ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਵਿੱਚ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ 9,19,023 ਹੈ, ਜੋ ਕਿ ਦੇਸ਼ ਦੇ ਕੁੱਲ ਕੇਸਾਂ ਦਾ ਕੇਵਲ 13.75 ਫ਼ੀਸਦ ਹੈ। ਮੰਤਰਾਲੇ ਅਨੁਸਾਰ ਦੇਸ਼ ਵਿੱਚ ਹੌਲੀ-ਹੌਲੀ ਲਗਾਤਾਰ ਸਰਗਰਮ ਕੇਸਾਂ ਦੀ ਪ੍ਰਤੀਸ਼ਤਤਾ ਘਟ ਰਹੀ ਹੈ। ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਹੁਣ ਤੱਕ ਕੁੱਲ 56,62,490 ਲੋਕ ਲਾਗ ਤੋਂ ਊੱਭਰ ਚੁੱਕੇ ਹਨ ਅਤੇ ਇਹ ਗਿਣਤੀ ਸਰਗਰਮ ਕੇਸਾਂ ਨਾਲੋਂ 47,43,467 ਵੱਧ ਹੈ। ਵਧੇਰੇ ਲੋਕਾਂ ਦੇ ਲਾਗ ਦੇ ਊਭਰਨ ਨਾਲ ਕੌਮੀ ਸਿਹਤਯਾਬੀ ਦਰ ਵਧ ਕੇ 84.70 ਫੀਸਦ ਹੋ ਗਈ ਹੈ।
ਪਿਛਲੇ 24 ਘੰਟਿਆਂ ਵਿੱਚ ਕੁੱਲ 75,787 ਲੋਕ ਕਰੋਨਾਵਾਇਰਸ ਲਾਗ ਤੋਂ ਊੱਭਰੇ ਹਨ ਜਦਕਿ ਇਸੇ ਸਮੇਂ ਦੌਰਾਨ 61,267 ਨਵੇਂ ਕੇਸ ਸਾਹਮਣੇ ਆਏ ਹਨ। ਮੰਤਰਾਲੇ ਨੇ ਜ਼ੋਰ ਦੇ ਕੇ ਕਿਹਾ ਕਿ 25 ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ ਨਵੇਂ ਕੇਸਾਂ ਨਾਲੋਂ ਵਧੀ ਹੈ। ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦਰਜ ਕੀਤੇ ਨਵੇਂ 61,267 ਕੇਸਾਂ ’ਚੋਂ 75 ਫੀਸਦ 10 ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਤੋਂ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 10 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਜਦਕਿ ਕਰਨਾਟਕ ਵਿੱਚ ਸੱਤ ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ। ਕਰੋਨਾਵਾਇਰਸ ਕਾਰਨ ਪਿਛਲੇ 24 ਘੰਟਿਆਂ ਵਿੱਚ ਹੋਈਆਂ 814 ਮੌਤਾਂ ’ਚੋਂ ਕਰੀਬ 80 ਫੀਸਦ 10 ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਨ। ਸਭ ਤੋਂ ਵੱਧ 263 ਨਵੀਆਂ ਮੌਤਾਂ ਮਹਾਰਾਸ਼ਟਰ ਵਿੱਚ ਹੋਈਆਂ ਹਨ।