ਦਿੱਲੀ ਹਿੰਸਾ ਤੇ ਹਮਲਿਆਂ ਪਿੱਛੇ ਭਾਜਪਾ-ਆਰਐੱਸਐੱਸ ਦਾ ਹੱਥ: ਸੱਤਿਆਵਾਨ

ਨਵੀਂ ਦਿੱਲੀ (ਸਮਾਜ ਵੀਕਲੀ) : ਦੇਸ਼ਵਿਆਪੀ ‘ਚੱਕਾ ਜਾਮ’ ਦੇ ਸੱਦੇ ਨੂੰ ਸਫਲ ਬਣਾਉਣ ਲਈ ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ ਦੇ ਕੌਮੀ ਪ੍ਰਧਾਨ ਸਤਿਆਵਾਨ, ਜੋ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹਨ, ਨੇ ਸੰਘਰਸ਼ਸ਼ੀਲ ਕਿਸਾਨਾਂ ਤੇ ਆਮ ਨਾਗਰਿਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਕਿਸਾਨ ਆਗੂ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ਵਿੱਚ ਕਿਸਾਨਾਂ ਵੱਲੋਂ ਕੱਢੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੇ ਅਣਸੁਖਾਵੀਆਂ ਘਟਨਾਵਾਂ ਅਤੇ ਮਗਰੋਂ ਧਰਨੇ ਵਾਲੀਆਂ ਥਾਵਾਂ ’ਤੇ ਹੋਏ ਫ਼ਾਸ਼ੀਵਾਦੀ ਹਮਲਿਆਂ ਪਿੱਛੇ ਭਾਜਪਾ-ਆਰਐੱਸਐੱਸ ਦਾ ਹੱਥ ਸੀ।

ਕਿਸਾਨ ਆਗੂ ਨੇ ਕਿਹਾ ਕਿ 6 ਫਰਵਰੀ ਦੇ ‘ਚੱਕਾ ਜਾਮ’ ਨੇ ਮੁੜ ਸਾਬਤ ਕਰ ਦਿੱਤਾ ਹੈ ਕਿ ਕਿਸਾਨੀ ਲਹਿਰ ਨਾ ਸਿਰਫ ਪੰਜਾਬ ਜਾਂ ਪੰਜਾਬ-ਹਰਿਆਣਾ ਤੱਕ ਸੀਮਤ ਹੈ, ਬਲਕਿ ਸਾਰੇ ਦੇਸ਼ ਦੇ ਕਿਸਾਨਾਂ ਨੇ ਭਾਜਪਾ ਸਰਕਾਰ ਦੇ ਝੂਠੇ ਪ੍ਰਚਾਰ ਦਾ ਢੁੱਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕਿਸਾਨ ਸਮਝ ਗਏ ਹਨ ਕਿ ਉਨ੍ਹਾਂ ਦੇ ਅਸਲ ਦੁਸ਼ਮਣ ਦੇਸੀ-ਵਿਦੇਸ਼ੀ ਬਹੁਰਾਸ਼ਟਰੀ ਕੰਪਨੀਆਂ ਦਾ ਸਾਥ ਦੇਣ ਵਾਲੀ ਰਾਜਧਾਨੀ ਦੇ ਕੌਮੀ ਆਗੂ ਹਨ। ਸੱਤਿਆਵਾਨ ਨੇ ਕਿਹਾ ਕਿ 11 ਗੇੜਾਂ ਦੀ ਗੱਲਬਾਤ ਦੌਰਾਨ ਕਿਸਾਨਾਂ ਨੇ ਮੋਦੀ ਸਰਕਾਰ ਦਾ ਅਸਲ ਚਿਹਰਾ ਨੰਗਾ ਕੀਤਾ ਹੈ।

ਦੇਸ਼ ਦੇ ਕਿਸਾਨ ਆਪਣੇ ਤਜਰਬਿਆਂ ਤੋਂ ਸਮਝ ਗਏ ਹਨ ਕਿ 1991 ਤੋਂ ਲਾਗੂ ਕੀਤੀਆਂ ਗਈਆਂ ਕਿਸਾਨ ਵਿਰੋਧੀ ਤੇ ਪੂੰਜੀਵਾਦੀ-ਦੋਸਤਾਨਾ ਨੀਤੀਆਂ ਨੇ ਖੇਤੀਬਾੜੀ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਕੁਝ ਵੀ ਸਵੀਕਾਰ ਨਹੀਂ ਹੈ। ਕਿਸਾਨ ਆਗੂ ਨੇ ਮੋਦੀ ਸਰਕਾਰ ਨੂੰ ਸੱਤਾ ਦੇ ਹੰਕਾਰ ’ਚੋਂ ਬਾਹਰ ਆਉਣ, ਆਪਣੇ ਗੈਰ ਲੋਕਤੰਤਰੀ ਫਾਸ਼ੀਵਾਦੀ ਰਵੱਈਏ ਨੂੰ ਤਿਆਗਣ ਅਤੇ ਤਿੰਨੋਂ ਕਾਲੇ ਖੇਤੀ ਕਾਨੂੰਨਾਂ ਅਤੇ ਬਿਜਲੀ ਬਿੱਲ-2020 ਨੂੰ ਰੱਦ ਕਰਨ ਦੀ ਅਪੀਲ ਕੀਤੀ।

Previous articleਤਿੰਨ ਪਹੀਆ ਆਟੋ ਰਿਕਸ਼ਾ ਹੈ ਮਹਾਰਾਸ਼ਟਰ ਸਰਕਾਰ : ਸ਼ਾਹ
Next articleਨਿਊਜ਼ੀਲੈਂਡ: ਕਿਸਾਨ ਅੰਦੋਲਨ ਦੇ ਹੱਕ ’ਚ ਪ੍ਰਦਰਸ਼ਨ