ਨਵੀਂ ਦਿੱਲੀ (ਸਮਾਜ ਵੀਕਲੀ) : ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ 26 ਜਨਵਰੀ ਨੂੰ ਐਲਾਨੀ ਹੋਈ ‘ਕਿਸਾਨ ਗਣਤੰਤਰ ਪਰੇਡ’ ਨੂੰ ਦਿੱਲੀ ਪੁਲੀਸ ਨੇ ਦਿੱਲੀ ਵਿੱਚ ਦਾਖ਼ਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਰੂਟ ਬਾਰੇ ਭਲਕੇ ਕਿਸਾਨ ਆਗੂਆਂ ਤੇ ਦਿੱਲੀ ਪੁਲੀਸ ਦੇ ਅਧਿਕਾਰੀਆਂ ਵੱਲੋਂ ਮੁੱਖ ਸੜਕਾਂ ਦਾ ਦੌਰਾ ਕਰਕੇ ਆਖ਼ਰੀ ਯੋਜਨਾ ਉਲੀਕੀ ਜਾਵੇਗੀ। ਕਿਸਾਨ ਆਗੂਆਂ ਨੇ ਇਸ ਮਨਜ਼ੂਰੀ ਨੂੰ ਦੇਸ਼ ਦੇ ਕਿਸਾਨਾਂ ਦੀ ਇਕ ਜਿੱਤ ਕਰਾਰ ਦਿੱਤਾ ਹੈ।
ਪਰੇਡ ਦੌਰਾਨ ਕਿਸਾਨਾਂ ਦੀ ਹਾਲਤ ਤੇ ਸਰਕਾਰੀ ਨੀਤੀਆਂ ’ਤੇ ਚੋਟ ਕਰਦੀਆਂ ਝਾਕੀਆਂ ਵੀ ਪੇਸ਼ ਕੀਤੀਆਂ ਜਾਣਗੀਆਂ। ਦੇਸ਼ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਵੇਗਾ ਕਿ ਕੌਮੀ ਗਣਤੰਤਰ ਪਰੇਡ ਦੇ ਬਰਾਬਰ ਦੇਸ਼ ਦਾ ਅੰਨਦਾਤਾ ਪਰੇਡ ਕਰਨ ਲਈ ਵੱਡੀ ਗਿਣਤੀ ਵਿੱਚ ਖੇਤੀ ਸੰਦ ਲੈ ਕੇ ਸੜਕਾਂ ’ਤੇ ਉੱਤਰੇਗਾ। ਦਿੱਲੀ ਦੇ ਪੁਲੀਸ ਕਮਿਸ਼ਨਰ (ਚੌਕਸੀ) ਸ੍ਰੀ ਪਾਠਕ, ਸੰਯੁਕਤ ਪੁਲੀਸ ਕਮਿਸ਼ਨਰ ਸੁਰਿੰਦਰ ਯਾਦਵ ਦੇ ਨਾਲ ਨਾਲ ਕਿਸਾਨ ਆਗੂ ਡਾ. ਦਰਸ਼ਨਪਾਲ, ਯੋਗਿੰਦਰ ਯਾਦਵ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਗੁਰਨਾਮ ਸਿੰਘ ਚੜੂਨੀ, ਯੁੱਧਵੀਰ ਸਿੰਘ, ਤੇਜਿੰਦਰ ਸਿੰਘ ਵਿਰਕ, ਰਮਿੰਦਰ ਸਿੰਘ ਪਟਿਆਲਾ, ਰਾਜਿੰਦਰ ਸਿੰਘ ਰਾਜੂ, ਅਭਿਮੰਨਯੂ ਕੁਹਾੜ ਵਿਚਾਲੇ ਕਰੀਬ 5 ਘੰਟੇ ਦੀ ਚੱਲੀ ਮੀਟਿੰਗ ਦੌਰਾਨ ਪੁਲੀਸ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਵੱਡੀ ਗਿਣਤੀ ਵਿੱਚ ਟਰੈਕਟਰ ਇਸ ਪਰੇਡ ਵਿੱਚ ਸ਼ਾਮਲ ਹੋਣਗੇ।
ਕਿਸਾਨ ਆਗੂਆਂ ਨੇ ਪੁਲੀਸ ਨੂੰ ਭਰੋਸਾ ਦਿੱਤਾ ਕਿ ਪਰੇਡ ਸ਼ਾਂਤਮਈ ਤੇ ਅਨੁਸ਼ਾਸਿਤ ਹੋਵੇਗੀ। ਕਿਸਾਨ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਕਿ ਸਿੰਘੂ, ਟਿਕਰੀ, ਗਾਜ਼ੀਪੁਰ ਤੋਂ ਟਰੈਕਟਰ ਦਿੱਲੀ ਵਿੱਚ ਦਾਖ਼ਲ ਹੋਣਗੇ ਤੇ ਪਰੇਡ ਦਿੱਲੀ ਦੇ ਅੰਦਰ ਹੀ ਹੋਵੇਗੀ, ਇਸ ਲਈ ਪੁਲੀਸ ਰੋਕਾਂ ਹਟਾ ਦੇਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਟਰੈਕਟਰਾਂ ਦੀ ਗਿਣਤੀ ਸੀਮਤ ਕਰਨ ਦੇ ਸੁਝਾਅ ਨੂੰ ਕਿਸਾਨਾਂ ਨੇ ਇਹ ਆਖਦੇ ਹੋਏ ਰੱਦ ਕਰ ਦਿੱਤਾ ਕਿ ਟਰੈਕਟਰ ਤਾਂ ਬਹੁਤ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਵੱਲੋਂ ਸਾਰੇ ਬੈਰੀਕੇਡ 25 ਜਨਵਰੀ ਨੂੰ ਖੋਲ੍ਹ ਦਿੱਤੇ ਜਾਣਗੇੇ ਤੇ ਰੂਟ ਭਲਕੇ ਮਿਲ ਕੇ ਤੈਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਪਰੇਡ ਸ਼ਾਂਤਮਈ ਤੇ ਜ਼ਬਤ ’ਚ ਹੋਵੇਗੀ ਤੇ ਕਿਸਾਨ ਦਿੱਲੀ ਅੰਦਰ ਪਰੇਡ ਤੋਂ ਬਾਅਦ ਵਿੱਚ ਨਹੀਂ ਬੈਠਣਗੇ।
ਉਨ੍ਹਾਂ ਕਿਹਾ ਕਿ ਕਿਸਾਨ ਪਰੇਡ ਦਾ ਕੌਮੀ ਗਣਤੰਤਰ ਦਿਵਸ ਪਰੇਡ ਉਪਰ ਕੋਈ ਵੀ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਰੀਬ 1 ਲੱਖ ਟਰੈਕਟਰ ਪਰੇਡ ਵਿੱਚ ਸ਼ਾਮਲ ਹੋ ਸਕਦੇ ਹਨ। ਕਿਸਾਨਾਂ ਮੁਤਾਬਕ ਐਨੀ ਵੱਡੀ ਗਿਣਤੀ ਵਿੱਚ ਆਉਣ ਵਾਲੇ ਸਾਰੇ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣਗੇ ਜਿਸ ਲਈ ਸੜਕਾਂ ਦੀ ਲੰਬਾਈ 100 ਕਿਲੋਮੀਟਰ ਤੋਂ ਜ਼ਿਆਦਾ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ 24 ਜਨਵਰੀ ਨੂੰ ਪਰੇਬ ਬਾਰੇ ਇਕ ਹੈੱਡਕੁਆਰਟਰ ਵੀ ਕਾਇਮ ਕੀਤਾ ਜਾਵੇਗਾ। ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਤੇ ਪਰੇਡ ਵਿੱਚ ਸ਼ਾਮਲ ਚਾਲਕਾਂ ਨੂੰ ਜ਼ਰੂਰੀ ਹਦਾਇਤਾਂ ਦੇਣ ਲਈ ਪ੍ਰਬੰਧ ਕੀਤਾ ਜਾਵੇਗਾ। ਇਹ ਪਰੇਡ ਕਰੀਬ 24 ਘੰਟੇ ਚੱਲੇਗੀ ਜਿਸ ਲਈ ਖਾਣੇ ਤੇ ਹੋਰ ਸਾਮਾਨ ਦਾ ਪ੍ਰਬੰਧ ਕਰਨਾ ਵੀ ਸ਼ਾਮਲ ਹੈ।
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਪਰੇਡ ਵਿੱਚ ਸ਼ਾਮਲ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਨੁਸ਼ਾਸਨ ਬਣਾਈ ਰੱਖਣ। ਯੋਗਿੰਦਰ ਯਾਦਵ ਨੇ ਕਿਹਾ ਕਿ ਪਰੇਡ ਸ਼ਾਂਤਮਈ ਤੇ ਪੂਰੇ ਪ੍ਰਬੰਧ ਨਾਲ ਚੱਲੇਗੀ। ਉਗਰਾਹਾਂ ਧੜੇ ਦੇ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 30 ਹਜ਼ਾਰ ਤੋਂ ਵੱਧ ਟਰੈਕਟਰ ਟਰਾਲੀਆਂ ਸੰਗਰੂਰ ਤੇ ਡੱਬਵਾਲੀ ਤੋਂ ਐਤਵਾਰ ਨੂੰ ਤੜਕੇ ਦਿੱਲੀ ਪੁੱਜ ਜਾਣਗੇ। ਕਿਸਾਨ ਆਗੂ ਇਸ ਪਰੇਡ ਵਿੱਚ 20 ਰਾਜਾਂ ਦੇ ਕਿਸਾਨਾਂ ਦੀ ਸ਼ਮੂਲੀਅਤ ਦੀ ਉਮੀਦ ਕਰ ਰਹੇ ਹਨ।