ਮੁੰਬਈ (ਸਮਾਜ ਵੀਕਲੀ): ਮੁੰਬਈ ਪੁਲੀਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਨੇ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਕਮਿਸ਼ਨ ਕੋਲ ਦਾਖ਼ਲ ਹਲਫ਼ਨਾਮੇ ਵਿੱਚ ਕਿਹਾ ਕਿ ਉਸ ਕੋਲ ਇਸ ਮਾਮਲੇ ਵਿੱਚ ਸਾਂਝਾ ਕਰਨ ਲਈ ਹੋਰ ਸਬੂਤ ਨਹੀਂ ਹਨ। ਕਮਿਸ਼ਨ, ਪਰਮਬੀਰ ਸਿੰਘ ਵੱਲੋਂ ਲਾਏ ਦੋਸ਼ਾਂ ਦੇ ਆਧਾਰ ’ਤੇ ਹੀ ਦੇਸ਼ਮੁਖ ਖ਼ਿਲਾਫ਼ ਜਾਂਚ ਕਰ ਰਿਹਾ ਹੈ। ਸਿੰਘ ਦੇ ਵਕੀਲ ਨੇ ਅੱਜ ਪੁਸ਼ਟੀ ਕੀਤੀ ਕਿ ਸੀਨੀਅਰ ਆਈਪੀਐੱਸ ਅਧਿਕਾਰੀ ਨੇ ਕਮਿਸ਼ਨ ਵੱਲੋਂ ਕੀਤੀ ਪਿਛਲੀ ਸੁਣਵਾਈ ਦੌਰਾਨ ਹਲਫ਼ਨਾਮਾ ਦਾਖ਼ਲ ਕੀਤਾ ਸੀ।
ਜਾਂਚ ਕਮਿਸ਼ਨ ਅੱਗੇ ਪੇਸ਼ ਵਿਸ਼ੇਸ਼ ਪਬਲਿਕ ਪ੍ਰੌਸੀਕਿਊਟਰ ਸ਼ਿਸ਼ਿਰ ਹੀਰੇ ਨੇ ਕਿਹਾ, ‘‘ਪਰਮਬੀਰ ਸਿੰਘ ਨੇ ਇਸ ਕੇਸ ਵਿਚ ਇਕ ਪੱਤਰ, ਜੋ ਉਸ ਨੇ ਸ਼ੁਰੂਆਤ ਵਿੱਚ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਲਿਖਿਆ ਸੀ, ਤੋਂ ਛੁੱਟ ਹੋਰ ਕੋਈ ਸਬੂਤ ਦੇਣ ਤੋਂ ਨਾਂਹ ਕਰ ਦਿੱਤੀ ਹੈ।’ ਹੀਰੇ ਨੇ ਕਿਹਾ ਕਿ ਸਿੰਘ ਇਸਤਗਾਸਾ ਧਿਰ ਦੇ ਵਕੀਲ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਣ ਲਈ ਵੀ ਤਿਆਰ ਨਹੀਂ ਹੈ। ਮਹਾਰਾਸ਼ਟਰ ਸਰਕਾਰ ਨੇ ਸਿੰਘ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਲਈ ਇਸ ਸਾਲ ਮਾਰਚ ਵਿੱਚ ਸੇਵਾ ਮੁਕਤ ਜੱਜ ਜਸਟਿਸ ਕੈਲਾਸ਼ ਉੱਤਮਚੰਦ ਚੰਡੀਵਾਲ ਦਾ ਇਕ ਮੈਂਬਰੀ ਕਮਿਸ਼ਨ ਗਠਿਤ ਕੀਤਾ ਸੀ। ਕਮਿਸ਼ਨ ਵੱਲੋਂ ਸਿੰਘ ਖਿਲਾਫ਼ ਜਾਰੀ ਕਈ ਸੰਮਨਾਂ ਤੇ ਜ਼ਮਾਨਤੀ ਵਾਰੰਟਾਂ ਦੇ ਬਾਵਜੂਦ ਉਹ ਹੁਣ ਤੱਕ ਕਮਿਸ਼ਨ ਅੱਗੇ ਪੇਸ਼ ਨਹੀਂ ਹੋਇਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly