ਸਿੱਖਿਆ ਮੰਤਰੀ ਦੀ ਪ੍ਰਵਾਨਗੀ ਉਪਰੰਤ ਆਨਲਾਈਨ ਕਲਾਸਾਂ ਲਗਾਉਣੀਆਂ ਹੋਈਆਂ ਸੰਭਵ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸੂਬੇ ‘ਚ ਕਰੋਨਾ ਮਹਾਂਮਾਰੀ ਦੇ ਵਧਦੇ ਕਹਿਰ ਦੌਰਾਨ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਸਕੂਲ ਆਉਣ ‘ਤੇ ਲੱਗੀਆਂ ਪਾਬੰਦੀਆਂ ਦਰਮਿਆਨ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੇ ਵੱਖ ਵੱਖ ਸਾਧਨਾਂ ਜਰੀਏ ਆਨਲਾਈਨ ਤਰੀਕੇ ਨਾਲ ਪੜ੍ਹਾਈ ਕਰਵਾਈ ਜਾ ਰਹੀ ਹੈ।
ਇਸ ਆਨਲਾਈਨ ਪੜ੍ਹਾਈ ਨੂੰ ਹੋਰ ਵਿਆਪਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਦੂਰਦਰਸ਼ਨ ਦੇ ਖੇਤਰੀ ਚੈਨਲ ਡੀ.ਡੀ. ਪੰਜਾਬੀ ਰਾਹੀਂ ਆਨਲਾਈਨ ਜਮਾਤਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ।ਇਸ ਬਾਬਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕਪੂਰਥਲਾ ਗੁਰਦੀਪ ਸਿੰਘ ਗਿੱਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਹੇਠ ਡੀ.ਡੀ.ਪੰਜਾਬੀ ਚੈਨਲ ਰਾਹੀਂ 5 ਮਈ ਤੋਂ ਵੱਖ-ਵੱਖ ਜਮਾਤਾਂ ਦੀਆਂ ਆਨਲਾਈਨ ਕਲਾਸਾਂ ਸ਼ੂਰੂ ਹੋ ਰਹੀਆਂ ਹਨ।
ਉਹਨਾਂ ਦੱਸਿਆ ਕਿ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਅਨੁਸਾਰ ਵਿਦਿਆਰਥੀ ਸਕੂਲਾਂ ਵਿੱਚ ਨਹੀਂ ਆ ਸਕਦੇ ਜਿਸ ਕਰਕੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇਣ ਦੇ ਪ੍ਰਬੰਧ ਕੀਤੇ ਗਏ ਹਨ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਕਰੋਨਾ ਮਹਾਂਮਾਰੀ ਆਈ ਸੀ ਤਾਂ ਵਿਭਾਗ ਕੋਲ ਜ਼ਿਆਦਾ ਤਿਆਰੀ ਨਹੀਂ ਸੀ ਪਰ ਫਿਰ ਵੀ ਬਹੁਤ ਸਾਰੇ ਅਧਿਆਪਕਾਂ ਨੇ ਆਨਲਾਈਨ ਕਲਾਸਾਂ ਲਗਾਈਆਂ ਸਨ। ਹੁਣ ਵਿਭਾਗ ਕੋਲ ਤਜਰਬਾ ਵੀ ਹੈ ਅਤੇ ਅਧਿਆਪਕਾਂ ਨੇ ਪਿਛਲੇ ਸਾਲ ਦੀ ਮਿਹਨਤ ਤੋਂ ਬਹੁਤ ਕੁਝ ਸਿੱਖਿਆ ਹੈ ਜਿਸ ਦਾ ਫਾਇਦਾ ਹੁਣ ਵਿਦਿਆਰਥੀਆਂ ਨੂੰ ਕਈ ਗੁਣਾ ਵੱਧ ਹੋਵੇਗਾ।
ਉਹਨਾਂ ਦੱਸਿਆ ਕਿ ਪਿਛਲੇ ਸਾਲ ਵੀ ਡੀ ਡੀ ਪੰਜਾਬੀ ’ਤੇ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਬਾਰ੍ਹਵੀਂ ਜਮਾਤਾਂ ਦੇ 4189 ਲੈਕਚਰ ਪ੍ਰਸਾਰਿਤ ਕੀਤੇ ਗਏ ਸਨ। ਇਸ ਵਿੱਚ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਅੰਗਰੇਜ਼ੀ, ਹਿੰਦੀ, ਗਣਿਤ, ਪੰਜਾਬੀ ਸਾਇੰਸ, ਸਮਾਜਿਕ ਸਿੱਖਿਆ, ਵੈਲਕਮ ਲਾਈਫ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਸਟਰੀਮ ਵਾਇਜ਼ ਲੈਕਚਰ ਵੀ ਸ਼ਾਮਿਲ ਸਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨੇ ਪੰਜਾਬ ਐਜ਼ੂਕੇਅਰ ਐਪ ਵੀ ਤਿਆਰ ਕੀਤੀ ਹੈ ਜਿਸ ਰਾਹੀਂ ਅਧਿਆਪਕਾਂ ਨੇ ਆਪਣੇ ਤਿਆਰ ਕੀਤੇ ਲੈਕਚਰ ਵੀ ਅਪਲੋਡ ਕੀਤੇ ਹੋਏ ਹਨ ਅਤੇ ਵਿਦਿਆਰਥੀ ਇਸ ਤੋਂ ਭਰਪੂਰ ਲਾਭ ਉਠਾ ਰਹੇ ਹਨ।
