(ਸਮਾਜ ਵੀਕਲੀ)
ਰੇਲਵੇ ਸਟੇਸ਼ਨ ਬਰਾੜਾ ਕੇ ਪਲੇਟਫਾਰਮ ਉੱਤੇ ਨੇੜਲੇ ਪਿੰਡ ਦੇ ਦੋ ਅਧਖੜ ਜੱਟ ਰੋਜ਼ ਸ਼ਾਮ ਨੂੰ ਅਧੀਆ ਪਊਆ ਲਾ ਕਾ ਹਰ ਮੋਢੇ ਪਾ ਬੰਦੂਕ ਟੰਗ ਕਾ ਮੋਟਰਸਾਈਕਲ ਤੇ ਗੇੜਾ ਮਾਰਦੇ ਤੇ ਖਰੀ ਕਰਦੇ। ਬਾਣੀਆਂ ਦੇ ਚੜ੍ਹਦੀ ਉਮਰ ਦੇ ਦੋ ਮੁੰਡੇ ਵੀ ਰੋਜ਼ ਸ਼ਾਮ ਨੂੰ ਹਵਾ ਪਾਣੀ ਬਦਲਣ ਲਈ ਪਲੇਟਫਾਰਮ ਤੇ ਚਹਿਲ ਕਦਮੀ ਕਰਦੇ। ਆਮਤੌਰ ਤੇ ਪਿੰਡਾਂ ਦੇ ਬਹੁਤੇ ਸਟੇਸ਼ਨ ਖੁੱਲੇ ਹੀ ਹੁੰਦੇ ਹਨ ਜਿਨ੍ਹਾਂ ਤੇ ਆਉਣ ਜਾਣ ਲਈ ਕੋਈ ਬਹੁਤੀ ਪਾਬੰਦੀ ਨਹੀਂ ਹੁੰਦੀ।
ਬਾਣੀਆਂ ਦੇ ਮੁੰਡੇ ਉਨ੍ਹਾਂ ਅਧਖੜ੍ਹ ਜੱਟਾਂ ਨੂੰ ਪਲੇਟਫਾਰਮ ਤੇ ਗੇੜੀ ਮਾਰਦਿਆਂ ਦੇਖ ਕੇ ਆਪਸ ਵਿੱਚ ਗੱਲਾਂ ਕਰਦੇ।
ਇੱਕ ਕਹਿੰਦਾ , ” ਪਤਾ ਨਹੀਂ ਸਾਲਿਆਂ ਦੇ ਘਰ ਰੋਟੀ ਪੱਕਦੀ ਵੀ ਹੈ ਕਿ ਨਹੀਂ , ਇੱਥੇ ਦੇਖ ਕਿਵੇਂ ਡਾਕੂ ਸ਼ੇਰ ਸਿੰਘ ਵਾਂਗ ਘੋੜਾ ਬੀੜੀਂ ਬੁੜਕਦੇ ਫਿਰਦੇ ਆ। ”
ਦੂਜਾ ਕਹਿੰਦਾ , ” ਹਮੇ ਬਾਣੀਆਂ ਕੇ ਵਾਰਿਸ, ਪੈਸੇ ਤੜੇ ਕੀ ਕੋਈ ਦਿੱਕਤ ਨੀ, ਫੇਰ ਵੀ ਹਮ ਸਟੇਸ਼ਨ ਪਾ ਮੰਗਤਿਆਂ ਕੀ ਤਰਾਂ ਬੈਠ ਕਾ ਮੁੜ ਜਾਂ।” ਜਿਵੇਂ ਉਹ ਆਪਣੇ ਆਪ ਨੂੰ ਬਾਣੀਆਂ ਕੇ ਘਰ ਜੰਮਣ ਪਾ ਲਾਹਨਤਾਂ ਪਾਉਂਦੇ।
ਦੁਨਾਲੀ ਮੋਢੇ ਉੱਤੇ ਰੱਖੀਂ ਡਾਕੂਆਂ ਵਾਂਗ ਗੱਜਦੇ ਪਿੰਡ ਵਾਲੇ ਅਧਖੜ੍ਹ ਜੱਟਾਂ ਦੇ ਸਟੇਸ਼ਨ ਦੇ ਪਲੇਟਫਾਰਮ ਉਤਲੇ ਗੇੜੇ ਉਨ੍ਹਾਂ ਨੂੰ ਆਪਣੀ ਹਿੱਕ ਉਤੋਂ ਦੀ ਲੰਘਦੇ ਜਾਪਦੇ। ਬਾਣੀਆਂ ਦੇ ਜਵਾਨ ਮੁੰਡੇ ਵਿਚਾਰੇ ਮਨ ਮਸੋਸ ਕੇ ਰਹਿ ਜਾਂਦੇ।
ਬਹੁਤੇ ਅੱਕੇ ਹੋਇਆਂ ਨੇ ਇੱਕ ਦਿਨ ਘਰ ਵਿੱਚ ਆਪਣੇ ਆਪਣੇ ਬਾਪੂਆਂ ਨਾਲ ਆਪਣਾ ਦਰਦ ਸਾਂਝਾ ਕਰਦਿਆਂ ਦੁਨਾਲੀ ਲਿਆਉਣ ਦੀ ਫਰਿਆਦ ਕੀਤੀ। ਕਰ ਕਰਾ ਕੇ ਥੋੜੇ ਦਿਨਾਂ ਵਿੱਚ ਹੀ ਮੁੰਡਿਆਂ ਦੀ ਗੱਲ ਤਾਂ ਬਣ ਗਈ ਪਰ ਬਾਣੀਆਂ ਨੇ ਡਰਦੇ ਡਰਦੇ ਉਨ੍ਹਾਂ ਨੂੰ ਦੁਨਾਲੀ ਦਵਾ ਕੇ ਸੌ ਹਿਦਾਇਤਾਂ ਕੀਤੀਆਂ।
