(ਸਮਾਜ ਵੀਕਲੀ)- ਪੰਜਾਬ ਦੀ ਮਿੱਟੀ ਸੂਰਬੀਰਾਂ ਪੀਰਾਂ, ਫਕੀਰਾਂ, ਗੁਰੂ-ਸਾਹਿਬਾਨਾਂ ਅਤੇ ਦੇਸ਼ ਭਗਤਾਂ ਨੂੰ ਜਨਮ ਦੇਣ ਸਦਕਾ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿੱਚ ਹੀ ਪਿਆਰ ਅਤੇ ਸਤਿਕਾਰ ਦੀ ਪਾਤਰ ਬਣੀ ਰਹੀ ਹੈ। ਇਹ ਪਾਤਰਤਾ ਇਸ ਦੀ ਬੁਕਲ ਵਿੱਚ ਅੱਠਖੇਲੀਆਂ ਕਰਨ ਵਾਲੇ ਸੰਤਾਂ-ਮਹਾਂਤਮਾਵਾਂ-ਮਰਦ-ਅਗੰਮੜਿਆਂ, ਵਰਿਆਮਾਂ ਅਤੇ ਮਹਾਂਬਲੀਆਂ ਨੇ ਆਪਣੀਆਂ ਵੱਡਮੁੱਲੀਆਂ ਕੁਰਬਾਨੀਆਂ ਨਾਲ ਦਿਵਾਈ ਹੈ। ਇਨ੍ਹਾਂ ਕੁਰਬਾਨੀਆਂ ਦਾ ਆਧਾਰ ਨਿੱਜ ਭਲਾਈ ਨਾਲੋਂ ਸਰਬੱਤ ਦੇ ਭਲੇ ਦੀ ਨਿਰੋਲ ਭਾਵਨਾ ਰਹੀ ਹੈ। ਇਸੇ ਭਾਵਨਾ ਦਾ ਹੀ ਮਾਲਕ ਸੀ ਨਿਸ਼ਕਾਮ ਸਮਾਜ-ਸੇਵਕ ਸ. ਭਗਵਾਨ ਸਿੰਘ ਗੋਇੰਦੀ।
ਸ. ਭਗਵਾਨ ਸਿੰਘ ਗੋਇੰਦੀ ਦਾ ਜਨਮ 22 ਮਈ 1895 ਈ. ਨੂੰ ਪਿੰਡ ਬੰਨ ਬਾਜਵਾ (ਸਿਆਲਕੋਟ) ਦੇ ਬਸ਼ਿੰਦੇ ਸ. ਪ੍ਰੇਮ ਸਿੰਘ ਗੋਇੰਦੀ ਦੇ ਘਰ ਹੋਇਆ। ਪੜ੍ਵ੍ਹਾਈ ਨਾਲੋਂ ਕਮਾਈ ਨੂੰ ਤਰਜੀਹ ਦਿੰਦਿਆਂ ਉਨ੍ਹਾਂ ਨੇ ਉਚੇਰੀ ਤਾਲੀਮ ਨੂੰ ਵਿਚਾਲੇ ਹੀ ਛੱਡ ਦਿੱਤਾ ਅਤੇ ਜੰਗਲਾਤ ਵਿਭਾਗ ਵਿੱਚ ਉਪ-ਰੇਂਜਰ ਦੀ ਨੌਕਰੀ ਕਰ ਲਈ। ਇਸ ਵਿਭਾਗ ਵਿਚਲਾ ਵਾਤਾਵਰਣ ਉਨ੍ਹਾਂ ਦੀ ਪਾਕਿ ਸੋਚ ਦਾ ਹਾਣੀ ਨਾ ਹੋਣ ਕਰਕੇ ਉਨ੍ਹਾਂ ਨੂੰ ਇਸ ਨੌਕਰੀ ਤੋਂ ਅਸਤੀਫਾ ਦੇਣਾ ਪਿਆ, ਪਰ ਉਦਰ-ਜਵਾਲਾ ਨੂੰ ਸ਼ਾਂਤ ਕਰਨ ਦਾ ਮਸਲਾ ਅਜੇ ਵੀ ਉਨ੍ਹਾਂ ਦੇ ਸਾਹਮਣੇ ਖੜ੍ਹਾ ਸੀ। ਇਸ ਮਸਲੇ ਦੇ ਹੱਲ ਲਈ ਗੋਇੰਦੀ ਨੇ ਮੁੜ ਉੱਤਰ ਪ੍ਰਦੇਸ਼ ਦੇ ਸ਼ਹਿਰ ਪ੍ਰਤਾਪਗੜ੍ਹ ਵਿਖੇ ਐਗਰੀਕਲਚਰ ਵਿਭਾਗ ਵਿੱਚ ਖੇਤੀ ਨਿਰੀਖਕ ਦੀ ਮੁਲਾਜ਼ਮਤ ਕਰ ਲਈ। ਜਦੋਂ ਇੱਕ ਇਕੱਠ ਵਿੱਚ ਅੰਗਰੇਜ਼ੀ ਹਕੂਮਤ ਦੇ ਖਿਲਾਫ ਰੋਸ ਪ੍ਰਗਟ ਕਰਨ ਲਈ ਵਿਦੇਸ਼ੀ ਪਹਿਰਾਵਾ ਸਾੜਿਆ ਜਾ ਰਿਹਾ ਸੀ ਤਾਂ ਸ. ਭਗਵਾਨ ਸਿੰਘ ਗੋਇੰਦੀ ਨੇ ਸਰਕਾਰੀ ਨੌਕਰੀ ਹੋਣ ਦੇ ਬਾਵਜੂਦ ਆਪਣੇ ਕੱਪੜੇ ਉਤਾਰ ਕੇ ਅਗਨ ਭੇਂਟ ਕਰ ਦਿੱਤੇ। ਅਰਧ ਨੰਗੇਜ ਹਾਲਤ ਵਿੱਚ ਜਦ ਉਹ ਘਰ ਪਰਤੇ ਤਾਂ ਪਰਿਵਾਰਕ ਮੈਂਬਰਾਂ ਉਨ੍ਹਾਂ ਨੂੰ ਸਾਧੂ ਸੰਤ ਹੀ ਸਮਝ ਗਿਆ। ਉਂਝ ਚਰਿੱਤਰ ਦੇ ਧਨੀ ਹੋਣ ਕਰਕੇ ਉਹ ਕਿਸੇ ਸਾਧੂ ਸੰਤ ਤੋਂ ਘੱਟ ਵੀ ਨਹੀਂ ਸਨ।
ਗਾਂਧੀਵਾਦੀ ਦਰਸ਼ਨ ਦੇ ਧਾਰਨੀ ਹੋਣ ਕਰਕੇ ਭਗਵਾਨ ਸਿੰਘ ਨੇ ਆਪਣੀ ਸਾਰੀ ਉਮਰ ਖੱਦਰ ਪ੍ਰਚਾਰ ਅਤੇ ਦੇਸ਼ ਪਿਆਰ ਵਿੱਚ ਹੀ ਲਗਾ ਦਿੱਤੀ। ਇਸ ਸੇਵਾ ਸਦਕਾ ਉਨ੍ਹਾਂ ਨੂੰ ਪ੍ਰਤਾਪਗੜ੍ਹ ਦੇ ਕਾਂਗਰਸ ਕਮੇਟੀ ਦਾ ਸੈਕਟਰੀ ਥਾਪਿਆ ਗਿਆ।
1921 ਈ. ਵਿੱਚ ਸ. ਭਗਵਾਨ ਸਿੰਘ ਗੋਇੰਦੀ ਨੇ ਸਰਕਾਰੀ ਨੌਕਰੀ ਤਿਆਗ ਦਿੱਤੀ ਅਤੇ ਖਾਦੀ ਨੂੰ ਪ੍ਰਚਾਰਨ ਲੱਗ ਗਏ। ਪੰਜਾਬ ਵਿੱਚ ਖਾਦੀ ਪ੍ਰਚਾਰਨ ਵਾਲੇ ਵਿਅਕਤੀਆਂ ਵਿੱਚ ਉਨ੍ਹਾਂ ਦਾ ਰੋਲ ਮੋਹਰੀ ਸੀ। ਇਸ ਕੰਮ ਵਿੱਚ ਉਨ੍ਹਾਂ ਦੀ ਅਰਧਾਂਗਣੀ ਅਨੰਤ ਕੌਰ ਦਾ ਸਹਿ.ਯੋਗ ਵੀ ਕਾਬਲੇ ਤਾਰੀਫ ਸੀ। ਬੀਬੀ ਜੀ ਨੇ ਆਪਣੇ ਪਿੰਡ ਵਿੱਚ ਖਾਦੀ ਕੇਂਦਰ ਖੋਲ੍ਹ ਕੇ ਜਿੱਥੇ ਆਪਣੇ ਪਿੰਡ ਦੀਆਂ ਤ੍ਰੀਮਤਾਂ ਨੂੰ ਰੁਜ਼ਗਾਰ ਮੁਖੀ ਬਣਾਇਆ ਉੱਥੇ ਦੇਸ਼ ਪਿਆਰ ਦਾ ਵੀ ਸਬੂਤ ਦਿੱਤਾ।
ਪ੍ਰਤਾਪਗੜ੍ਹ ਦੇ ਵਸੇਬੇ ਦੌਰਾਨ ਸ. ਭਗਵਾਨ ਸਿੰਘ ਗੋਇੰਦੀ ਦਾ ਮਿਲਾਪ ਪੰਡਤ ਜਵਾਹਰ ਲਾਲ ਨਹਿਰੂ ਨਾਲ ਹੋਇਆ ਜੋ ਡੂੰਘੀ ਮਿੱਤਰਤਾ ਵਿੱਚ ਬਦਲ ਗਿਆ। ਪੰਡਿਤ ਜੀ ਦੇ ਕਹਿ ਲੱਗ ਕੇ ਸ. ਭਗਵਾਨ ਸਿੰਘ ਗੋਇੰਦੀ ਜੀ ਨੇ ਆਪਣੇ ਕੰਮ ਦੀ ਇੱਕ ਸ਼ਾਖਾ ਇਲਾਹਾਬਾਦ ਵਿਖੇ ਵੀ ਖੋਲ੍ਹ ਦਿੱਤੀ, ਜੋ ਡੀ.ਜੇ. ਲਵ ਐਂਡ ਕੰਪਨੀ ਦੇ ਨਾਂਅ ਨਾਲ ਚਲਦੀ ਰਹੀ।
