ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਦੌਰਾਨ ਦੀਵਾਲੀ ਦੇ ਦਿਨ ਅਤੇ ਰਾਤ ਵੀ ਕਿਸਾਨਾਂ ਨੇ ਮੋਰਚਿਆਂ ’ਚ ਅੰਦੋਲਨ ਨੂੰ ਮਘਦਾ ਰੱਖਣ ਦਾ ਅਹਿਦ ਕੀਤਾ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਸਮੁੱਚੇ ਪੰਜਾਬ ’ਚ ਕਿਸਾਨ-ਮੋਰਚਿਆਂ ਅਤੇ ਪਿੰਡਾਂ ’ਚ ਵੱਡੀ ਗਿਣਤੀ ਕਿਸਾਨਾਂ ਵੱਲੋਂ ਮਸ਼ਾਲ ਮਾਰਚ ਕੱਢੇ ਗਏ। ਪੰਜਾਬ ਭਰ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੂਬੇ ਵਿੱਚ 100 ਤੋਂ ਵੱਧ ਥਾਵਾਂ ’ਤੇ ਚੱਲ ਰਹੇ ਸੰਘਰਸ਼ ਦੌਰਾਨ ਦੀਵਾਲੀ ਵਾਲੇ ਦਿਨ ਕਿਸਾਨਾਂ ਦੀ ਗਿਣਤੀ ਆਮ ਨਾਲੋਂ ਜ਼ਿਆਦਾ ਦੇਖੀ ਗਈ। ਕਿਸਾਨ ਜਥੇਬੰਦੀਆਂ ਦੇ ਸੀਨੀਅਰ ਆਗੂਆਂ ਨੇ ਵੀ ਮੋਰਚਿਆਂ ’ਚ ਪਹੁੰਚ ਕੇ ਡਟੇ ਰਹਿਣ ਦਾ ਨਾਅਰਾ ਦਿੱਤਾ।
ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਅਤੇ ਰੇਲਵੇ ਮੰਤਰੀ ਪਿਯੂਸ਼ ਗੋਇਲ ਨਾਲ 13 ਨਵੰਬਰ ਨੂੰ ਕੌਮੀ ਰਾਜਧਾਨੀ ’ਚ ਹੋਈ ਮੀਟਿੰਗ ਦੌਰਾਨ ਗੱਲ ਕਿਸੇ ਤਣ ਪੱਤਣ ਨਾ ਲੱਗਣ ’ਤੇ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਨਿੰਦਾ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਮਾਲ ਗੱਡੀਆਂ ਦੀ ਆਵਾਜਾਈ ਠੱਪ ਕਰ ਕੇ ਮੋਦੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਸੰਘੀ ਸਰਕਾਰ ਦੇ ਨਿਸ਼ਾਨੇ ’ਤੇ ਕਿਸਾਨ ਹੀ ਨਹੀਂ ਪੂਰਾ ਪੰਜਾਬ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਕਾਨੂੰਨ ਪਾਸ ਕਰ ਕੇ ਪਹਿਲਾਂ ਕਿਸਾਨੀ ਦੇ ਮੌਤ ਦੇ ਵਾਰੰਟਾਂ ’ਤੇ ਦਸਤਖ਼ਤ ਕੀਤੇ ਤੇ ਹੁਣ ਸਮੁੱਚੇ ਪੰਜਾਬ ਨੂੰ ਤਬਾਹ ਕਰਨ ਦੀਆਂ ਵਿਉਂਤਾਂ ਗੁੰਦੀਆਂ ਜਾ ਰਹੀਆਂ ਹਨ।
ਉਨ੍ਹਾਂ ਐਲਾਨ ਕੀਤਾ ਕਿ ਖੇਤੀ ਕਾਨੂੰਨ ਵਾਪਸ ਕਰਾਉਣ ਲਈ ਹਰ ਪੱਧਰ ’ਤੇ ਲੜਾਈ ਲੜੀ ਜਾਵੇਗੀ। ਕਿਸਾਨ 45ਵੇਂ ਦਿਨ ਵੀ ਟੌਲ-ਪਲਾਜ਼ਿਆਂ, ਰਿਲਾਇੰਸ-ਪੰਪਾਂ, ਰੇਲਵੇ-ਪਾਰਕਾਂ ਅਤੇ ਭਾਜਪਾ ਆਗੂਆਂ ਦੀ ਰਿਹਾਇਸ਼ਾਂ ਅੱਗੇ ਡਟੇ ਰਹੇ। ਸੂਬੇ ਵਿੱਚ 30 ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਜਦਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਖੋ-ਵੱਖਰੇ ਤੌਰ ’ਤੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਚਲਾਇਆ ਜਾ ਰਿਹਾ ਹੈ। ਪੰਜਾਬ ਵਿੱਚ 24 ਸਤੰਬਰ ਤੋਂ ਰੇਲ ਆਵਾਜਾਈ ਠੱਪ ਹੈ ਜਦੋਂਕਿ 30 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ ਪਹਿਲੀ ਅਕਤੂਬਰ ਤੋਂ ਹੀ ਧਰਨੇ ਲਾ ਰਹੇ ਹਨ।
ਕੇਂਦਰ ਸਰਕਾਰ ਨਾਲ ਕਿਸਾਨਾਂ ਦੀਆਂ ਹੁਣ ਤੱਕ ਦੋ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕੋਈ ਸਿੱਟਾ ਨਹੀਂ ਨਿਕਲਿਆ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ 12 ਨਵੰਬਰ ਦੀ ਮੀਟਿੰਗ ’ਚ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਬੰਦੀ ਛੋੜ ਦਿਵਸ ਅਤੇ ਦੀਵਾਲੀ ਨੂੰ ਜੋਸ਼ੋ-ਖਰੋਸ਼ ਨਾਲ ਮਸ਼ਾਲਾਂ ਬਾਲ਼ਦਿਆਂ ਮਨਾਇਆ ਜਾਵੇ, ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰਾਂ ਲੋਕਾਂ ਵੱਲੋਂ ਪੈਦਾ ਕੀਤੇ ਹਾਲਾਤ ਕਾਰਨ ਕਿਸਾਨ ਵੱਡੇ ਸੰਕਟ ’ਚ ਹਨ, ਨਿਰਾਸ਼ ਵੀ ਹਨ। ਇਸ ਦੌਰਾਨ 30 ਕਿਸਾਨ-ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਪੰਜਾਬ ਦੇ ਸੈਂਕੜੇ ਪਿੰਡਾਂ ਵਿੱਚ ਹੋਏ ਮਸ਼ਾਲ ਮਾਰਚਾਂ ਦੌਰਾਨ ਸੱਦਾ ਦਿੱਤਾ ਗਿਆ 26-27 ਨਵੰਬਰ ਤੋਂ ਪਾਬੰਦੀਆਂ ਦੇ ਬਾਵਜੂਦ ਦਿੱਲੀ ਪਹੁੰਚਿਆ ਜਾਵੇ।
ਜਗਮੋਹਨ ਸਿੰਘ ਨੇ ਕਿਹਾ ਕਿ ਸੰਘਰਸਸ਼ੀਲ ਜਥੇਬੰਦੀਆਂ ਦਾ ਇਤਿਹਾਸ ਵੀ ਦਰਸਾਉਂਦਾ ਹੈ ਕਿ ਜੁਝਾਰੂ ਲੋਕ ਇਸ ਆਰਥਿਕ ਅਤੇ ਸਮਾਜਿਕ ਪਾੜੇ ਵਾਲੇ ਸਮਾਜ ਨੂੰ ਬਦਲਣ ਲਈ ਲੜਦੇ ਰਹਿਣਗੇ। ਉਨ੍ਹਾਂ ਦੱਸਿਆ ਕਿ 30 ਕਿਸਾਨ-ਜਥੇਬੰਦੀਆਂ ਨੇ ਕੇਂਦਰੀ ਮੰਤਰੀਆਂ ਨਾਲ ਹੋਈ ਮੀਟਿੰਗ ਦਾ ਰੀਵਿਊ ਕਰਨ ਅਤੇ ਸੰਘਰਸ਼ ਦੀ ਨਵੀਂ ਰੂਪ ਰੇਖਾ ਉਲੀਕਣ ਲਈ ਕਿਸਾਨ ਭਵਨ, ਚੰਡੀਗੜ੍ਹ ਮੀਟਿੰਗ ਸੱਦੀ ਹੈ। ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਜਥੇਬੰਦੀ ਵੱਲੋਂ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਬਾਕੀ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਗਈ ਹੈ।