਅਫ਼ਰੀਕਾ ਖ਼ਿਲਾਫ਼ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਵਿੱਚ ਨਿਊਜ਼ੀਲੈਂਡ ਦੌਰੇ ਦੀ ਨਿਰਾਸ਼ਾ ਨੂੰ ਭੁਲਾ ਕੇ ਅੱਗੇ ਵਧਣਾ ਚਾਹੇਗੀ। ਨੋਵੇਲ ਕਰੋਨਾਵਾਇਰਸ ਦੇ ਵਧਦੇ ਖ਼ਤਰੇ ਤੇ ਮੀਂਹ ਪੈਣ ਦੇ ਖ਼ਦਸ਼ਿਆਂ ਦਰਮਿਆਨ ਸ਼ੁਰੂ ਹੋ ਰਹੀ ਇਸ ਲੜੀ ਲਈ ਭਾਰਤੀ ਟੀਮ ਵਿੱਚ ਪੰਡਿਆ ਦੀ ਵਾਪਸੀ ਨਾਲ ਕਪਤਾਨ ਵਿਰਾਟ ਕੋਹਲੀ ਨੂੰ ਬਿਹਤਰ ਬਦਲ ਮਿਲਣਗੇ। ਭਾਰਤੀ ਟੀਮ ਨਿਊਜ਼ੀਲੈਂਡ ਖ਼ਿਲਾਫ਼ ਖੇਡੀ ਇਕ ਰੋਜ਼ਾ ਲੜੀ ’ਚ 0-3 ਦੀ ਸ਼ਿਕਸਤ ਤੋਂ ਉਭਰਨ ਦੀ ਕੋਸ਼ਿਸ਼ ਕਰੇਗੀ।
ਪੰਡਿਆ ਨੇ ਪਿਛਲਾ ਇਕ ਰੋਜ਼ਾ ਕੌਮਾਂਤਰੀ ਮੈਚ ਮਾਨਚੈਸਟਰ ਵਿੱਚ ਨਿਊਜ਼ੀਲੈਂਡ ਖਿਲਾਫ਼ ਵਿਸ਼ਵ ਕੱਪ ਸੈਮੀ ਫਾਈਨਲ ਦੇ ਰੂਪ ਵਿੱਚ ਖੇਡਿਆ ਸੀ ਤੇ ਉਹਦਾ ਆਖਰੀ ਕੌਮਾਂਤਰੀ ਮੈਚ ਪਿਛਲੇ ਸਾਲ ਸਤੰਬਰ ਵਿੱਚ ਬੰਗਲੂਰੂ ਵਿਚ ਦੱਖਣੀ ਅਫ਼ਰੀਕਾ ਖ਼ਿਲਾਫ਼ ਟੀ-20 ਮੁਕਾਬਲਾ ਸੀ। ਪੰਡਿਆ ਨੇ ਡੀਵਾਈ ਪਾਟਿਲ ਕਾਰਪੋਰੇਟ ਕੱਪ ਵਿੱਚ ਗੇਂਦ ਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੌਮੀ ਟੀਮ ਵਿੱਚ ਵਾਪਸੀ ਕੀਤੀ ਹੈ। ਕਪਤਾਨ ਵਿਰਾਟ ਕੋਹਲੀ ਤੇ ਕੋਚ ਰਵੀ ਸ਼ਾਸਤਰੀ ਪਹਿਲਾਂ ਹੀ ਸਾਫ਼ ਕਰ ਚੁੱਕੇ ਹਨ ਕਿ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਇਕ ਰੋਜ਼ਾ ਕੌਮਾਂਤਰੀ ਮੁਕਾਬਲਾ ਉਨ੍ਹਾਂ ਦੀਆਂ ਤਰਜੀਹਾਂ ’ਚ ਸ਼ੁਮਾਰ ਨਹੀਂ, ਪਰ ਟੀਮ ਇੰਡੀਆ ਦੱਖਣੀ ਅਫ਼ਰੀਕਾ ਦੀ ਗੈਰ-ਤਜਰਬੇਕਾਰ ਟੀਮ ਖ਼ਿਲਾਫ਼ ਇਕ ਹੋਰ ਲੜੀ ਗੁਆਉਣ ਦੀ ਸਥਿਤੀ ਵਿੱਚ ਨਹੀਂ ਹੈ। ਦੱਖਣੀ ਅਫ਼ਰੀਕਾ ਨੇ ਆਪਣੀ ਹੀ ਧਰਤੀ ’ਤੇ ਆਸਟਰੇਲੀਆ ਨੂੰ 3-0 ਨਾਲ ਹਰਾਇਆ ਸੀ।
ਭਾਰਤੀ ਟੀਮ ਲਗਾਤਾਰ ਪੰਜ ਕੌਮਾਂਤਰੀ ਮੈਚ (ਜਿਸ ਵਿਚ ਦੋ ਟੈਸਟ ਮੈਚ ਵੀ ਸ਼ਾਮਲ ਹਨ) ਹਾਰ ਚੁੱਕੀ ਹੈ ਤੇ ਕਪਤਾਨ ਕੋਹਲੀ ਵੀ ਖ਼ਰਾਬ ਲੈਅ ਵਿੱਚ ਹੈ। ਕੋਹਲੀ, ਜੋ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਮੈਚਾਂ ਵਿੱਚ ਮਹਿਜ਼ 75 ਦੌੜਾਂ ਹੀ ਬਣਾ ਸਕਿਆ ਸੀ, ਆਪਣੇ ਆਲੋਚਕਾਂ ਦਾ ਮੂੰਹ ਬੰਦ ਕਰਨ ਲਈ ਬੇਤਾਬ ਹੈ। ਪੰਡਿਆ ਤੋਂ ਇਲਾਵਾ ਫਿੱਟ ਹੋ ਚੁੱਕੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (ਮੋਢੇ ਦੀ ਸੱਟ) ਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ (ਸਪੋਰਟਸ ਹਰਨੀਆ) ਦੀ ਵਾਪਸੀ ਨਾਲ ਭਾਰਤੀ ਟੀਮ ਕਾਗਜ਼ਾਂ ’ਤੇ ਦੱਖਣੀ ਅਫ਼ਰੀਕਾ ਖ਼ਿਲਾਫ਼ ਜਿੱਤ ਦੀ ਪ੍ਰਬਲ ਦਾਅਵੇਦਾਰ ਹੈ। ਮਹਿਮਾਨ ਟੀਮ ਕੋਲ ਹਾਲਾਂਕਿ ਕੁਇੰਟਨ ਡੀਕਾਕ, ਫਾਫ ਡੂਪਲੈਸਿਸ ਤੇ ਡੇਵਿਡ ਮਿੱਲਰ ਜਿਹੇ ਤਜਰਬੇਕਾਰ ਖਿਡਾਰੀ ਮੌਜੂਦ ਹਨ। ਧਵਨ, ਭੁਵਨੇਸ਼ਵਰ ਤੇ ਪੰਡਿਆ ਦਾ ਆਖਰੀ ਗਿਆਰਾਂ ਵਿੱਚ ਖੇਡਣਾ ਲਗਪਗ ਤੈਅ ਹੈ ਜਦੋਂਕਿ ਕੇਦਾਰ ਜਾਧਵ ਦੇ ਬਾਹਰ ਹੋਣ ਨਾਲ ਮਨੀਸ਼ ਪਾਂਡੇ ਨੂੰ 6ਵੇਂ ਨੰਬਰ ’ਤੇ ਵਧੇਰੇ ਮੌਕੇ ਮਿਲ ਸਕਦੇ ਹਨ। ਰੋਹਿਤ ਪਿੰਜਨੀ ਦੀ ਸੱਟ ਤੋਂ ਉਭਰਨ ਵਿੱਚ ਨਾਕਾਮ ਰਿਹਾ ਹੈ ਤੇ ਧਵਨ ਦੀ ਵਾਪਸੀ ਨਾਲ ਸਿਖਰਲੇ ਕ੍ਰਮ ਨੂੰ ਲੋੜੀਂਦਾ ਤਜਰਬਾ ਮਿਲੇਗਾ। ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਦੌਰਾਨ ਮੋਢੇ ਦੀ ਸੱਟ ਕਰਕੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਇਸ ਲੜੀ ਲਈ ਆਰਾਮ ਦਿੱਤਾ ਗਿਆ ਹੈ। ਧਰਮਸ਼ਾਲਾ ਦੀ ਤੇਜ਼ ਗੇਂਦਬਾਜ਼ੀ ਲਈ ਮੁਆਫ਼ਕ ਪਿੱਚ ’ਤੇ ਰਵਿੰਦਰ ਜਡੇਜਾ ਟੀਮ ਵਿਚ ਇਕਲੌਤੇ ਸਪਿੰਨਰ ਹੋ ਸਕਦੇ ਹਨ। ਟੀਮ ਮੈਨੇਜਮੈਂਟ ਕੋਲ ਹਾਲਾਂਕਿ ਕੁਲਦੀਪ ਯਾਦਵ ਦਾ ਬਦਲ ਮੌਜੂਦ ਹੈ।

Previous articleਕਰਜ਼ੇ ਕਾਰਨ ਔਰਤ ਵੱਲੋਂ ਖ਼ੁਦਕੁਸ਼ੀ
Next articleਮਨੀਸ਼ ਕੌਸ਼ਿਕ ਨੇ ਟੋਕੀਓ ਦਾ ਟਿਕਟ ਕਟਾਇਆ