ਉਹਨਾਂ ਕਿਹਾ ਕਿ ਡੀ.ਡੀ. ਪੰਜਾਬੀ ਰਾਹੀਂ ਆਨਲਾਈਨ ਕਲਾਸਾਂ ਦਾ ਸਰਕਾਰੀ ਸਕੂਲਾਂ ਦੇ ਨਾਲ-ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਐਫੀਲੀਏਟਿਡ ਅਤੇ ਐਸੋਸ਼ੀਏਟਡ ਸਕੂਲਾਂ ਦੇ ਵਿਦਿਆਰਥੀ ਵੀ ਲਾਭ ਉਠਾ ਸਕਣਗੇ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਟੀ.ਵੀ. ਕਲਾਸਾਂ ਦਾ ਸਮਾਂ ਸਵੇਰੇ 9 ਵਜੇ ਤੋਂ 10.40 ਤੱਕ ਰਹੇਗਾ ਅਤੇ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਟੀ.ਵੀ.ਕਲਾਸਾਂ ਦਾ ਸਮਾਂ ਸਵੇਰੇ 10.40 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਰਹੇਗਾ।
ਇਹਨਾਂ ਡੀਡੀ ਪੰਜਾਬੀ ’ਤੇ ਲਗਾਈਆਂ ਜਾਣ ਵਾਲੀਆਂ ਜਮਾਤਾਂ ਦਾ ਰੋਜ਼ਾਨਾ ਸ਼ਡਿਊਲ ਵਿਦਿਆਰਥੀਆਂ ਕੋਲ ਇੱਕ ਦਿਨ ਪਹਿਲਾਂ ਹੀ ਸਕੂਲ ਦੇ ਮੁਖੀ ਅਤੇ ਸਬੰਧਿਤ ਅਧਿਆਪਕਾਂ ਰਾਹੀਂ ਪੁੱਜਦਾ ਕੀਤਾ ਜਾਵੇਗਾ।ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਕਲਾਸਾਂ ਨੂੰ ਲਗਾਉਣ ਲਈ ਵਿਦਿਆਰਥੀ ਡੀ.ਡੀ.ਪੰਜਾਬੀ ਨੂੰ ਫਰੀ ਡਿਸ਼ ਦੇ ਚੈਨਲ ਨੰਬਰ 22, ਏਅਰਟੈੱਲ ਡਿਸ ਦੇ ਚੈਨਲ ਨੰਬਰ 572, ਵੀਡੀਓਕੋਨ ਡੀ ਟੂ ਐੱਚ ਦੇ ਚੈਨਲ ਨੰਬਰ 791, ਟਾਟਾ ਸਕਾਈ ਦੇ ਚੈਨਲ ਨੰਬਰ 1949, ਫਾਸਟਵੇਅ ਦੇ ਚੈਨਲ ਨੰਬਰ 39, ਡਿਸ਼ ਟੀ.ਵੀ. ਦੇ, ਚੈਨਲ ਨੰਬਰ 1169, ਸਨ ਡਾਇਰੈਕਟ ਦੇ ਚੈਨਲ ਨੰਬਰ 670 ਅਤੇ ਰਿਲਾਇੰਸ ਬਿਗ ਟੀ.ਵੀ. ਦੇ ਚੈਨਲ ਨੰਬਰ 950 ਤੇ ਦੇਖ ਸਕਦੇ ਹਨ।
ਸਿੱਖਿਆ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਡੀ.ਡੀ ਪੰਜਾਬੀ ਤੋਂ ਲਗਾਈਆਂ ਜਾਣ ਵਾਲੀਆਂ ਆਨਲਾਈਨ ਜਮਾਤਾਂ ਧਿਆਨ ਪੂਰਵਕ ਤਰੀਕੇ ਲਗਾਉਣ ਦੀ ਅਪੀਲ ਕਰਦਿਆਂ ਮਾਪਿਆਂ ਨੂੰ ਵੀ ਬੱਚਿਆਂ ਦੀਆਂ ਆਨਲਾਈਨ ਜਮਾਤਾਂ ਵੱਲ੍ਹ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ। ਉਹਨਾਂ ਨੇ ਸਕੂਲ ਮੁਖੀਆਂ, ਅਧਿਆਪਕਾਂ, ਨਾਨ ਟੀਚਿੰਗ ਅਮਲੇ ਅਤੇ ਸਮਾਜ ਦੀਆਂ ਮੋਹਤਬਰ ਸਖਸ਼ੀਅਤਾਂ ਨੂੰ ਵੀ ਦੂਰਦਰਸ਼ਨ ਦੀਆਂ ਆਨਲਾਈਨ ਜਮਾਤਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਜਰੂਰਤਮੰਦ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਦੀ ਅਪੀਲ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly