ਨਵੀਂ ਦਿੱਲੀ (ਸਮਾਜ ਵੀਕਲੀ) : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਰੋਨਾਵਾਇਰਸ ਸਬੰਧੀ ਲਗਾਤਾਰ ਵਿਗੜ ਰਹੇ ਹਾਲਾਤ ਦੇ ਮੱਦੇਨਜ਼ਰ ਦਿੱਲੀ ਵਿੱਚ ਤਾਲਾਬੰਦੀ ਨੂੰ ਇੱਕ ਹੋਰ ਹਫ਼ਤੇ ਲਈ ਵਧਾਉਣ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਨਤਾ ਦੀ ਵੀ ਇਹੀ ਰਾਇ ਹੈ ਕਿ ਤਾਲਾਬੰਦੀ ਵਧਾਈ ਜਾਵੇ। ਇਹ ਤਾਲਾਬੰਦੀ ਹੁਣ 3 ਮਈ ਸਵੇਰੇ 5 ਵਜੇ ਤੱਕ ਲਾਗੂ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹੁਣ ਦਿੱਲੀ ਨੂੰ 490 ਟਨ ਆਕਸੀਜਨ ਅਲਾਟ ਕਰ ਦਿੱਤੀ ਹੈ ਪਰ ਅਲਾਟ ਕੀਤੀ ਗਈ ਪੂਰੀ ਆਕਸੀਜਨ ਅਜੇ ਪਹੁੰਚ ਨਹੀਂ ਰਹੀ ਹੈ ਜੋ ਕਿ ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਦਾ ਵੱਡਾ ਕਾਰਨ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਦਿੱਲੀ ਸਰਕਾਰ ਦੀਆਂ ਟੀਮਾਂ ਮਿਲ ਕੇ ਕੰਮ ਕਰ ਰਹੀਆਂ ਹਨ ਤੇ ਸਪਲਾਈ ਵਿਚ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਸ੍ਰੀ ਕੇਜਰੀਵਾਲ ਨੇ ਅੱਜ ਇੱਕ ਡਿਜੀਟਲ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਕਰੋਨਾ ਸਬੰਧੀ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ। ਕਰੋਨਾ ਦੇ ਕੇਸਾਂ ਵਿੱਚ ਕਾਫੀ ਵਾਧਾ ਹੋਇਆ ਹੈ ਜਿਸ ਦੇ ਮੱਦੇਨਜ਼ਰ ਤਾਲਾਬੰਦੀ ਹੀ ਇਸ ਮਹਾਮਾਰੀ ਨਾਲ ਨਜਿੱਠਣ ਦਾ ਆਖਰੀ ਹਥਿਆਰ ਹੈ। ਮੁੱਖ ਮੰਤਰੀ ਨੇ ਕਿਹਾ, ‘ਅਸੀਂ ਦੇਖਿਆ ਹੈ ਕਿ ਕਰੋਨਾ ਲਾਗ ਦੀ ਦਰ ਲਗਪਗ 36 ਤੋਂ 37 ਫ਼ੀਸਦ ਤੱਕ ਪਹੁੰਚ ਗਈ ਹੈ। ਅੱਜ ਤੱਕ ਅਸੀਂ ਦਿੱਲੀ ਵਿਚ ਲਾਗ ਦੀ ਐਨੀ ਦਰ ਨਹੀਂ ਦੇਖੀ ਹੈ ਪਰ ਪਿਛਲੇ ਦੋ ਦਿਨਾਂ ਵਿਚ ਲਾਗ ਦੀ ਦਰ ਵਿੱਚ ਥੋੜਾ ਨਿਘਾਰ ਆਇਆ ਹੈ। ਅੱਜ ਲਾਗ ਦੀ ਦਰ 30 ਫ਼ੀਸਦ ’ ਤੇ ਆ ਗਈ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਕਰੋਨਾ ਅੰਤ ਵੱਲ ਹੈ ਪਰ ਇਹ ਹੁਣ ਤੱਕ ਦੇ ਤੱਥ ਹਨ, ਜੋ ਅੱਗੇ ਕੁਝ ਹੋਰ ਦਿਨ ਦੇਖਣੇ ਪੈਣਗੇ। ਇਹ ਬਿਮਾਰੀ ਵਧ ਵੀ ਸਕਦੀ ਹੈ ਤੇ ਘੱਟ ਸਕਦੀ ਹੈ, ਪਰ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਕਰੋਨਾ ਤੋਂ ਮੁਕਤ ਹੋ ਸਕੀਏ।’’
ਉਨ੍ਹਾਂ ਕਿਹਾ ਕਿ ਦਿੱਲੀ ਵਿਚ ਆਕਸੀਜਨ ਦੀ ਭਾਰੀ ਘਾਟ ਹੈ। ਕੇਂਦਰ ਸਰਕਾਰ ਤੋਂ 480 ਟਨ ਆਕਸੀਜਨ ਅਲਾਟ ਕੀਤੀ ਗਈ ਹੈ ਪਰ ਕੱਲ੍ਹ ਸਿਰਫ 330 ਤੋਂ 335 ਟਨ ਆਕਸੀਜਨ ਹੀ ਦਿੱਲੀ ਪਹੁੰਚੀ। ਦਿੱਲੀ ਨੂੰ 330 ਤੋਂ 335 ਟਨ ਆਕਸੀਜਨ ਦੇ ਮੁਕਾਬਲੇ 700 ਟਨ ਆਕਸੀਜਨ ਦੀ ਲੋੜ ਹੈ। ਸ੍ਰੀ ਕੇਜਰੀਵਾਲ ਨੇ ਕਿਹਾ, ‘‘ਸਾਡੇ ਸਾਰੇ ਮੰਤਰੀ ਤੇ ਸਾਰੇ ਲੋਕ ਹਰ ਰਾਤ ਹਸਪਤਾਲ ਪਹੁੰਚਦੇ ਹਨ, ਜਿੱਥੇ ਆਕਸੀਜਨ ਦੀ ਘਾਟ ਹੁੰਦੀ ਹੈ। ਆਕਸੀਜਨ ਸਪਲਾਇਰਾਂ ਤੇ ਨਿਰਮਾਤਾਵਾਂ ਤੋਂ ਲੈ ਕੇ ਟਰੱਕ ਡਰਾਈਵਰਾਂ ਤੱਕ ਨੂੰ ਫੋਨ ਕਰ ਕੇ ਸਮੇਂ ਸਿਰ ਹਸਪਤਾਲਾਂ ਵਿਚ ਆਕਸੀਜਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly