ਦਿੱਲੀ ਅੰਦੋਲਨ ਤੋਂ ਪਰਤੇ ਚਾਰ ਕਿਸਾਨਾਂ ਦੀ ਮੌਤ

ਮਹਿਲ ਕਲਾਂ (ਸਮਾਜ ਵੀਕਲੀ): ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਏ ਮਹਿਲ ਕਲਾਂ ਬਲਾਕ ਦੇ ਦੋ ਕਿਸਾਨਾਂ ਦੀ ਬਿਮਾਰ ਹੋਣ ਕਾਰਨ ਮੌਤ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਦੱਸਿਆ ਕਿ ਟਿਕਰੀ ਹੱਦ ’ਤੇ ਮੋਰਚੇ ਵਿੱਚ ਸ਼ਾਮਲ ਪਿੰਡ ਕੁਤਬਾ ਇਕਾਈ ਪ੍ਰਧਾਨ ਸੁਖਵਿੰਦਰ ਸਿੰਘ ਦਾ ਕੁੱਝ ਦਿਨ ਬਿਮਾਰ ਰਹਿਣ ਮਗਰੋਂ ਬੀਤੇ ਦਿਨ ਦੇਹਾਂਤ ਹੋ ਗਿਆ। ਇਸੇ ਤਰ੍ਹਾਂ ਹੀ ਕਿਸਾਨੀ ਸੰਘਰਸ਼ ’ਚ ਸ਼ਾਮਲ ਰਹੇ ਆਤਮਾ ਸਿੰਘ ਵਾਸੀ ਕਿਰਪਾਲ ਸਿੰਘ ਵਾਲਾ ਦੀ ਵੀ ਮੌਤ ਹੋ ਗਈ ਹੈ।

ਸਰਦੂਲਗੜ੍ਹ (ਸਮਾਜ ਵੀਕਲੀ): ਟਿਕਰੀ ਹੱਦ ’ਤੇ ਚੱਲ ਰਹੇ ਕਿਸਾਨੀ ਮੋਰਚੇ ਤੋਂ ਪਰਤੇ ਪਿੰਡ ਝੰਡਾ ਕਲਾਂ ਦੇ ਕਿਸਾਨ ਨਿਰਮਲ ਸਿੰਘ ਦੀ ਬਿਮਾਰ ਹੋਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਿਸਾਨ ਨਿਰਮਲ ਸਿੰਘ (64) ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਝੰਡਾ ਕਲਾਂ ਵੀਹ ਸਾਲਾਂ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਸਰਗਰਮ ਮੈਂਬਰ ਸੀ। ਨਿਰਮਲ ਸਿੰਘ ਪਹਿਲੇ ਦਿਨ ਤੋਂ ਹੀ ਖੇਤੀ ਕਾਨੂੰਨਾਂ ਖ਼ਿਲਾਫ਼ ਟਿਕਰੀ ਹੱਦ ’ਤੇ ਕਿਸਾਨੀ ਸੰਘਰਸ਼ ਵਿੱਚ ਡਟਿਆ ਹੋਇਆ ਸੀ। ਇਕ ਹਫ਼ਤਾ ਪਹਿਲਾਂ ਉਹ ਬਿਮਾਰ ਹੋਣ ਕਾਰਨ ਪਿੰਡ ਪਰਤਿਆ ਸੀ। ਸਿਹਤ ਵਿਗੜਨ ’ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਮਾਨਸਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਬੀਤੇ ਦਿਨ ਉਸ ਦੀ ਮੌਤ ਹੋ ਗਈ।

ਗੁਰਦਾਸਪੁਰ (ਸਮਾਜ ਵੀਕਲੀ): ਨੇੜਲੇ ਪਿੰਡ ਕਾਲਾ ਨੰਗਲ ਦੇ ਕਿਸਾਨ ਕਸ਼ਮੀਰ ਸਿੰਘ ਦੀ ਬੀਤੇ ਦਿਨ ਅਚਾਨਕ ਸਿਹਤ ਵਿਗੜਨ ’ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਾਲਾ ਨੰਗਲ ਵਾਸੀ ਕਸ਼ਮੀਰ ਸਿੰਘ 20 ਅਪਰੈਲ ਨੂੰ ਗੁਰਦਾਸਪੁਰ ਤੋਂ ਜਥੇ ਨਾਲ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਕੁਝ ਦਿਨ ਪਹਿਲਾਂ ਦਿੱਲੀ ਵਿੱਚ ਹੀ ਉਸ ਦੀ ਤਬੀਅਤ ਵਿਗੜ ਗਈ ਅਤੇ ਵਾਪਸ ਆਉਂਦਿਆਂ ਰਸਤੇ ਵਿੱਚ ਹੀ ਮਾੜੀ-ਮੋਟੀ ਦਵਾਈ ਲੈਂਦਾ ਰਿਹਾ। ਕਸ਼ਮੀਰ ਸਿੰਘ ਬੀਤੇ ਦਿਨ ਘਰ ਪੁੱਜਿਆ ਸੀ ਪਰ ਅਚਾਨਕ ਤਬੀਅਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ। ਕਿਸਾਨ ਜਥੇਬੰਦੀ ਨੇ ਕਸ਼ਮੀਰ ਸਿੰਘ ਦੀ ਦੇਹ ’ਤੇ ਜਥੇਬੰਦੀ ਦਾ ਝੰਡਾ ਪਾ ਕੇ ਸ਼ਹੀਦ ਨੂੰ ਅੰਤਿਮ ਵਿਦਾਇਗੀ ਦਿੱਤੀ।

Previous articleਸਿਟ ਵੱਲੋਂ ਈਮੇਲ ਤੇ ਵ੍ਹਟਸਐਪ ਨੰਬਰ ਜਾਰੀ
Next articleਚੀਫ ਖਾਲਸਾ ਦੀਵਾਨ ਦੇ ਅੰਮ੍ਰਿਤਸਰ ਦੇ ਪ੍ਰਧਾਨ ਹਰਮਿੰਦਰ ਸਿੰਘ ਦਾ ਦੇਹਾਂਤ