ਜਲੰਧਰ (ਸਮਾਜ ਵੀਕਲੀ) : ਅਮਰੀਕਾ ਵਿਚ ਵੱਸਦੇ ਪੰਜਾਬੀ ਟੁੱਟ ਭਰਾਵਾਂ ਨੇ ਦਿੱਲੀ ’ਚ ਮੋਰਚਾ ਲਾਈ ਬੈਠੇ ਕਿਸਾਨਾਂ ਲਈ 20 ਕੁਇੰਟਲ ਦੇ ਕਰੀਬ ਬਦਾਮ ਭੇਜੇ ਹਨ।
ਟੁੱਟ ਭਰਾਵਾਂ ’ਚੋਂ ਇਧਰ ਪੰਜਾਬ ਆਏ ਰਣਵੀਰ ਸਿੰਘ ਟੁੱਟ ਨੇ ਦੱਸਿਆ ਕਿ ਦਿੱਲੀ ਮੋਰਚੇ ’ਚ ਉਹ ਵੀ ਆਪਣਾ ਯੋਗਦਾਨ ਪਾ ਰਹੇ ਹਨ। ਪਿਛਲੇ ਪੰਜਾਂ ਦਿਨਾਂ ਵਿੱਚ ਉਨ੍ਹਾਂ ਨੇ 20 ਕੁਇੰਟਲ ਬਦਾਮ ਦਿੱਲੀ ਮੋਰਚੇ ’ਤੇ ਡਟੇ ਕਿਸਾਨਾਂ ਲਈ ਭੇਜੇ ਹਨ। ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ ਉਹ 10 ਹਜ਼ਾਰ ਏਕੜ ’ਚ ਬਦਾਮਾਂ ਦੀ ਖੇਤੀ ਕਰਦੇ ਹਨ ਤੇ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਨਾਲ ਬਦਾਮਾਂ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਲਈ ਬਦਾਮ ਭੇਜਣਾ ਉਨ੍ਹਾਂ ਲਈ ਵੱਡੇ ਫਖ਼ਰ ਅਤੇ ਸੇਵਾ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਬੈਠੇ ਪਰਵਾਸੀ ਪੰਜਾਬੀਆਂ ਦੀਆਂ ਨਜ਼ਰਾਂ ਦਿੱਲੀ ਅੰਦੋਲਨ ’ਤੇ ਟਿਕੀਆਂ ਹੋਈਆਂ ਹਨ। ਉਥੇ ਪੰਜਾਬੀ ਹੀ ਨਹੀਂ ਸਗੋਂ ਅਮਰੀਕਾ ਦੇ ਲੋਕ ਵੀ ਇਸ ਅੰਦੋਲਨ ਨੂੰ ਬੜੇ ਗਹੁ ਨਾਲ ਦੇਖ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਤੋਂ ਉਨ੍ਹਾਂ ਦਾ ਇਕ ਨਜ਼ਦੀਕੀ ਰਿਸ਼ਤੇਦਾਰ ਦਿੱਲੀ ਮੋਰਚੇ ਲਈ ਬਦਾਮ ਲੈ ਕੇ ਗਿਆ ਸੀ ਤੇ ਜਲੰਧਰ ਤੋਂ ਵੀ ਦਿੱਲੀ ਗਏ ਜਥੇ ਰਾਹੀਂ ਬਦਾਮ ਭੇਜੇ ਸਨ। ਟੁੱਟ ਭਰਾਵਾਂ ਤੋਂ ਇਲਾਵਾ ਹੋਰ ਲੋਕ ਵੀ ਆਪਣੀ ਸਮਰੱਥਾ ਅਨੁਸਾਰ ਦਿੱਲੀ ਮੋਰਚੇ ਲਈ ਬਦਾਮ ਭੇਜ ਰਹੇ ਹਨ। ਟਾਂਡੇ ਤੋਂ ਵੀ ਕੁਝ ਵਿਅਕਤੀ ਪੰਜ ਕੁਇੰਟਲ ਬਦਾਮ ਦਿੱਲੀ ਲੈ ਕੇ ਗਏ ਸਨ। ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਦੱਸਿਆ ਕਿ ਉਹ ਕਿਸਾਨ ਮੋਰਚੇ ’ਚ ਦੂਜੀ ਵਾਰ ਸਿੰਘੂ ਬਾਰਡਰ ’ਤੇ ਪਹੁੰਚੇ ਹਨ ਤੇ ਉਹ ਇਸ ਗੱਲੋਂ ਹੈਰਾਨ ਹਨ ਕਿ ਬਦਾਮਾਂ ਦੇ ਲੱਗੇ ਲੰਗਰ ਵਿੱਚ ਵੀ ਲੋਕਾਂ ਨੂੰ ਖੁੱਲ੍ਹੇ ਗੱਫੇ ਵੰਡੇ ਜਾ ਰਹੇ ਹਨ। ਹਰਿਆਣੇ ਦੇ ਲੋਕ ਪੰਜਾਬੀਆਂ ਵੱਲੋਂ ਦਿਖਾਈ ਜਾ ਰਹੀ ਦਲੇਰੀ ਤੋਂ ਖੁਸ਼ ਤੇ ਹੈਰਾਨ ਵੀ ਹਨ।