ਨਵੀਂ ਦਿੱਲੀ (ਸਮਾਜਵੀਕਲੀ) – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਰੋਨਾਵਾਇਰਸ ਕਾਰਨ ਦੇਸ਼ ਦੀ ਤੇ ਦਿੱਲੀ ਦੀ ਅਰਥਵਿਵਸਥਾ ਰੁਕ ਗਈ ਜਿਸ ਕਰ ਕੇ ਦਿੱਲੀ ਸਰਕਾਰ ਨੂੰ ਕਰਾਂ ਰਾਹੀਂ ਪੈਸੇ ਦੀ ਕਮੀ ਹੋ ਗਈ ਤੇ ਹੁਣ ਦਿੱਲੀ ਸਰਕਾਰ ਨੇ ਭਵਿੱਖ ਦੇ ਖਰਚਿਆਂ ਲਈ ਧਨ ਇਕੱਠਾ ਕਰਨ ਲਈ ਖਰਚਿਆਂ ਦੀ ਕਟੌਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਕਾਰੋਬਾਰ ਠੱਪ ਹੋ ਗਏ ਹਨ ਤੇ ਕਿਤੋਂ ਵੀ ਕਰ ਇਕੱਠਾ ਨਹੀਂ ਹੋ ਰਿਹਾ ਜਿਸ ਕਰ ਕੇ ਸਰਕਾਰੀ ਖਰਚ ਵਿੱਚ ਇਹ ਕਟੌਤੀ ਕੀਤੀ ਗਈ ਹੈ।
ਸ੍ਰੀ ਕੇਜਰੀਵਾਲ ਨੇ ਡਿਜੀਟਲ ਪ੍ਰੈੱਸ ਕਾਨਫਰੰਸ ਦੌਰਾਨ ‘ਅਪਰੇਸ਼ਨ ਸ਼ੀਲਡ’ ਦਾ ਐਲਾਨ ਕੀਤਾ ਜਿਸ ਤਹਿਤ 6 ਬਿੰਦੂਆਂ ਨਾਲ ਕੋਵਿਡ-19 ਤੋਂ ਬਚਾਅ ਕਰਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਬਿੰਦੂਆਂ ਤਹਿਤ ਇਲਾਕਿਆਂ ਨੂੰ ਸੀਲ ਕਰਨਾ, ਘਰਾਂ ‘ਚ ਇਕਾਂਤਵਾਸ, ਮਰੀਜ਼ਾਂ ਦੀ ਪਛਾਣ ਲਈ ਘਰ-ਘਰ ਜਾਣਾ, ਜ਼ਰੂਰੀ ਸਾਮਾਨ ਦੀ ਪੂਰਤੀ, ਰੋਗਾਣੂ ਰੋਧਕ ਛਿੜਕਾਅ ਕਰਨਾ ਸ਼ਾਮਲ ਹੈ। ਉਨ੍ਹਾਂ ਮੰਨਿਆ ਕਿ ਅਚਾਨਕ ਪਈ ਬਿਪਤਾ ਕਾਰਨ ਲੋਕਾਂ ਨੂੰ ਰਾਸ਼ਨ ਤੇ ਭੋਜਨ ਮਿਲਣ ’ਚ ਮੁਸ਼ਕਲ ਆ ਰਹੀ ਹੈ ਪਰ ਭਰੋਸਾ ਦਿੱਤਾ ਕਿ ਅੱਜ ਨਹੀਂ ਤਾਂ ਕੱਲ੍ਹ ਰਾਸ਼ਨ ਉਨ੍ਹਾਂ ਨੂੰ ਮਿਲ ਜਾਵੇਗਾ। ਉਨ੍ਹਾਂ ਸਕੂਲਾਂ ਦੇ ਅਮਲੇ ਵੱਲੋਂ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।