ਅੰਮ੍ਰਿਤਸਰ (ਸਮਾਜਵੀਕਲੀ) : ਜ਼ਿਲ੍ਹਾ ਦਿਹਾਤੀ ਪੁਲੀਸ ਨੇ ਦੋ ਖਾਲਿਸਤਾਨੀ ਅਤਿਵਾਦੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਦੀ ਪੰਜਾਬ ਵਿਚ ‘ਟਾਰਗੈੱਟ ਕਿਲਿੰਗ’ ਦੀ ਯੋਜਨਾ ਸੀ। ਇਹ ਖੁਲਾਸਾ ਡੀਜੀਪੀ ਦਿਨਕਰ ਗੁਪਤਾ ਵੱਲੋਂ ਕੀਤਾ ਗਿਆ ਹੈ।
ਪੁਲੀਸ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਗੁਰਮੀਤ ਸਿੰਘ ਅਤੇ ਵਿਕਰਮ ਸਿੰਘ ਵਜੋਂ ਹੋਈ ਹੈ। ਊਨ੍ਹਾਂ ਕੋਲੋਂ ਪੁਲੀਸ ਨੇ ਜਰਮਨੀ ਦੀ ਬਣੀ ਹੋਈ ਐੱਮਪੀ 5 ਸਬ ਮਸ਼ੀਨਗੰਨ, 9 ਐੱਮਐੱਮ ਦੀ ਪਿਸਤੌਲ, ਚਾਰ ਮੈਗਜ਼ੀਨ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਕਈ ਫੋਟੋਆਂ, ਮੈਸੇਜ ਅਤੇ ਗੱਲਬਾਤ ਦੇ ਵੇਰਵੇ ਵੀ ਮਿਲੇ ਹਨ ਜੋ ਉਨ੍ਹਾਂ ਪਾਕਿਸਤਾਨ ਵਿਚ ਬੈਠੇ ਯੋਜਨਾ ਘਾੜਿਆਂ ਨਾਲ ਸਾਂਝੇ ਕੀਤੇ ਸਨ।
ਡੀਜੀਪੀ ਨੇ ਦੱਸਿਆ ਕਿ ਦੋਵਾਂ ਨੂੰ ਅਗਾਊਂ ਸੂਚਨਾ ਦੇ ਆਧਾਰ ’ਤੇ ਵੀਰਵਾਰ ਦੇਰ ਰਾਤ ਜੀਟੀ ਰੋਡ ’ਤੇ ਇਕ ਢਾਬੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿਚ ਸ਼ਾਮਲ ਗੁਰਮੀਤ ਸਿੰਘ (44) ਸੁਲਤਾਨਵਿੰਡ ਰੋਡ ਦੀ ਗੰਡਾ ਸਿੰਘ ਕਾਲੋਨੀ ਦਾ ਵਸਨੀਕ ਹੈ। ਮੁੱਢਲੀ ਪੁੱਛ-ਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਪਾਕਿਸਤਾਨ ਵਿਚ ਬੈਠੇ ਵਿਅਕਤੀਆਂ ਨਾਲ ਉਸ ਨੇ ਕਈ ਤਸਵੀਰਾਂ ਅਤੇ ਵੁਆਇਸ ਮੈਸੇਜ ਸਾਂਝੇ ਕੀਤੇ ਹਨ। ਉਨ੍ਹਾਂ ਵੱਲੋਂ ਹੀ ਭੇਜੇ ਗਏ ਹਥਿਆਰ ਦੱਸੀ ਗਈ ਥਾਂ ਤੋਂ ਪ੍ਰਾਪਤ ਹੋਏ ਹਨ।
ਉਨ੍ਹਾਂ ਨੂੰ ਆਦੇਸ਼ ਦਿੱਤੇ ਗਏ ਸਨ ਕਿ ਪੰਜਾਬ ਵਿਚ ਅਤਿਵਾਦੀ ਗਤੀਵਿਧੀਆਂ ਚਲਾ ਕੇ ਇਕ ਖਾਸ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਵੇ। ਇਹ ਵਿਅਕਤੀ ਤਿੰਨ ਸਾਲ ਪਹਿਲਾਂ ਪਾਕਿਸਤਾਨ ਗਿਆ ਸੀ ਅਤੇ ਉਥੇ ਇਨ੍ਹਾਂ ਵਿਅਕਤੀਆਂ ਨੂੰ ਮਿਲਿਆ ਸੀ। ਉਸ ਖਿਲਾਫ਼ ਪਹਿਲਾਂ ਇਕ ਧੋਖਾਧੜੀ ਦਾ ਮਾਮਲਾ ਥਾਣਾ ਬੀ ਡਿਵੀਜ਼ਨ ’ਚ ਦਰਜ ਹੈ। ਉਨ੍ਹਾਂ ਦੱਸਿਆ ਕਿ ਖਾੜਕੂ ਮੋਬਾਈਲ ਫੋਨ ਰਾਹੀਂ ਪਾਕਿਸਤਾਨ ਵਿਚ ਬੈਠੇ ਭਾਰਤ ਵਿਰੋਧੀ ਵਿਅਕਤੀਆਂ ਅਤੇ ਆਈਐੱਸਆਈ ਨਾਲ ਲਗਾਤਾਰ ਸੰਪਰਕ ਵਿਚ ਸੀ।
ਡੀਜੀਪੀ ਨੇ ਆਖਿਆ ਕਿ ਦੋਹਾਂ ਕੋਲੋਂ ਪੁੱਛ-ਗਿੱਛ ਕਰਕੇ ਹੋਰ ਸੰਪਰਕ ਸੂਤਰਾਂ ਬਾਰੇ ਪਤਾ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਪੰਜਾਬ ਵਿਚ ਅਤਿਵਾਦ ਨੂੰ ਸੁਰਜੀਤ ਕਰਨ ਦੇ ਯਤਨ ਨਿਰੰਤਰ ਜਾਰੀ ਹਨ ਪਰ ਪੰਜਾਬ ਪੁਲੀਸ ਸਮੁੱਚੀ ਸਥਿਤੀ ’ਤੇ ਬਾਜ ਅੱਖ ਰੱਖ ਰਹੀ ਹੈ। ਕਿਸੇ ਨੂੰ ਵੀ ਸੂਬੇ ਦੀ ਅਮਨ ਸ਼ਾਂਤੀ ਭੰਗ ਕਰਨ ਅਤੇ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।