ਦੁਰਗਾ ਪੂਜਾ ਰਾਹੀਂ ਪਰਵਾਸੀ ਮਜ਼ਦੂਰਾਂ ਦਾ ਦਰਦ ਉਭਾਰਨ ਦੀ ਨਿਵੇਕਲੀ ਕੋਸ਼ਿਸ਼

ਕੋਲਕਾਤਾ (ਸਮਾਜ ਵੀਕਲੀ) : ਪ੍ਰਵਾਸੀ ਮਜ਼ਦੂਰਾਂ ਨੂੰ ਕੋਵਿਡ-19 ਲੌਕਡਾਊਨ ਕਾਰਨ ਆਈਆਂ ਮੁਸ਼ਕਲਾਂ ਨੂੰ ਇਸ ਵਾਰ ਪੱਛਮੀ ਬੰਗਾਲ ਵਿਚ ਕਈ ਥਾਈਂ ਦੁਰਗਾ ਪੂਜਾ ਦਾ ਥੀਮ ਬਣਾਇਆ ਗਿਆ ਹੈ। ਪੰਜ ਦਿਨਾ ਤਿਉਹਾਰ 22 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਕੁਝ ਪੂਜਾ ਕਮੇਟੀਆਂ ਨੇ ਕਰੋਨਾਵਾਇਰਸ ਨੂੰ ਰਾਖ਼ਸ਼ ਮਹਿਸ਼ਾਸੁਰ ਦੇ ਰੂਪ ਵਿਚ ਦਿਖਾਇਆ ਹੈ।

ਕਈ ਥਾਈਂ ਕੋਵਿਡ-19 ਨਾਲ ਅੱਗੇ ਹੋ ਕੇ ਨਜਿੱਠਣ ਵਾਲਿਆਂ ਨੂੰ ਸਿਜਦਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮਹਾਮਾਰੀ ਨਾਲ ਕੰਮ ਠੱਪ ਹੋਣ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚੋਂ ਲੱਖਾਂ ਪ੍ਰਵਾਸੀ ਮਜ਼ਦੂਰ ਪੱਛਮੀ ਬੰਗਾਲ ਵਿਚ ਆਪੋ-ਆਪਣੇ ਘਰ ਪਰਤ ਆਏ ਸਨ। ਦੁਰਗਾ ਪੂਜਾ ਪੱਛਮੀ ਬੰਗਾਲ ਦਾ ਸਭ ਤੋਂ ਵੱਡਾ ਤਿਉਹਾਰ ਹੈ ਪਰ ਇਸ ਵਾਰ ਮਹਾਮਾਰੀ ਤੇ ਆਰਥਿਕ ਮੰਦੀ ਕਾਰਨ ਰੌਣਕ ਪਹਿਲਾਂ ਵਰਗੀ ਨਹੀਂ ਹੈ। ਕਈ ਦੁਰਗਾ ਪੂਜਾ ਪ੍ਰਬੰਧਕਾਂ ਨੇ ਪਿਛਲੇ ਸਾਲਾਂ ਵਾਂਗ ਮੁੱਦਿਆਂ ਨੂੰ ਉਭਾਰਨ ਵਾਲੀ ਥੀਮ ਅਧਾਰਿਤ ਪੂਜਾ ਦੀ ਪੇਸ਼ਕਸ਼ ਕੀਤੀ ਹੈ। ਪੰਡਾਲਾਂ ਨੂੰ ਸਜਾਵਟੀ ਸਮੱਗਰੀ ਤੇ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ।

ਕੋਲਕਾਤਾ ਦੇ ਦੱਖਣੀ ਹਿੱਸੇ ਵਿਚ ਇਕ ਔਰਤ ਦੀ ਮੂਰਤੀ ਲਾਈ ਗਈ ਹੈ ਜਿਸ ਨੂੰ ਸੜਕ ਉਤੇ ਇਕ ਬੱਚੇ ਨੂੰ ਗੋਦ ਚੁੱਕੀ ਤੇ ਦੋ ਬੱਚਿਆਂ ਦੇ ਨਾਲ ਬੈਠੀ ਦਿਖਾਇਆ ਗਿਆ ਹੈ। ‘ਬਰੀਸ਼ਾ ਕਲੱਬ’ ਨੇ ਕਿਹਾ ‘ਇਹੀ ਸਾਡੀ ਦੁਰਗਾ ਹੈ। ਔਰਤ ਦੀ ਮੂਰਤੀ ਦੇ ਅੱਠ ਹੱਥ ਦਿਖਾਏ ਗਏ ਹਨ।’ ਇਸੇ ਤਰ੍ਹਾਂ ‘ਨਕਟਲਾ ਉਦਿਆਨ ਸੰਘ’ ਨੇ ਇਕ ਟੈਂਟ ਥੱਲੇ ਟਰੱਕ ਦਾ ਮਾਡਲ ਖੜ੍ਹਾ ਕੀਤਾ ਹੈ ਜਿਸ ਵਿਚ ਪ੍ਰਵਾਸੀ ਮਜ਼ਦੂਰ ਚੜ੍ਹਨ ਦਾ ਯਤਨ ਕਰ ਰਹੇ ਹਨ।

Previous articleਪੱਛਮੀ ਬੰਗਾਲ: ਪ੍ਰਧਾਨ ਮੰਤਰੀ ਦੁਰਗਾ ਪੂਜਾ ਪੰਡਾਲਾਂ ’ਚ ਕਰਨਗੇ ਵਰਚੁਅਲ ਸੰਬੋਧਨ
Next articleਜੰਮੂ-ਕਸ਼ਮੀਰ: ਅਤਿਵਾਦੀ ਹਮਲੇ ’ਚ ਏਐੱਸਆਈ ਤੇ ਨਾਗਰਿਕ ਜ਼ਖ਼ਮੀ