ਪਟਿਆਲਾ (ਸਮਾਜ ਵੀਕਲੀ): ਦੋ ਪਿਸਤੌਲਾਂ ਤੇ ਖੋਹੀ ਕਾਰ ਸਣੇ ਗ੍ਰਿਫ਼ਤਾਰ ਕੀਤੇ ਦੋ ਗੈਂਗਸਟਰਾਂ ਦੇ ਮਾਮਲੇ ਨੂੰ ਲੈ ਕੇ ਪਟਿਆਲਾ ਪੁਲੀਸ ਨੇ 43 ਕੇਸਾਂ ਦਾ ਸਾਹਮਣਾ ਕਰ ਰਹੇ ‘ਏ’ ਵਰਗ ਦੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਵੀ ਨਾਭਾ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟਾਂ ’ਤੇ ਲਿਆ ਕੇ ਉਸ ਦਾ 17 ਤੱਕ ਦਾ ਪੁਲੀਸ ਰਿਮਾਂਡ ਲੈ ਲਿਆ ਹੈ। ਇਸ ਦੌਰਾਨ ਉਸ ਕੋਲ਼ੋਂ ਵੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸੀਆਈਏ ਸਟਾਫ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਦੀ ਟੀਮ ਨੇ ਤਿੰਨ ਦਿਨ ਪਹਿਲਾਂ ਗੱਗੀ ਲਾਹੌਰੀਆ ਵਾਸੀ ਅਬੋਹਰ ਅਤੇ ਕੁਲਵੰਤ ਜੱਗੂ ਵਾਸੀ ਪੱਕੀ ਟਿੱਬੀ (ਮੁਕਤਸਰ) ਨੂੰ ਗ੍ਰਿਫ਼ਤਾਰ ਕੀਤਾ ਸੀ। ਪਟਿਆਲਾ ਖੇਤਰ ’ਚੋਂ ਕਾਰ ਖੋਹ ਕੇ ਭਜਦਿਆਂ ਦਾ ਪਿੱਛਾ ਕਰਦਿਆਂ ਪਟਿਆਲਾ ਪੁਲੀਸ ਨੇ ਦੋਵਾਂ ਨੂੰ ਦੋਰਾਹੇ ਕੋਲ਼ ਜਾ ਦਬੋਚਿਆ ਸੀ। ਉਨ੍ਹਾਂ ਕੋਲ਼ੋਂ ਦੋ ਪਿਸਤੌਲ ਵੀ ਬਰਾਮਦ ਹੋਏ ਸਨ।
ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਉਸ ਦਿਨ ਦਾਅਵਾ ਕੀਤਾ ਸੀ ਕਿ ਜੇਲ੍ਹ ਵਿੱਚ ਬੈਠਿਆਂ ਹੀ ਬਾਬਾ ਫਿਰੌਤੀਆਂ ਲੈਣ ਲਈ ਗਰੋਹ ਤਿਆਰ ਕਰ ਰਿਹਾ ਹੈ। ਇਸ ਕੜੀ ਵਜੋਂ ਗਰੋਹ ’ਚ ਭਰਤੀ ਕੀਤੇ ਇਨ੍ਹਾਂ ਗੈਂਗਸਟਰਾਂ ਨੇ ਹਿਮਾਚਲ ਪ੍ਰਦੇਸ਼ ਦੇ ਬੱਦੀ ਸ਼ਹਿਰ ਨਾਲ਼ ਸਬੰਧਤ ਕਾਰੋਬਾਰੀ ਵੱਲੋਂ ਮੋਟੀ ਫਿਰੌਤੀ ਤੋਂ ਇਨਕਾਰ ਕਰਨ ’ਤੇ ਉਸ ਦੇ ਦਫ਼ਤਰ ’ਤੇ ਫਾਇਰਿੰਗ ਵੀ ਕੀਤੀ ਸੀ। ਬਾਬੇ ਕੋਲ਼ੋਂ ਪੰਦਰਾਂ ਕੁ ਦਿਨ ਪਹਿਲਾਂ ਨਾਭਾ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਬਰਾਮਦ ਕੀਤਾ ਗਿਆ ਮੋਬਾਈਲ ਫੋਨ ਵੀ ਪੁਲੀਸ ਲਈ ਪਾਏਦਾਰ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਜ਼ਮਾਂ ਨੂੰ 15 ਨੂੰ ਅਦਾਲਤ ਵਿਚ ਪੇੇਸ਼ ਕਰ ਕੇ ਹੋਰ ਰਿਮਾਂਡ ਮੰਗਿਆ ਜਾਵੇਗਾ।