ਨਵੀਂ ਦਿੱਲੀ (ਸਮਾਜ ਵੀਕਲੀ) : ਇਥੋਂ ਦੀ ਅਦਾਲਤ ਨੇ ਟੂਲਕਿੱਟ ਮਾਮਲੇ ਵਿੱਚ ਗ੍ਰਿਫ਼ਤਾਰ ਵਾਤਾਵਰਨ ਕਾਰਕੁਨ 21 ਸਾਲ ਦੀ ਦਿਸ਼ਾ ਰਵੀ ਦੀ ਜ਼ਮਾਨਤ ਦੀ ਅਰਜ਼ੀ ’ਤੇ ਫ਼ੈਸਲਾ ਮੰਗਲਵਾਰ ਤੱਕ ਰਾਖਵਾਂ ਰੱਖ ਲਿਆ। ਇਸ ਤੋਂ ਪਹਿਲਾਂ ਦਿੱਲੀ ਪੁਲੀਸ ਨੇ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਦਿਸ਼ਾ ਰਵੀ ਟੂਲਕਿੱਟ ਤਿਆਰ ਕਰਨ ਤੇ ਉਸ ਨੂੰ ਸਾਂਝਾ ਕਰਨ ਦੇ ਮਾਮਲੇ ਵਿੱਚ ਖ਼ਾਲਿਸਤਾਨੀ ਸਮਰਥਕਾਂ ਦੇ ਸੰਪਰਕ ਵਿੱਚ ਸੀ।
ਪੁਲੀਸ ਨੇ ਕਿਹਾ ਕਿ ਭਾਰਤ ਨੂੰ ਬਦਨਾਮ ਕਰਨ, ਕਿਸਾਨਾਂ ਦੇ ਪ੍ਰਦਰਸ਼ਨ ਦੇ ਓਹਲੇ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਕੌਮਾਂਤਰੀ ਸਾਜ਼ਿਸ਼ ਦੇ ਭਾਰਤੀ ਚੈਪਟਰ ਦਾ ਹਿੱਸਾ ਸੀ। ਦਿੱਲੀ ਪੁਲੀਸ ਨੇ ਕਿਹਾ ਕਿ ਇਹ ਸਿਰਫ਼ ਟੂਲਕਿੱਟ ਨਹੀਂ ਸੀ ਸਗੋਂ ਅਸਲ ਇਰਾਦਾ ਭਾਰਤ ਨੂੰ ਬਦਨਾਮ ਕਰਨ ਤੇ ਇਥੇ ਅਸ਼ਾਂਤੀ ਪੈਦਾ ਕਰਨ ਦਾ ਸੀ। ਪੁਲੀਸ ਨੇ ਅਦਾਲਤ ਨੂੰ ਕਿਹਾ ਕਿ ਦਿਸ਼ਾ ਰਵੀ ਨੇ ਵੱਟਸਐਪ ’ਤੇ ਹੋਈ ਗੱਲਬਾਤ ਨੂੰ ਡਿਲੀਟ ਕਰ ਦਿੱਤਾ। ਇਸ ਤੋਂ ਸਾਫ਼ ਹੈ ਕਿ ਉਹ ਕਾਨੂੰਨੀ ਕਾਰਵਾਈ ਤੋਂ ਜਾਣੂ ਸੀ ਤੇ ਇਸ ਤੋਂ ਹੀ ਸਾਫ਼ ਹੁੰਦਾ ਹੈ ਕਿ ਟੂਲਕਿੱਟ ਦੇ ਪਿੱਛੇ ਨਾਪਾਕਿ ਇਰਾਦੇ ਸਨ।