ਦੁਨੀਆ ਦੀ ਦੂਜੀ ਵੱਡੀ ਲੜਾਈ ਦੌਰਾਨ ਅੰਗਰੇਜ਼ ਸਰਕਾਰ ਨੇ ਵਾਰ ਵੰਡ ਦੇ ਨਾਂਅ ਹੇਠ ਖੇਡਾਂ ਦੀਆਂ ਦੁਕਾਨਾਂ ਤਿੰਨ ਫੀਸਦੀ ਕਟੌਤੀ ਲਗਾਈ ਤਾਂ ਸ. ਭਗਵਾਨ ਸਿੰਘ ਗੋਇੰਦੀ ਨੇ ਇਹ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਖੁਸ਼ ਹੋ ਕੇ ਪੰਡਤ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਨੂੰ ਇੱਕ ਚਿੱਠੀ ਲਿਖੀ, ਜਿਸ ਵਿੱਚ ਉਨ੍ਹਾਂ ਦੇ ਇਸ ਫੈਸਲੇ ਦੀ ਭਰਪੂਰ ਸ਼ਲਘਾ ਕੀਤੀ ਗਈ। ਉਨ੍ਹਾਂ ਨੇ ਸਰਕਾਰ ਦੇ ਨਜਾਇਜ਼ ਹੁਕਮਾਂ ਅੱਗੇ ਝੁਕਣ ਦੀ ਬਜਾਏ ਨੁਕਸਾਨ ਕਬੂਲਣ ਨੂੰ ਪਹਿਲ ਦਿੱਤੀ।
1942 ਈ. ਦੇ ਭਾਰਤ ਛੱਡੋ ਅੰਦੋਲਨ ਸਮੇਂ ਸ. ਭਗਵਾਨ ਸਿੰਘ ਗੋਇੰਦੀ ਜੀ ਸਿਆਲਕੋਟ ਤੋਂ ਇਲਾਹਾਬਾਦ ਗਏ ਹੋਏ ਸਨ। ਉੱਥੇ ਉਨ੍ਹਾਂ ਨੇ ਤਸ਼ੱਦਦ ਦੇ ਵਿਰੋਧ ਇਸ ਲਹਿਰ ਨੂੰ ਸ਼ਾਂਤੀ ਪੂਰਵਕ ਚਲਾਉਣ ਦੇ ਯਤਨ ਕੀਤੇ। 1943 ਵਿੱਚ ਜਦੋਂ ਉਹ ਸਿਆਲਕੋਟ ਪਹੁੰਚੇ ਤਾਂ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਦੇਸ਼ ਦੀ ਵੰਡ ਤੋਂ ਬਾਅਦ ਇਲਾਹਾਬਾਦ ਆ ਗਏ। ਇੱਥੇ ਆ ਕੇ ਉਹ ਪੰਜਾਬ ਅਤੇ ਬੰਗਾਲ ਤੋਂ ਉਜੜ ਕੇ ਆਏ ਸ਼ਰਨਾਰਥੀਆਂ ਦੇ ਮੁੜ ਵਸੇਂਬੇ ਲਈ ਜੁਟ ਗਏ। ਉਹ ਫਿਰਕੂ ਭਾਵਨਾ ਤੋਂ ਨਿਰਲੇਪ ਸਨ। 1968 ਈ. ਵਿੱਚ ਹੋਲੀ ਦਾ ਤਿਉਹਾਰ ਮੌਕੇ ਸੰਪਰਦਾਇਕ ਝਗੜੇ ਪੈਦਾ ਹੋ ਗਏ। ਇਨ੍ਹਾਂ ਝਗੜਿਆਂ ਤੋਂ ਪ੍ਰਭਾਵਤ ਲੋਕਾਂ ਦੇ ਦੁੱਖ ਵੰਡਾਉਣ ਵਿੱਚ ਉਹ ਏਨੇ ਰੁਝ ਗਏ ਕਿ ਉਨ੍ਹਾਂ ਨੂੰ ਆਪਣੀ ਸਿਹਤਯਾਬੀ ਦਾ ਖਿਆਲ ਵੀ ਨਾ ਰਿਹਾ। ਇਸੇ ਬੇਖਿਆਲੀ ਕਾਰਨ ਉਹ 7 ਜੂਨ 1968 ਈ. ਨੂੰ ਇਸ ਫਾਨੀ ਦੁਨੀਆ ਤੋਂ ਰੁਖਸਤ ਪਾ ਗਏ।
‐ਰਮੇਸ਼ ਬੱਗਾ ਚੋਹਲਾ
ਮ: ਨੰ: 1348/17/1 ਗਲੀ ਨੰ:8 ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ) ਮੌਬ:9463132719