ਦਿੱਲੀਏ

ਡਾ.ਸੁਖਵੀਰ ਕੌਰ ਸੁਖਨ
(ਸਮਾਜ ਵੀਕਲੀ)
ਤੇਰੇ ਕੱਢਣੇ ਨੂੰ ਵਹਿਮ,ਦੇਖ ਹੋਕੇ ਆਗੇ ਕਇਮ
ਸਾਡੇ ਹੱਕ ਏਥੇ ਰੱਖ ਦਿੱਲੀਏ
ਜਾ ਲੁਕਜਾ ਨੀ ਜਿੱਥੇ ਜਾਕੇ ਲੁਕਣਾ
ਤੇਰੇ ਕੱਢ ਦੇਣੇ ਵੱਟ ਦਿੱਲੀਏ
ਕਦੇ ਵੰਡ ਸੰਤਾਲੀ,ਕਦੇ ਵੰਡ ਨੀ ਛਿਆਹਟ
ਹੋਰ ਦਿੱਤਾ ਕੀ ਤੂੰ ਦੱਸ ਨੀ ਪੰਜਾਬ ਨੂੰ
ਕਰ ਟੋਟੇ ਟੋਟੇ ਰੱਜ ਹਲੇ ਆਇਆ ਨਾ
ਜਿਹੜਾ ਫੇਰ ਤੂੰ ਉਜਾੜੇ ਨੀ ਪੰਜਾਬ ਨੂੰ
ਹੋਰ ਜਰਨੀਆਂ ਨਹੀਂਓ ਇਹ ਵਧੀਕੀਆਂ
ਬਹੁਤ ਮਾਰ ਚੁੱਕੀ ਸੱਟ ਦਿੱਲੀਏ
ਜਾ ਲੁਕਜਾ ਨੀ………….
ਤੇਰੇ ਕੱਢ ਦੇਣੇ……………
ਮਾਂ ਬੋਲੀਆਂ ‘ਤੇ ਰੋਜ਼ ਕਰੇ ਹਮਲੇ
ਮਤਰੇਈ ਵਾਲਾ ਕਰਦੀ ਸਲੂਕ ਨੀ
ਹੁਣ ਖੇਤਾਂ ਨੂੰ ਵੀ ਚਾਹੇਂ ਤੂੰ ਖਰੀਦਣਾ
ਤਾਂਹੀ ਸੁਣਦੀ ਨਾ ਤੈਨੂੰ ਸਾਡੀ ਹੂਕ ਨੀ
ਹੁੰਦੇ ਸੌਖੇ ਨਹੀਂਓਂ ਏਨੀ ਛੇਤੀ ਭਰਨੇ
ਡੂੰਘੇ ਵੱਜਦੇ ਜੋ ਫੱਟ ਦਿੱਲੀਏ
ਜਾ ਲੁਕਜਾ ਨੀ……………
ਤੇਰੇ ਕੱਢ ਦੇਣੇ…………….
ਜਾਤਾਂ ਧਰਮਾਂ ਦੇ ਨਾਂ ‘ਤੇ ਸਾਡੇ ਘਰੀਂ ਅੱਗਾਂ ਲਾਕੇ
ਨੀਰੋ ਕੱਢਦਾ ਕੁਲਹਿਣਾ ਜਿਹਾ ਰਾਗ ਨੀ
ਸਾਨੂੰ ਨਹੀਂ ਮਨਜ਼ੂਰ ਤੇਰੇ ਕਾਲੇ ਇਹ ਕਾਨੂੰਨ
ਕਰੇ ਧੱਕਾ ਏਨਾ ਕਿਥੋਂ ਦਾ ਰਿਵਾਜ ਨੀ
ਤੂੰ ਕੀ ਰੱਖੇੰਗੀ ਨੀ ਯਾਦ ਤੈਨੂੰ ਦੱਸਣਾ
ਕਿਵੇਂ ਥੁੱਕ ਹੁੰਦਾ ਚੱਟ ਦਿੱਲੀਏ
ਜਾ ਲੁਕਜਾ ਨੀ…………….
ਤੇਰੇ ਕੱਢ ਦੇਣੇ……………..
ਕੱਠੀ ਹੋ ਗਈ ਲੋਕਾਈ ਸਭ ਬਣੇ ਭਾਈ ਭਾਈ
ਕੀ ਬੁੱਢਾ,ਮਾਈ, ਬੱਚਾ ਤੇ ਜਵਾਨ ਨੀ
ਲੋਕ ਹੋ ਗਏ ਪ੍ਰੇਸ਼ਾਨ ਡਾਹਢਾ ਕੀਤਾ ਨੁਕਸਾਨ
ਕਿੰਝ ਆਖਾਂ ਮੇਰਾ ਭਾਰਤ ਮਹਾਨ ਨੀ
ਨੀ ਤੂੰ ਸਭ ਨੂੰ ਸਤਾਵੇ ਹੰਝੂ ਖੂਨ ਦੇ ਰੁਆਵੇਂ
ਦਿਖਾਵੇਂ ਫੋਕੀ ਅਪਣੱਤ ਦਿੱਲੀਏ
ਜਾ ਲੁਕਜਾ ਨੀ………………..
ਤੇਰੇ ਕੱਢ ਦੇਣੇ………………..
ਮੁਰਗੀ ਤੂੰ ਸਾਡੀ ਤੈਨੂੰ ਪਾਲਦੇ ਹਾਂ ਅਸੀਂ
ਜਾਕੇ ਗ਼ੈਰਾਂ ਘਰੇ ਦਿੰਨੀ ਏ ਤੂੰ ਅਾਂਡੇ ਨੀ
ਤੇਰੀ ਧੋਖੇਬਾਜੀ ਅਸੀਂ ਚੱਲਣ ਨੀ ਦੇਣੀ
ਹੁਣ ਅੱਡ ਕਰ ਦੇਣੇ ਤੇਰੇ ਭਾਂਡੇ ਨੀ
ਤੇਰੇ ਤਖ਼ਤ ਮੁਨਾਰੇ ,ਸਭ ਲੋਕਾਂ ਦੇ ਸਹਾਰੇ
ਦੇਣੇ ਲੋਕਾਂ ਨੇ ਹੀ ਪੱਟ ਦਿੱਲੀਏ
ਜਾ ਲੁਕਜਾ ਨੀ ਜਿੱਥੇ ਜਾਕੇ ਲੁਕਣਾ
ਤੇਰੇ ਕੱਢ ਦੇਣੇ ਵੱਟ ਦਿੱਲੀਏ।
              ਡਾ.ਸੁਖਵੀਰ ਕੌਰ ਸੁਖਨ.
              7837149550 
Previous articleਫ਼ਰਕ ਤਾਂ ਹੈ
Next articleਕਿਸਾਨਾਂ ਨੇ ਥਾਲੀਆਂ ਖੜਕਾ ਕੇ ਕੀਤਾ ‘ਮਨ ਕੀ ਬਾਤ’ ਦਾ ਵਿਰੋਧ