ਨੇੜਲੇ ਪਿੰਡ ਮਾਣੇਵਾਲ ਵਿਚ ਇੱਕ ਔਰਤ ਵੱਲੋਂ ਆਪਣੇ ਦੂਜੇ ਪਤੀ ਨਾਲ ਮਿਲ ਕੇ ਪਹਿਲੇ ਪਤੀ ਸੁਖਦੇਵ ਸਿੰਘ ਦੀ ਸਿਰ ਵਿਚ ਲੋਹੇ ਦੀ ਰਾਡ ਮਾਰ ਕੇ ਹੱਤਿਆ ਕਰ ਦਿੱਤੀ।
ਮ੍ਰਿਤਕ ਸੁਖਦੇਵ ਸਿੰਘ ਉਰਫ਼ ਸੁੱਖੇ ਦੇ ਭਰਾ ਸ਼ਮਸ਼ੇਰ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦੀ ਭਰਜਾਈ ਪਰਮਜੀਤ ਕੌਰ ਦੇ ਕਈ ਵਿਅਕਤੀਆਂ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸਬੰਧ ਸਨ ਜਿਸ ਕਾਰਨ ਉਸਦਾ ਭਰਾ ਸੁਖਦੇਵ ਸਿੰਘ ਉਸ ਨੂੰ ਰੋਕਦਾ ਰਹਿੰਦਾ ਸੀ। ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਸ ਦੀ ਭਾਬੀ ਪਰਮਜੀਤ ਕੌਰ ਨੇ ਨਿਜ਼ਾਮੂਦੀਨ ਨਿਵਾਸੀ ਗੜ੍ਹ ਪੋਟਾਪੋ ਜ਼ਿਲ੍ਹਾ ਕਰਨਾਲ ਨਾਲ ਨਿਕਾਹ ਕਰ ਲਿਆ ਸੀ ਅਤੇ ਉਸਦੇ ਕੋਲ ਹੀ ਰਹਿਣ ਲੱਗ ਗਈ ਸੀ ਪਰ ਕਰੀਬ ਦੋ ਮਹੀਨੇ ਪਹਿਲਾਂ ਸੁਖਦੇਵ ਦੇ ਪੁੱਤਰ ਦੀ ਮੌਤ ਹੋਣ ’ਤੇਂ ਉਹ ਵਾਪਿਸ ਮਾਣੇਵਾਲ ’ਚ ਹੀ ਆ ਕੇ ਰਹਿਣ ਲੱਗ ਗਈ ਸੀ ਅਤੇ ਨਿਜ਼ਾਮੂਦੀਨ ਵੀ ਉਸਦੇ ਕੋਲ ਆਉਂਦਾ ਰਹਿੰਦਾ ਸੀ ਜੋ ਉਸ ਦੇ ਪਤੀ ਸੁਖਦੇਵ ਸਿੰਘ ਨੂੰ ਬਿਲਕੁੱਲ ਪਸੰਦ ਨਹੀਂ ਸੀ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦਾ ਆਪਸ ਵਿਚ ਝਗੜਾ ਵੀ ਹੁੰਦਾ ਰਹਿੰਦਾ ਸੀ। ਲੰਘੀ 25 ਮਈ ਦੀ ਰਾਤ ਨੂੰ ਪਰਮਜੀਤ ਕੌਰ ਅਤੇ ਉਸਦੇ ਦੂਜੇ ਪਤੀ ਨਿਜ਼ਾਮੂਦੀਨ ਨੇ ਆਪਣੇ ਕੁਝ ਸਾਥੀਆਂ ਸਹਿਤ ਸੁਖਦੇਵ ਸਿੰਘ ਦਾ ਕਤਲ ਕਰ ਦਿੱਤਾ। ਪੁਲੀਸ ਵਲੋਂ ਮੌਕੇ ਉੱਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਕਬਜ਼ੇ ’ਚ ਕਰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਮ੍ਰਿਤਕ ਸੁਖਦੇਵ ਸਿੰਘ ਦੇ ਭਰੇ ਸ਼ਮਸ਼ੇਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪਰਮਜੀਤ ਕੌਰ, ਨਿਜ਼ਾਮੂਦੀਨ ਅਤੇ ਉਸਦੇ ਕੁਝ ਅਣਪਛਾਤੇ ਸਾਥੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ।
ਭਾਵੇਂ ਪੁਲੀਸ ਵਲੋਂ ਪਰਮਜੀਤ ਕੌਰ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਾ ਕੀਤੀ ਗਈ ਪਰ ਪੁਲੀਸ ਵਲੋਂ ਸਵੇਰੇ ਹੀ ਪਰਮਜੀਤ ਕੌਰ ਨੂੰ ਹਿਰਾਸਤ ਵਿੱਚ ਲੈ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ।
INDIA ਦੂਜੇ ਪਤੀ ਨਾਲ ਮਿਲ ਕੇ ਕੀਤੀ ਪਹਿਲੇ ਦੀ ਹੱਤਿਆ