(ਸਮਾਜ ਵੀਕਲੀ)
ਇਸ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਏਕੇ ਵਿੱਚ ਬਰਕਤ ਦੀ ਪ੍ਰੀਭਾਸ਼ਾ ਪੂਰੀ ਦੁਨੀਆਂ ਨੂੰ ਵਿਖਾ ਦਿੱਤੀ ਹੈ। ਜਾਤ ਪਾਤ, ਧਰਮ, ਰਾਜਨੀਤੀ, ਸ਼ਰੀਕੇ ਦਾ ਵੈਰ ਤੇ ਗੁਆਂਢੀ ਰਾਜਾਂ ਨਾਲ ਰਾਜਨੀਤਕ ਪਾਰਟੀਆਂ ਦੇ ਗੱਡੇ ਹੋਏ ਤੱਕਲੇ ਮੋਰਚਾ ਸ਼ੁਰੂ ਹੁੰਦੇ ਹੀ ਇਨਸਾਨੀਅਤ ਕੀ ਹੁੰਦੀ ਹੈ? ਸੋਸ਼ਲ ਮੀਡੀਆ ਤੇ ਮਿਲ ਕੇ ਬੈਠੀ ਵੱਖ ਵੱਖ ਰਾਜਾਂ ਦੇ ਕਿਸਾਨਾਂ ਦੀ ਜੁੰਡਲੀ, ਜੰਗ ਜਿੱਤ ਕੇ ਆਏ ਸੁਰਮਿਆਂ ਦੇ ਚਿਹਰਿਆਂ ਵਾਲੀ ਚਮਕ ਡੁੱਲ੍ਹ ਡੁੱਲ੍ਹ ਪੈਂਦੀ ਹੈ, ਨੂਰ ਝਲਕਾਂ ਮਾਰਦਾ ਹੈ। ਜੇ ਕੋਈ ਜਾਣਨਾ ਚਾਹੁੰਦਾ ਹੈ ਤਾਂ ਕਿਸਾਨ ਮੋਰਚੇ ਦਾ ਇਕ ਗੇੜਾ ਜ਼ਰੂਰ ਮਾਰ ਕੇ ਆਵੇ। ਭਾਰਤ ਦੀਆਂ ਸਾਰੀਆਂ ਕਿਸਾਨ ਤੇ ਮਜ਼ਦੂਰ ਯੂਨੀਅਨਾਂ ਮਿਲਕੇ ਸਾਰੇ ਮਸਲੇ ਵਿਚਾਰਦੀਆਂ ਹਨ ਤੇ ਅਗਲੀ ਨੀਤੀ ਸਹੀ ਰੂਪ ਵਿੱਚ ਘੜਦੀਆਂ ਹਨ। ਕੇਂਦਰ ਸਰਕਾਰ ਦੇ ਮੰਤਰੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਿਸਾਨ ਯੂਨੀਅਨਾਂ ਦੀਆ ਮੀਟਿੰਗਾਂ ਹੋਈਆ, ਹੱਲ ਹੋਣ ਦੀ ਕੋਈ ਆਸ ਨਹੀਂ ਸੀ ਕਿਉਂਕਿ ਕਾਲੇ ਕਾਨੂੰਨ ਬਿਲਾਂ ਦੀ ਘਾੜਤ ਪਤਲੀ ਗਲੀ ਵਿੱਚ ਦੀ ਕਾਰਪੋਰੇਟ ਘਰਾਣੇ ਵੱਲੋਂ ਆਈ ਸੀ। ਮੀਟਿੰਗ ਕਰਨ ਵਾਲੇ ਕੇਂਦਰੀ ਮੰਤਰੀ ਤੇ ਅਧਿਕਾਰੀ ਉਨ੍ਹਾਂ ਪਾਸ ਕੀਤੇ ਕਾਨੂੰਨਾਂ ਦੀ ਪਰਿਭਾਸ਼ਾ ਜਾਣਦੇ ਹੀ ਨਹੀਂ ਸਨ, ਕਿਸਾਨ ਯੂਨੀਅਨ ਦੇ ਮੁਖੀਆਂ ਨੇ ਮੀਟਿੰਗਾਂ ਵਿਚ ਉਨ੍ਹਾਂ ਨੂੰ ਇਨ੍ਹਾਂ ਬਿਲਾਂ ਦਾ ਕੱਚ ਤੇ ਸੱਚ ਪੂਰਨ ਰੂਪ ਵਿਚ ਸਮਝਾਇਆ।