ਸਲਾਨਾ ਇਮਤਿਹਾਨਾਂ ਤੋਂ ਬਾਅਦ ਪਾੜੂ ਮੁੰਡੇਆਂ ਨੇ ਇੱਕ ਸ਼ਾਮ ਗਲ਼ ਵਿੱਚ ਦੁਨਾਲੀ ਦਾ ਪਟਾ ਪਾ , ਮੋਟਰਸਾਈਕਲ ਉਤੇ ਸਵਾਰ ਹੋ ਕੇ ਪਲੇਟਫਾਰਮ ਦਾ ਗੇੜਾ ਕੱਢ ਮਾਰਿਆ। ਅਧਖੜ੍ਹ ਜੱਟਾਂ ਨੇ ਜਦੋਂ ਬਾਣੀਆਂ ਦੇ ਮੁੰਡਿਆਂ ਨੂੰ ਸਣੇ ਦੁਨਾਲੀ ਪਲੇਟਫਾਰਮ ਉੱਤੇ ਘੁੰਮਦੇ ਦੇਖਿਆ ਤਾਂ ਉਨ੍ਹਾਂ ਨੂੰ ਆਪਣੀ ਸਲਤਨਤ ਤੇ ਸਰਦਾਰੀ ਖ਼ਤਰੇ ਵਿੱਚ ਨਜ਼ਰ ਆਉਂਦੀ ਲੱਗੀ।
ਅਗਲੇ ਦਿਨ ਦੋਹਾਂ ਨੇ ਜ਼ਰਾ ਸਹਾਰ ਕੇ ਛਿੱਟ ਲਾਈ ਤੇ ਬਾਣੀਆਂ ਕੇ ਮੁੰਡਿਆਂ ਸਾਹਮਣੇ ਜਾ ਖੜੇ ਹੋਏ।
” ਰੈ ! ਕਿਆ ਯੋ ? ”
“ਦੁਨਾਲੀ ਆ , ਹੋਰ ਕਿਆ ।”
“ਕਿਆ ਕਰਾਂ ਗੇ ਇਸਕੀ ਗੈਲ ? ” ਅਧਖੜ੍ਹਾਂ ਨੇ ਪੁੱਛਿਆ।
” ਰਾਖੀ ਕਰਾਂ ਗੇ ਆਪਣੀ, ਹੋਰ ਕਿਆ। ” ਬਾਣੀਆਂ ਕੇ ਛਲਾਰੂ ਹੌਲੀ ਦੇਣੀ ਬੋਲੇ ।
ਇੱਕ ਅਧਖੜ ਜੱਟ ਨੇ ਆਪਣੀ ਛਾਤੀ ਸਾਹਮਣੇ ਕਰਕੇ ਕਿਹਾ ,” ਲੈ ! ਮਾਰ ਗੋਲੀ। ”
ਬਾਣੀਆਂ ਦੇ ਮੁੰਡਿਆਂ ਵਿਚਾਰਿਆਂ ਦੇ ਹੱਥ ਕੰਬਣ ਲੱਗੇ।ਜੱਟ ਨੇ ਬੜਕ ਮਾਰ ਕੇ ਬਾਣੀਏ ਦੇ ਮੁੰਡੇ ਦੇ ਕੱਸ ਕੇ ਚਪੇੜ ਕੱਢ ਮਾਰੀ ।
” ਸਾਲੇ ਦੁਨਾਲੀ ਕੇ ਹੋਏ। ਹੱਥਾਂ ਗੈਲ ਨੀ ਚਲਦੀ ਯੋ, ਇਸਨੂੰ ਚਲਾਣੇ ਬਾਸਤਾ ਚੁੱਤੜਾਂ ਮਾ ਗੂੰਹ ਚਾਹੀਦਾ।” ਖ਼ਬਰਦਾਰ ਜੇ ਕੱਲ ਤੇ ਦਿਖੇ ਉਰਾ।
ਉਨ੍ਹਾਂ ਨੂੰ ਲੱਗਿਆ ਜਿਵੇਂ ਆਪਣੀ ਸਰਦਾਰੀ ਦੇ ਲੁੱਟੇ ਜਾ ਰਹੇ ਕਿਲੇ ਤੇ ਮੁੜ ਫਤਿਹ ਪਾ ਲਈ ਹੋਵੇ।
ਗੁਰਮਾਨ ਸੈਣੀ
ਰਾਬਤਾ : 9256346906
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly