ਨਵੀਂ ਦਿੱਲੀ (ਸਮਾਜ ਵੀਕਲੀ) : ਦੇਸ਼ ’ਚ ਛੇ ਮਹੀਨੇ ਬਾਅਦ ਕਰੋਨਾ ਕਾਰਨ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ 300 ਤੋਂ ਹੇਠਾਂ ਰਹੀ ਜਿਸ ਨਾਲ ਦੇਸ਼ ’ਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 1,47,343 ਹੋ ਗਈ ਹੈ ਜਦਕਿ ਕਰੋਨਾ ਪੀੜਤਾਂ ਦੀ ਗਿਣਤੀ 1,01,69,118 ਹੋ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਲੰਘੇ ਚੌਵੀ ਘੰਟਿਆਂ ਅੰਦਰ ਦੇਸ਼ ’ਚ ਕਰੋਨਾ ਕਾਰਨ 251 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ 22,273 ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ’ਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਕੇ 97,40,108 ਹੋਣ ਨਾਲ ਕਰੋਨਾ ਪੀੜਤਾਂ ਦੇ ਸਿਹਤਯਾਬ ਹੋਣ ਦੀ ਕੌਮੀ ਦਰ ਵਧ ਕੇ 95.78 ਫੀਸਦ ਤੱਕ ਪਹੁੰਚ ਗਈ ਹੈ ਜਦਕਿ ਮੌਤ ਦਰ 1.45 ਫੀਸਦ ਹੈ। ਦੇਸ਼ ’ਚ ਕਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 2,81,667 ਹੈ। ਇਸੇ ਦੌਰਾਨ ਕਰਨਾਟਕ ਦੇ ਸਿਹਤ ਮੰਤਰੀ ਕੇ ਸੁਧਾਕਰ ਨੇ ਅੱਜ ਦੱਸਿਆ ਕਿ ਬਰਤਾਨੀਆ ਤੋਂ ਸੂਬੇ ’ਚ ਆਏ ਲੋਕਾਂ ’ਚੋਂ 14 ਕਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਉਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।