ਪਟਿਆਲਾ (ਸਮਾਜ ਵੀਕਲੀ):ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ’ਚ ਹਿੱਸਾ ਲੈਣ ਵਾਲੇ ਦੋ ਕਿਸਾਨਾਂ ਦੀ ਠੰਢ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦਿੱਲੀ ਮੋਰਚੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਸ਼ਾਮਲ ਹੋਏ ਪਿੰਡ ਬਖੋਪੀਰ ਦੇ ਕਿਸਾਨ ਆਗੂ ਗੁਰਚਰਨ ਸਿੰਘ ਦੀ ਮੌਤ ਹੋ ਗਈ ਜਦਕਿ ਪਿੰਡ ਪ੍ਰਤਾਪਗੜ੍ਹ ਦੇ ਕਿਸਾਨ ਜਗੀਰ ਸਿੰਘ ਪ੍ਰਤਾਪਗੜ੍ਹ (70) ਦੀ ਇੱਥੇ ਇੱਕ ਨਿੱਜੀ ਹਸਪਤਾਲ ’ਚ ਮੌਤ ਹੋ ਗਈ। ਕਿਸਾਨ ਜਗੀਰ ਸਿੰਘ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਖ਼ਜ਼ਾਨਚੀ ਸਨ। ਯੂਨੀਅਨ ਆਗੂ ਭੁਪਿੰਦਰ ਸਿੰਘ ਦੂਧਨਸਾਧਾਂ ਨੇ ਦੱਸਿਆ ਕਿ ਜਗੀਰ ਸਿੰਘ ਪਹਿਲਾਂ ਕਈ ਦਿਨ ਸ਼ੰਭੂ ਬੈਰੀਅਰ ’ਤੇ ਲੱਗੇ ਧਰਨੇ ’ਚ ਸ਼ਾਮਲ ਹੁੰਦੇ ਰਹੇ, ਪਰ ਹੁਣ ਉਹ 26 ਦਸੰਬਰ ਤੋਂ ਦਿੱਲੀ ਧਰਨੇ ’ਚ ਸ਼ਾਮਲ ਸਨ ਜਿੱਥੇ ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਸਾਹ ਦੀ ਤਕਲੀਫ਼ ਹੋਈ ਜਿਸ ਮਗਰੋਂ ਸਾਥੀ ਕਿਸਾਨ ਆਗੂ ਉਸ ਨੂੰ ਪਟਿਆਲਾ ਲੈ ਆਏ। ਮ੍ਰਿਤਕ ਕਿਸਾਨ ਦੇ ਲੜਕੇ ਜਸਵਿੰਦਰ ਸਿੰਘ ਮਿੱਠੂ ਨੇ ਦੱਸਿਆ ਕਿ ਉਹ ਅੱਜ ਤਕਲੀਫ਼ ਵਧਣ ਕਾਰਨ ਉਨ੍ਹਾਂ ਨੂੰ ਪਟਿਆਲਾ ਸਥਿਤ ਇੱਕ ਪ੍ਰਾਈਵੇਟ ਹਸਪਤਾਲ ’ਚ ਲੈ ਆਏ ਸਨ ਪਰ ਇੱਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਸਸਕਾਰ 5 ਜਨਵਰੀ ਨੂੰ ਕੀਤਾ ਜਾਵੇਗਾ।
ਇਸ ਦੌਰਾਨ ਦਿੱਲੀ ਮੋਰਚੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਸ਼ਾਮਲ ਹੋਏ ਪਿੰਡ ਬਖੋਪੀਰ ਦੇ ਕਿਸਾਨ ਆਗੂ ਗੁਰਚਰਨ ਸਿੰਘ ਦੀ ਮੌਤ ਹੋ ਗਈ। ਯੂਨੀਅਨ ਦੇ ਬਲਾਕ ਮੀਤ ਪ੍ਰਧਾਨ ਗੁਰਭਜਨ ਸਿੰਘ ਬਖੋਪੀਰ ਨੇ ਦੱਸਿਆ ਕਿ ਗੁਰਚਰਨ ਸਿੰਘ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਮੋਰਚੇ ਵਿੱਚ ਗਿਆ ਹੋਇਆ ਸੀ ਜਿੱਥੇ ਸਖ਼ਤ ਠੰਢ ਕਾਰਨ ਉਸ ਦੀ ਸਿਹਤ ਖਰਾਬ ਹੋ ਗਈ। ਉਹ ਬੀਤੀ ਸ਼ਾਮ ਆਪਣੇ ਪਿੰਡ ਵਾਪਸ ਆ ਗਿਆ ਸੀ ਪਰ ਰਾਤ ਨੂੰ ਤਬੀਅਤ ਹੋਰ ਖਰਾਬ ਹੋਣ ਕਾਰਨ ਉਸ ਦੀ ਮੌਤ ਹੋ ਗਈ। ਅੱਜ ਬਾਅਦ ਦੁਪਹਿਰ ਪਿੰਡ ਬਖੋਪੀਰ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵਰਕਰਾਂ ਅਤੇ ਪਿੰਡ ਵਾਸੀਆਂ ਵੱਲੋਂ ‘ਕਿਸਾਨ ਏਕਤਾ ਜ਼ਿੰਦਾਬਾਦ’ ਅਤੇ ‘ਗੁਰਚਰਨ ਸਿੰਘ ਅਮਰ ਰਹੇ’ ਦੇ ਨਾਅਰਿਆਂ ਦੀ ਗੂੰਜ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਇੱਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ।