(ਸਮਾਜ ਵੀਕਲੀ)
ਦੀਵਿਆਂ ਦੇ ਤਿਉਹਾਰ ਦੀਵਾਲੀ ਦੀ ਖਰੀਦਦਾਰੀ ਕਰਦੇ ਰਾਮਗੋਪਾਲ ਜੀ, ਹਰ ਚੀਜ਼ ਬੱਚਿਆਂ ਨੂੰ ਬਰੈਂਡਿਡ ਦਵਾ ਰਹੇ ਸਨ । ਕੱਪੜੇ, ਪਟਾਕੇ, ਮੋਮਬੱਤੀਆਂ, ਲੜੀਆਂ ਅਤੇ ਮਿਠਾਈਆਂ, ਬੱਚੇ ਵੀ ਖਰੀਦਦਾਰੀ ਦਾ ਪੁਰਾ ਲੁਤਫ਼ ਉੱਠਾ ਰਹੇ ਸਨ। ਬਿਨਾਂ ਘਾਟਾ ਵਾਧਾ ਸੋਚਿਆਂ ਕੁਝ ਮਹਿੰਗੇ ਦੀਵੇ ਪੂਜਾ ਲਈ ਖਰੀਦੇ, ਹੁਣ ਕੁਝ ਸਾਂਝੀਆਂ ਥਾਵਾਂ ਤੇ ਲਗਾਉਣ ਲਈ ਸਸਤੇ ਦੀਵਿਆਂ ਦੀ ਭਾਲ ਸ਼ੁਰੂ ਹੋਈ।
ਪੰਦਰਾਂ ਦਿਨਾਂ ਤੋਂ ਮਿੱਟੀ ਨਾਲ ਮਿੱਟੀ ਹੋ ਕੇ ਭੱਠਾ ਮਜ਼ਦੂਰ ਦੇ ਬੱਚੇ ਨੇ ਨੰਨੇ-ਨੰਨੇ ਹੱਥਾਂ ਨਾਲ ਮਿੱਟੀ ਗੁੰਨਕੇ ਤਿਆਰ ਕਰੀ, ਫਿਰ ਪਿਤਾ ਦਾ ਹੱਥ ਵਟਾਕੇ ਦੀਵੇ ਬਣਵਾਏ, ਕੁਝ ਕਮਾਉਣ ਦੀ ਆਸ ਲਾਈ ਉਹ ਸਵੇਰ ਤੋਂ ਹੀ ਗ੍ਰਾਹਕ ਦੀ ਉਡੀਕ ਵਿੱਚ ਸੜਕ ਕਿਨਾਰੇ, ਹੇਠਾਂ ਹੀ ਆਪਣੀ ਦੁਕਾਨ ਲਾਈ ਬੈਠਾ ਸੀ।
ਰਾਮਗੋਪਾਲ “ਹਾਂ ਵੀ ਕਿਵੇਂ ਲਾਏ ਨੇ ਦੀਵੇ।”
ਬੱਚਾ “ਸਾਹਿਬ ਲੈ ਲਓ ਜੀ, ਠੀਕ ਰੇਟ ਹੀ ਲਾਵਾਂਗਾ ਤੁਹਾਨੂੰ, ਵੀਹ ਦੇ ਦਸ ਦੀਵੇ ਲੈ ਲਵੋ ਜੀ”
ਇਹ ਵੀ ਕੋਈ ਰੇਟ ਹੈ,ਐਵੇ ਲੁੱਟ ਮਚਾਈ ਹੋਈ ਹੈ ਤੁਸੀਂ, ਹੱਦ ਹੋ ਗਈ! ਇਹ ਮਿੱਟੀ ਵੀ ਮੁੱਲ ਵੇਚਣ ਲੱਗੇ ਹੋਏ ਓ ਤਸੀਂ ਲੋਕ, ਵੀਹ ਦੇ ਵੀਹ ਦੇ, ਨਹੀਂ ਦਫ਼ਾ ਹੋ।
ਸਵੇਰ ਦਾ ਕੋਈ ਦੀਵਾ ਨਾ ਵਿਕਣ ਕਰਕੇ ਬੱਚੇ ਨੇ, ਸਬਰ ਦਾ ਘੁੱਟ ਭਰਕੇ ਸੌਦਾ ਕਰ ਲਿਆ।
ਪੈਸੇ ਦਿੰਦੇ ਰਾਮਗੋਪਾਲ ਨੂੰ ਉਸਦੀ ਬੇਟੀ ਨੇ ਕਿਹਾ “ਪਾਪਾ ਤੁਸੀਂ ਹਰ ਮਹਿੰਗੀ ਚੀਜ਼ ਖਰੀਦਣ ਸਮੇਂ ਕਿਸੇ ਤੋਂ ਰੇਟ ਨਹੀਂ ਘਟਵਾਇਆ, ਸਗੋਂ ਹਰ ਟੈਕਸ ਭਰਕੇ ਚੁੱਪ-ਚਾਪ ਬਿੱਲ ਲੈਕੇ ਆ ਗਏ, ਕੀ ਹੋਇਆ ਪਾਪਾ ਦੀਵੇ ਬਰੈਂਡਿਡ ਨਹੀਂ, ਦੀਵੇ ਬਣਾਉਣ ਤੇ ਵੀ ਮਿਹਨਤ ਤੇ ਸਮਾਂ ਲੱਗਿਆ ਹੋਵੇਗਾ ਵਿਚਾਰੇ ਦਾ, ਆਪਾਂ ਨੂੰ ਤੇ ਦੀਵਿਆਂ ਦਾ ਕੋਈ ਟੈਕਸ ਦੇਕੇ ਬਿੱਲ ਵੀ ਨਹੀਂ ਦੇਣਾ ਪਿਆ, ਦੀਵੇ ਵੀ ਗਰੀਬ ਦੇ ਸੀ। ਪਰ ਰੇਟ ਉਸਦਾ ਅਸੀਂ ਤੈਅ ਕਰਕੇ, ਆਪਣੀ ਮਰਜ਼ੀ ਦਾ ਦਿੱਤਾ ਹੈ, ਹੋਰ ਕਿਸੇ ਵੀ ਦੁਕਾਨ ਤੇ ਹੋਇਆ ਇੱਦਾਂ?ਨਹੀ ਨਾ”।
ਹੁਣ!ਮਿਹਨਤੀ ਹੱਥਾਂ ਦੇ ਬਿਨਾਂ ਟੈਕਸੋਂ ਖਰੀਦੇ ਦੀਵਿਆਂ ਅੱਗੇ, ਪੰਜ ਹਜ਼ਾਰ ਦੀ ਕੀਤੀ ਖਰੀਦਦਾਰੀ ਵੀ ਫਿੱਕੀ ਲੱਗ ਰਹੀ ਸੀ। ਹੁਣ ਰਾਮਗੋਪਾਲ ਲੱਖਾਂ ਫੁੱਟਪਾਥਾਂ ਤੇ ਰੇਹੜੀਆਂ ਲਾਕੇ ਹੱਥੀ ਸਮਾਨ ਬਣਾਕੇ ਵੇਚਣ ਵਾਲਿਆਂ ਦੇ ਟੈਕਸ ਬਾਰੇ ਸੋਚਦਾ ਸ਼ਰਮਿੰਦਾ ਜਿਹਾ ਮੂੰਹ ਝੁਕਾਂਈ ਘਰ ਨੂੰ ਪਰਤ ਰਿਹਾ ਸੀ।
ਸੰਦੀਪ ਸਿੰਘ ‘ਬਖੋਪੀਰ’
ਸਪੰਰਕ :- 9815321017