ਨਵੀਂ ਦਿੱਲੀ (ਸਮਾਜ ਵੀਕਲੀ) : ਜਨਤਕ ਖੇਤਰ ਦੀਆਂ ਦੋ ਹੋਰ ਬੈਂਕਾਂ ਦੇ ਨਿੱਜੀਕਰਨ ਦੀ ਤਜਵੀਜ਼ ਦੇ ਵਿਰੋਧ ’ਚ ਸਰਕਾਰੀ ਬੈਂਕਾਂ ਦੀ ਹੜਤਾਲ ਦੇ ਪਹਿਲੇ ਦਿਨ ਬੈਂਕਾਂ ਦਾ ਕੰਮਕਾਰ ਪ੍ਰਭਾਵਿਤ ਹੋਇਆ। ਹੜਤਾਲ ਕਾਰਨ ਸਰਕਾਰੀ ਬੈਂਕਾਂ ’ਚ ਨਕਦੀ ਕਢਵਾਉਣ, ਜਮ੍ਹਾਂ ਕਰਨ, ਚੈੱਕ ਲਗਾਉਣ ਅਤੇ ਕਾਰੋਬਾਰੀ ਲੈਣ-ਦੇਣ ਪ੍ਰਭਾਵਿਤ ਹੋਇਆ।
ਨੌਂ ਯੂਨੀਅਨਾਂ ਦੀ ਜਥੇਬੰਦੀ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂਐੱਫਬੀਯੂ) ਨੇ 15 ਤੇ 16 ਮਾਰਚ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ। ਯੂਨੀਅਨ ਨੇ ਦਾਅਵਾ ਕੀਤਾ ਕਿ 10 ਲੱਖ ਬੈਂਕ ਮੁਲਾਜ਼ਮ ਅਤੇ ਅਧਿਕਾਰੀ ਇਸ ਹੜਤਾਲ ’ਚ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਪਿਛਲੇ ਮਹੀਨੇ ਪੇਸ਼ ਆਮ ਬਜਟ ’ਚ ਸਰਕਾਰ ਦੀ ਅਪਵੇਸ਼ ਯੋਜਨਾ ਤਹਿਤ ਦੋ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦਾ ਐਲਾਨ ਕੀਤਾ ਸੀ।
ਆਲ ਇੰਡੀਆ ਬੈਂਕ ਆਫੀਸਰਜ਼ ਐਸੋਸੀਏਸ਼ਨ (ੲੇਆਈਬੀਓਸੀ) ਦੇ ਜਨਰਲ ਸਕੱਤਰ ਸੌਮਿਆ ਦੱਤਾ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦਾ ਅਰਥਚਾਰੇ ’ਤੇ ਮਾੜਾ ਅਸਰ ਪਵੇਗਾ। ਇਸ ਦਾ ਨਤੀਜਾ ਸੂਬਿਆਂ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਵੀ ਦਿਖਾਈ ਦੇਵੇਗਾ। ਉਨ੍ਹਾਂ ਕਿਹਾ ਕਿ ਕੁਝ ਸਿਖਰਲੇ ਪੱਧਰ ਦੇ ਕਰਮਚਾਰੀਆਂ ਨੂੰ ਛੱਡ ਕੇ ਬੈਂਕਾਂ ਦੇ ਸਾਰੇ ਮੁਲਾਜ਼ਮ ਇਸ ਦੋ ਰੋਜ਼ਾ ਹੜਤਾਲ ’ਚ ਸ਼ਾਮਲ ਹੋਏ ਹਨ। ਦੱਤਾ ਨੇ ਕਿਹਾ ਕਿ ਹੜਤਾਲ ਨਾਲ ਨਕਦੀ ਨਿਕਾਸੀ-ਜਮ੍ਹਾਂ, ਲੈਣ-ਦੇਣ, ਕਰਜ਼ਾ ਪ੍ਰਕਿਰਿਆ, ਚੈੱਕ ਲਗਾਉਣ ਵਰਗੀਆਂ ਸਾਰੀਆਂ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਹੜਤਾਲੀ ਕਰਮਚਾਰੀ ਨੇ ਦੇਸ਼ ਭਰ ’ਚ ਰੈਲੀਆਂ ਕੀਤੀਆਂ ਤੇ ਧਰਨੇ ਵੀ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਹ ਹੋਰ ਵੱਡਾ ਕਦਮ ਵੀ ਚੁੱਕ ਸਕਦੇ ਹਨ। ਇੱਕ ਬੈਂਕ ਅਧਿਕਾਰੀ ਨੇ ਕਿਹਾ ਕਿ ਅੱਜ ਦੀ ਹੜਤਾਲ ’ਚ ਪਹਿਲੇ, ਦੂਜੇ ਤੇ ਤੀਜੇ ਸਕੇਲ ਦੇ ਸੌ ਫੀਸਦ ਮੁਲਾਜ਼ਮ ਸ਼ਾਮਲ ਹੋੲੇ ਹਨ। ਉੱਧਰ ਨਿੱਜੀ ਖੇਤਰ ਦੀਆਂ ਬੈਂਕਾਂ ਆਈਸੀਆਈਸੀਆਈ, ਐੱਚਡੀਐੱਫਸੀ ਅਤੇ ਐਕਸਿਸ ਬੈਂਕ ਦੀਆਂ ਬ੍ਰਾਂਚਾਂ ਦਾ ਕੰਮਕਾਰ ਆਮ ਵਾਂਗ ਜਾਰੀ ਰਿਹਾ।