ਕਿਸਾਨ ਮੁੱਖੀਆਂ ਦੀ ਮੀਟਿੰਗ ਦੌਰਾਨ ਉਨ੍ਹਾਂ ਦੀ ਚਾਹ ਤੇ ਖਾਣੇ ਨੂੰ ਨਾ ਮਨਜ਼ੂਰ ਕਰਨਾ ਜਿੱਤ ਵੱਲ ਬਹੁਤ ਵੱਡਾ ਸਹੀ ਰਸਤਾ ਇਨਕਲਾਬ ਵੱਲ ਨੂੰ ਚੱਲ ਪਿਆ ਸੀ।ਹਰ ਮੀਟਿੰਗ ਤੋਂ ਬਾਅਦ ਸਾਮਲ ਹੋਏ ਮੰਤਰੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਹਾਮੀ ਭਰੀ, ਪਰ ਆਪਣੀ ਸਰਕਾਰ ਦਾ ਨੱਕ ਸੰਭਾਲਣ ਲਈ ਇਹ ਕਿਹਾ ਕਿ ਕਿਤਾਬ ਦੇ ਸਾਰੇ ਪੰਨੇ ਬਦਲ ਦੇਵਾਂਗੇ ਪਰ ਕਿਤਾਬ ਦੀ ਜਿਲਦ ਕਾਨੂੰਨ ਪਾਸ ਹੋਏ ਵਾਲੀ ਰਹਿਣ ਦੇਵੋ।ਕਿਸਾਨ ਯੂਨੀਅਨ ਦੇ ਨੇਤਾਵਾਂ ਦੀ ਉੱਚੀ ਸੋਚ ਦਾ ਉਸ ਦਿਨ ਮੀਟਿੰਗ ਵਿਚ ਪਤਾ ਲੱਗਿਆ ਜਦੋਂ ਉਨ੍ਹਾਂ ਨੇ ਮੁੱਕਦੀ ਗੱਲ ਹਾਂ ਜਾਂ ਨਾਂਹ ਕੀਤੀ, ਉਹ ਪਹਿਲੀ ਜਿੱਤ ਸੀ ਜਿਸ ਨੂੰ ਵੇਖ ਕੇ ਸਰਕਾਰ ਦੇ ਸਾਰੇ ਇੰਜਰ ਪਿੰਜਰ ਢਿੱਲੇ ਹੋ ਗਏ।
ਭਾਰਤੀ ਕਿਸਾਨ ਯੂਨੀਅਨਾਂ ਤੇ ਮਜ਼ਦੂਰਾਂ ਨੇ ਜਿੱਤ ਪ੍ਰਾਪਤ ਕਰ ਹੀ ਲਈ ਹੈ ,ਕਿਉਂਕਿ ਹਰ ਰੋਜ਼ ਹਜ਼ਾਰਾਂ ਮਜ਼ਦੂਰ ਤੇ ਕਿਸਾਨ ਮੋਰਚੇ ਵਿੱਚ ਸ਼ਾਮਲ ਹੁੰਦੇ ਜਾ ਰਹੇ ਹਨ।ਇਹ ਗੱਲ ਹਰ ਕੋਈ ਜਾਣਦਾ ਹੀ ਹੈ ਜਿੱਤਣ ਵਾਲਿਆਂ ਦਾ ਹੀ ਪਲੜਾ ਭਾਰੀ ਹੁੰਦਾ ਹੈ, ਇਹ ਖਾਸ ਜਿੱਤ ਹੈ ਮੋਢੇ ਨਾਲ ਮੋਢਾ ਜੋੜਨਾ, ਕਿਸਾਨ ਯੂਨੀਅਨਾਂ ਵੱਲੋਂ ਜਦੋਂ ਵੀ ਹੋਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਲਈ ਸੋਸ਼ਲ ਮੀਡੀਆ ਤੇ ਛੋਟਾ ਜਿਹਾ ਸੱਦਾ ਦਿੱਤਾ ਜਾਂਦਾ ਹੈ। ਸਾਡੀ ਮਾਂ ਬੋਲੀ ਪੰਜਾਬੀ ਦੀ ਕਹਾਵਤ “ਪੈਰੀਂ ਜੁੱਤੀ ਨਾ ਪਾਵਾਂ ਸੱਦੀ ਹੋਈ ਮਿੱਤਰਾਂ ਦੀ” ਸਾਡੇ ਪਿੰਡਾਂ ਵਿਚੋਂ ਨੌਜਵਾਨ ਬਜ਼ੁਰਗ ਸਾਡੀਆਂ ਮਾਵਾਂ ਭੈਣਾਂ ਧੀਆਂ ਬੱਚੇ ਭੱਜੇ ਹੋਏ ਜਾਂਦੇ ਹਨ, ਕਿ ਸਾਡੇ ਬਜ਼ੁਰਗ ਬਾਬਿਆਂ ਤੇ ਬਾਪੂਆਂ ਨੇ ਬੁਲਾਇਆ ਹੈ ਚਲੋ ਉਨ੍ਹਾਂ ਨਾਲ ਮਿਲ ਕੇ ਵਿਚਾਰ ਕਰੀਏ।ਸਾਡੇ ਪ੍ਰਧਾਨ ਮੰਤਰੀ ਜੀ ਨੇ ਜਦੋਂ ਦੀ ਕਮਾਂਡ ਸੰਭਾਲੀ ਹੈ, ਇਨ੍ਹਾਂ ਦਾ ਇਕ ਜੁਮਲਾ ਸੀ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ। ਕਾਲੇ ਕਾਨੂੰਨ ਦੇ ਬਿੱਲ ਪਾਸ ਹੋਣ ਤੋਂ ਬਾਅਦ ਦੁੱਗਣੀ ਆਮਦਨ ਕਿਸਾਨਾਂ ਨੇ ਨਾ ਮਨਜ਼ੂਰੀ ਦੀ ਮੋਹਰ ਲਾ ਦਿੱਤੀ, ਤਾਂ ਪ੍ਰਧਾਨ ਮੰਤਰੀ ਜੀ ਦਾ ਜੁਮਲਾ ਹੁਣ ਇਕ ਗੋਗਾ ਬਣ ਗਿਆ ਹੈ “ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਖ਼ਾਸ ਕਾਨੂੰਨ ਭੋਲੇ ਕਿਸਾਨਾਂ ਨੂੰ ਸਮਝ ਨਹੀਂ ਆਇਆ” ਪ੍ਰਧਾਨ ਮੰਤਰੀ ਜੀ ਨੂੰ ਇਹ ਪਤਾ ਨਹੀਂ ਹੁਣ ਸਾਡੇ ਕਿਸਾਨ ਉੱਚ ਪੱਧਰ ਸਿੱਖਿਆ ਪ੍ਰਾਪਤ ਹਨ ਸਾਇੰਸ ਦੇ ਤਰੀਕਿਆਂ ਨਾਲ ਖੇਤਾਂ ਵਿਚ ਹਰ ਚੀਜ਼ ਦੀ ਪੈਦਾਵਾਰ ਵਧਾਈ ਹੈ। ਮੋਰਚੇ ਨੂੰ ਫੇਲ੍ਹ ਕਰਨ ਲਈ ਬਹੁਤ ਤਰੀਕੇ ਵਰਤੇ ਗਏ ਜਿਸ ਦਾ ਜ਼ਿਕਰ ਕਰਨਾ ਹੀ ਨਹੀਂ ਚਾਹੀਦਾ। ਕਿਉਂਕਿ ਸਾਡੀਆਂ ਯੂਨੀਅਨਾਂ ਦੇ ਪ੍ਰਧਾਨ ਜਿਨ੍ਹਾਂ ਦੀ ਗਿਣਤੀ ਇਕੱਤੀ ਸੀ, ਹੁਣ ਭਾਰਤ ਦੀਆਂ ਸਾਰੀਆ ਯੂਨੀਅਨਾਂ ਮਿਲਕੇ ਪੰਜ ਸੌ ਦਾ ਅੰਕੜਾ ਪਾਰ ਹੈ, ਜੋ ਕਿ ਦਹਾਕਿਆਂ ਤੋਂ ਕਿਸਾਨੀ ਦੇ ਯੁੱਧ ਲੜਦੇ ਆ ਰਹੇ ਹਨ, ਪੁਰਾਣੀ ਤੇ ਨਵੀਂ ਤਕਨੀਕ ਨਾਲ ਖੇਤੀ ਕਰਨ ਵਾਲੇ ਆਪਣੀਆਂ ਜ਼ਰੂਰਤਾਂ, ਸਰਕਾਰਾਂ ਦੇ ਵਿਖਾਏ ਸਬਜ਼ਬਾਗ ਉਨ੍ਹਾਂ ਵਿੱਚੋਂ ਨਿੱਕਲੇ ਹਨ ਜਦੋਂ ਇਹ ਸਾਰੇ ਪ੍ਰਧਾਨ ਇਕੱਠੇ ਹੋ ਕੇ ਮੀਟਿੰਗ ਕਰਦੇ ਹਨ, ਉਨ੍ਹਾਂ ਨੂੰ ਸਭ ਕੁਝ ਹੁੰਦਾ ਹੈ ਕਿ ਅੱਜ ਭੱਠੀ ਤੇ ਕੀ ਪੱਕਣ ਵਾਲਾ ਹੈ।
ਪੰਜ ਮੀਟਿੰਗਾਂ ਜੋ ਕੇ ਮੰਤਰੀਆਂ ਨੇ ਸਿੱਖਿਆ ਪ੍ਰਾਪਤ ਕਰਨ ਲਈ ਕੀਤੀਆਂ ਸਨ ਹੁਣ ਸ਼ੁਰਲੀ ਛੱਡ ਦਿੱਤੀ ਕਿ ਕਦੇ ਵੀ ਕਿਸਾਨ ਸਾਡੇ ਨਾਲ ਆ ਕੇ ਮੀਟਿੰਗ ਕਰ ਲੈਣ, ਕਿਸਾਨਾਂ ਨੇ ਸੱਦਾ ਦੇਣ ਦੀ ਤਕਨੀਕ ਵੀ ਉਨ੍ਹਾਂ ਨੂੰ ਸਿਖਾ ਦਿੱਤੀ ਹੈ, ਮੀਟਿੰਗ ਲਈ ਜਰੂਰੀ ਨੁੱਕਤੇ ਲਿਖਕੇ ਭੇਜ ਦਿੱਤੇ। ਸਰਕਾਰਾਂ ਆਪਣੀ ਕੁਰਸੀ ਮਜ਼ਬੂਤ ਕਰਨ ਲਈ ਨੇਤਾ ਖ਼ਰੀਦਦੇ ਤਾਂ ਵੇਖੇ ਹਨ ਇੱਥੇ ਇਨ੍ਹਾਂ ਨੇ ਭਾੜੇ ਦੇ ਕਿਸਾਨ ਯੂਨੀਅਨ ਦੇ ਨੇਤਾ ਵੀ ਖੜ੍ਹੇ ਕਰ ਲਏ, ਜਿਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਆਲੂ ਧਰਤੀ ਵਿਚ ਪੈਦਾ ਹੁੰਦੇ ਹਨ ਕਿ ਦਰੱਖ਼ਤਾਂ ਨੂੰ ਲੱਗਦੇ ਹਨ।ਕਿਸਾਨਾਂ ਦੇ ਮੋਰਚੇ ਦੇ ਵਾਰੇ ਮੋਟਾ ਜਿਹਾ ਖਿਆਲ ਹੈ ਪੰਜ ਲੱਖ ਤੋਂ ਉੱਪਰ ਧਰਨੇ ਵਿਚ ਹਿੱਸਾ ਲੈਣ ਵਾਲੇ ਹਨ। ਲੱਖਾਂ ਦੀ ਗਿਣਤੀ ਵਿੱਚ ਹਰ ਰੋਜ਼ ਮਜ਼ਦੂਰ ਤੇ ਕਿਸਾਨ ਜੁੜਦੇ ਜਾ ਰਹੇ ਹਨ ਉਹ ਦਿਨ ਦੂਰ ਨਹੀਂ ਜਦੋਂ ਕਿ ਗਿਨੀਜ਼ ਬੁੱਕ ਦੇ ਵਿੱਚ ਸਭ ਤੋਂ ਵੱਡੇ ਇਸ ਧਰਨੇ ਦਾ ਨਾਮ ਪਹਿਲੇ ਨੰਬਰ ਤੇ ਉੱਕਰਿਆ ਜਾਵੇਗਾ, ਇਸ ਧਰਨੇ ਦੇ ਉੱਤੇ ਲਿਖੀ ਹੋਈ ਕਿਤਾਬ ਹੁਣ ਹੀ ਇਕ ਇਤਿਹਾਸਕ ਕਿਤਾਬ ਬਣ ਜਾਏਗੀ ਜਿਸ ਨੂੰ ਪੜ੍ਹ ਕੇ ਦੁਨੀਆਂ ਦੇ ਕਿਸਾਨ ਤੇ ਕਾਮੇ ਆਪਣੀਆਂ ਮੰਗਾਂ ਆਪਣੀਆਂ ਸਰਕਾਰਾਂ ਤੋਂ ਪੂਰੀਆਂ ਕਰਵਾਇਆ ਕਰਨਗੇ।
ਭਾਰਤੀ ਜਨਤਾ ਪਾਰਟੀ ਨੇ ਦੋ ਵਾਰ ਕੇਂਦਰ ਸਰਕਾਰ ਵਿੱਚ ਕੁਰਸੀ ਪ੍ਰਾਪਤ ਕਰਨ ਲਈ ਆਈ. ਟੀ. ਸੈੱਲ ਸੋਸ਼ਲ ਮੀਡੀਆ ਦੀ ਇਨਫਰਮੇਸ਼ਨ ਟੈਕਨਾਲੋਜੀ ਖ਼ਾਸ ਸਹਾਰਾ ਬਣਾਈ ਸੀ ਇਸੇ ਆਧਾਰ ਤੇ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਸਾਡੀਆਂ ਕਿਸਾਨ ਯੂਨੀਅਨਾਂ ਨੇ ਇਸ ਰੂਪ ਨੂੰ ਪੂਰਨ ਰੂਪ ਵਿੱਚ ਅਪਣਾ ਕੇ ਪੰਜਾਬ ਦੇ ਹਰ ਕਿਸਾਨ ਮਜ਼ਦੂਰ ਨੂੰ ਪਾਸ ਕੀਤੇ ਕਾਲੇ ਕਾਨੂੰਨ ਦੇ ਪੰਨਿਆਂ ਦਾ ਇਕ ਇਕ ਅੱਖਰ ਘਰ ਬੈਠੇ ਪੜ੍ਹਾ ਦਿੱਤਾ। ਵੈਬੀਨਾਰ ਤਕਨੀਕ ਰਾਹੀਂ ਲੋਕਾਂ ਨਾਲ ਯੂਨੀਅਨਾਂ ਦੇ ਪ੍ਰਧਾਨਾਂ ਦੀ ਖ਼ਾਸ ਮੀਟਿੰਗ ਹੋਈ, ਵੇਖਣ ਸੁਣਨ ਵਾਲੇ ਹਰ ਸਰੋਤੇ ਨੂੰ ਸਹੀ ਸਿੱਖਿਆ ਦਿੱਤੀ ਤੇ ਸਭ ਤੋਂ ਵੱਡਾ ਕਮਾਲ ਇਹ ਹੋ ਨਿੱਬੜਿਆ, ਮੋਦੀ ਸਾਹਿਬ ਦੀ ਕੁੱਟੀ ਹੋਈ ਗੋਗਾ ਚੂਰੀ ਖਾਧੇ ਹੋਏ ਉਸ ਦੇ ਭਗਤਾਂ ਨੇ ਅੰਗਰੇਜ਼ੀ ਵਿੱਚ ਸਵਾਲ ਕਰਨੇ ਚਾਲੂ ਕੀਤੇ, ਸਦਕੇ ਜਾਈਏ ਬੜੀ ਹਲੀਮੀ ਨਾਲ ਯੂਨੀਅਨ ਦੇ ਮੁਖੀਆਂ ਨੇ ਜਵਾਬ ਦੇ ਕੇ ਧੰਨ ਧੰਨ ਕਰਵਾ ਦਿੱਤੀ। ਗੋਦੀ ਮੀਡੀਆ ਨੇ ਕਿਸਾਨ ਧਰਨਿਆਂ ਨੂੰ ਖ਼ਾਲਿਸਤਾਨੀ, ਦੇਸ਼ ਧ੍ਰੋਹੀ, ਰਾਜਨੀਤਕ ਪਾਰਟੀਆਂ ਦੇ ਖੜ੍ਹੇ ਕੀਤੇ ਹੋਏ, ਤੇ ਸਾਡੀਆਂ ਬੀਬੀਆਂ ਭੈਣਾਂ ਨੂੰ ਦਿਹਾੜੀ ਤੇ ਆਏ ਹੋਏ ਦੱਸਿਆ ਸੀ ਪਰ ਸੱਚ ਸਿਰ ਚੜ੍ਹ ਕੇ ਬੋਲਦਾ ਹੈ। ਯੂਨੀਅਨ ਦੇ ਨੇਤਾਵਾਂ ਦੀ ਜਿੱਤ ਹੈ ਕਿ ਪੰਜਾਬ ਨੂੰ ਦੂਸਰੇ ਰਾਜਾਂ ਵਾਲੇ ਸਾਰੇ ਕਿਸਾਨ ਤੇ ਮਜ਼ਦੂਰ ਪੰਜਾਬ ਨੂੰ ਵੱਡੇ ਭਾਈ ਦਾ ਰੁਤਬਾ ਦੇ ਰਹੇ ਹਨ। ਭਾਰਤ ਦਾ ਇਤਿਹਾਸ ਗਵਾਹ ਹੈ, ਜਦੋਂ ਵੀ ਮੁਲਕ ਤੇ ਕੋਈ ਦੁੱਖ ਦੀ ਘੜੀ ਆਈ ਹੈ ਤਾਂ ਕੁਰਬਾਨੀਆਂ ਤੇ ਸੀਨਾ ਤਾਣ ਕੇ ਖੜ੍ਹਨ ਵਾਲੇ ਪੰਜਾਬੀ ਹੀ ਹੁੰਦੇ ਹਨ ਇਹ ਇਤਿਹਾਸ ਪੰਨੇ ਸਾਰੀ ਦੁਨੀਆਂ ਨੇ ਵਾਪਿਸ ਪੜ੍ਹ ਲਏ ਹਨ।
ਸਾਡੇ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਮੋਰਚਾ ਫਤਿਹ ਕਰ ਲਿਆ ਹੈ, ਕਾਰਪੋਰੇਟ ਘਰਾਣੇ ਨੇ ਕੇਂਦਰ ਸਰਕਾਰ ਦੇ ਮੂੰਹ ਵਿੱਚ ਜੋ ਘੁੰਗਣੀਆਂ ਪਾਈਆਂ ਹਨ, ਅਚਾਨਕ ਹੀ ਯੋਧਿਆਂ ਦੀ ਬਹਾਦਰੀ ਦੇ ਸਾਹਮਣੇ ਖੁੱਲ੍ਹ ਜਾਣਗੀਆਂ। ਮੋਦੀ ਸਾਹਿਬ ਦੀ ਆਦਤ ਗੋਗੇ ਗਾਉਣਾ ਜੋ ਆਦਤ ਸੀ ਹੁਣ ਬਹਿਬਤ ਬਣ ਚੁੱਕੀ ਹੈ, ਘੜੀਆਂ ਦੂਰ ਨਹੀਂ ਜਦੋਂ ਕਿਸਾਨ ਮਜ਼ਦੂਰ ਏਕੇ ਦਾ ਮੋਰਚਾ ਤਾਰ ਤਾਰ ਕਰ ਦੇਵੇਗਾ। ਭਾਜਪਾ ਨੇ ਵੀਹ ਸੌ ਚੌਦਾਂ ਵਿਚ ਕੇਂਦਰ ਦੀ ਕਮਾਂਡ ਸੰਭਾਲੀ ਸੀ, ਸਾਡੇ ਪ੍ਰਧਾਨ ਮੰਤਰੀ ਜੀ ਇਕ ਸਾਲ ਵਿੱਚ ਔਸਤਨ ਪੰਜਾਹ ਵਿਦੇਸੀ ਦੌਰੇ ਜ਼ਰੂਰ ਕਰਦੇ ਸਨ। ਸਾਡੇ ਦੇਸ਼ ਦੇ ਆਰਥਿਕ ਭੰਡਾਰ ਨੂੰ ਦੌਰਾ ਪਾ ਕੇ ਰੱਖਦੇ ਸਨ ਕਿਉਂ ਕਮਾਈ ਤਾਂ ਜਨਤਾ ਦੀ ਹੈ। ਇਸ ਸਾਲ ਵਿੱਚ ਕਾਲੇ ਕਾਨੂੰਨ ਪਾਸ ਕਰਨ ਦੇ ਇਰਾਦੇ ਨਾਲ ਕਰੋਨਾ ਦਾ ਭੂਤ ਛੱਡ ਦਿੱਤਾ ਕਾਲਾ ਕਾਨੂੰਨ ਪਾਸ ਕਰਨਾ ਸੀ ਹੁਣ ਤਕ ਕੋਈ ਦੌਰਾ ਨਹੀਂ ਹੋ ਸਕਿਆ ਹੁਣ ਕਿਸਾਨਾਂ ਤੇ ਮੋਰਚੇ ਨੂੰ ਵਿਦੇਸ਼ੀ ਸਰਕਾਰਾਂ ਵੱਲੋਂ ਪੂਰਾ ਮਾਣ ਸਨਮਾਨ ਮਿਲਿਆ ਹੈ ਜੇਕਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤਾਂ ਕੋਈ ਵੀ ਦੇਸ਼ ਪ੍ਰਧਾਨ ਮੰਤਰੀ ਜੀ ਨੂੰ ਆਉਣ ਦਾ ਸੱਦਾ ਨਹੀਂ ਦੇਵੇਗਾ। ਆਪਣੀ ਯਾਤਰਾ ਲਈ ਜੋ ਮਹਿੰਗਾ ਹਵਾਈ ਜਹਾਜ਼ ਬਣਾਇਆ ਸੀ, ਕੇਂਦਰੀ ਖ਼ਜ਼ਾਨੇ ਤੇ ਬਹੁਤ ਵੱਡੀ ਚੋਟ ਮਾਰੀ ਸੀ ਉਹ ਸਭ ਧਰਿਆ ਧਰਾਇਆ ਰਹਿ ਜਾਵੇਗਾ। ਇੱਥੇ ਇਕ ਗੱਲ ਕਰਨੀ ਹੋਰ ਜ਼ਰੂਰੀ ਹੈ ਕਿਸਾਨ ਮੋਰਚੇ ਦੇ ਭਾਰੀ ਇਕੱਠ ਨੇ ਇਹ ਸਿੱਧ ਕਰ ਦਿੱਤਾ ਕਿ ਕੋਰੋਨਾ ਨਾਮ ਦਾ ਕੋਈ ਵਾਇਰਸ ਭਾਰਤ ਵਿਚ ਮੌਜੂਦ ਨਹੀਂ ਹੈ ਸਰਕਾਰ ਦੇ ਫਾਲਤੂ ਪ੍ਰਚਾਰ ਤੇ ਬਹੁਤ ਵੱਡੀ ਸੱਟ ਹੈ।
ਕਿਸਾਨ ਮਜ਼ਦੂਰਾਂ ਦੀ ਸੋਚ ਤੇ ਕੇਂਦਰ ਸਰਕਾਰ ਨੂੰ ਮੋਹਰ ਲਾਉਣੀ ਹੀ ਪਵੇਗੀ, ਕਿਉਂਕਿ ਮੋਰਚੇ ਵੱਲੋਂ ਮੋਦੀ ਜੀ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਛੱਬੀ ਜਨਵਰੀ ਨੂੰ ਟੈਂਕ ਤੁਹਾਨੂੰ ਸਲਾਮੀਆਂ ਨਹੀਂ ਦੇਣਗੇ ਇਸ ਲਈ ਸਾਡੀਆਂ ਟਰਾਲੀਆਂ ਤਿਆਰ ਹਨ। ਮੋਦੀ ਤੇ ਮੋਦੀ ਦੇ ਭਗਤ ਕਹਿੰਦੇ ਹਨ ਕਿ ਜ਼ਿਆਦਾ ਲੋਕ ਮੋਰਚੇ ਵਿੱਚ ਇਸ ਲਈ ਹੁੰਦੇ ਹਨ ਕਿ ਮੁਫ਼ਤ ਵਿੱਚ ਲੰਗਰ ਮਿਲਦਾ ਹੈ। ਲੰਗਰ ਦੀ ਪ੍ਰਥਾ ਬਾਬਾ ਨਾਨਕ ਨੇ ਸਾਨੂੰ ਦਿੱਤੀ ਸੀ ਇਹ ਜਾਰੀ ਰਹੇਗੀ ਭਗਤੋ ਜਾ ਕੇ ਵੇਖ ਤਾਂ ਲਓ ਕਿਸਾਨ ਮਜ਼ਦੂਰ ਤੇ ਸਾਡੀਆਂ ਬੀਬੀਆਂ ਭੈਣਾਂ ਘਰ ਤੋਂ ਸਮੱਗਰੀ ਲੈ ਕੇ ਗਏ ਹਨ ਤੇ ਖੁਦ ਲੰਗਰ ਤਿਆਰ ਕਰਦੇ ਹਨ। ਗੋਦੀ ਮੀਡੀਆ ਟੀਆਰਪੀ ਘਟਦੀ ਜਾ ਰਹੀ ਹੈ ਜਿਸ ਕਾਰਨ ਕਦੇ ਕਦੇ ਮੋਰਚੇ ਵਿੱਚ ਫੇਰਾ ਮਾਰਨ ਲਈ ਪੱਤਰਕਾਰ ਜਾਂਦੇ ਹਨ ਪਰ ਜੋ ਸਾਡੇ ਨੌਜਵਾਨਾਂ ਵੱਲੋਂ ਸਵਾਲ ਜਵਾਬ ਕੀਤੇ ਜਾਂਦੇ ਹਨ, ਕਿਸੇ ਕੋਲ ਕੋਈ ਜਵਾਬ ਨਹੀਂ ਹੁੰਦਾ। ਸਰਕਾਰਾਂ ਵੱਲੋਂ ਅਜ਼ਾਦੀ ਤੋਂ ਬਾਅਦ ਕਿਸਾਨਾਂ ਤੇ ਮਜ਼ਦੂਰਾਂ ਨੂੰ ਦੁੱਖ ਹੀ ਵੰਡੇ ਗਏ ਹਨ, ਰਾਜਨੀਤਕ ਚਾਲ ਨਾਲ ਜੋ ਇਹ ਇਨਕਲਾਬੀ ਮੋਰਚਾ ਖੜ੍ਹਾ ਹੋਇਆ ਹੈ ਤੇ ਜਿੱਤ ਤੋਂ ਬਿਨਾਂ ਪੰਜਾਬੀ ਕਦੇ ਵਾਪਸ ਮੁੜਦੇ ਨਹੀਂ। ਮੋਦੀ ਸਾਹਿਬ ਦੇ ਭਗਤਾਂ ਨੇ ਮੋਰਚੇ ਬਾਰੇ ਮੀਟਿੰਗ ਅਟੱਲ ਬਿਹਾਰੀ ਵਾਜਪਈ ਦੇ ਜਨਮ ਦਿਨ ਬਹਾਨੇ ਕਰਨ ਦੀ ਕੋਸ਼ਿਸ਼ ਕੀਤੀ, ਹਰ ਥਾਂ ਤੇ ਧਰਨੇ ਵਾਲੇ ਸਾਡੇ ਯੋਧੇ ਪਹੁੰਚ ਗਏ ਤਾਂ ਭੱਜਦਿਆਂ ਨੂੰ ਵਾਹਣ ਨਹੀਂ ਲੱਭੇ। ਦਿੱਲੀ ਦੀਏ ਸਰਕਾਰੇ ਧੱਕੇ ਨਾਲ ਤੁਸੀਂ ਅੰਨ ਦਾਤਿਆਂ ਦੇ ਕਿਉਂ ਮੂੰਹ ਵਿੱਚ ਬੁਰਕੀਆਂ ਪਾਉਣ ਲੱਗੇ ਹੋ ਇਹ ਰੱਜੇ ਹਨ। ਗੱਲ ਇੱਥੇ ਹੀ ਨਿਬੇੜ ਲਵੋ ” ਇਹ ਕੁਰਸੀ ਹੀ ਹੈ ਜਨਾਜ਼ਾ ਤਾਂ ਨਹੀਂ, ਉੱਤਰ ਕਿਉਂ ਨਹੀਂ ਜਾਂਦੇ।”
– ਰਮੇਸ਼ਵਰ ਸਿੰਘ
ਸੰਪਰਕ- +91 99148 80392