ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਪੁਲੀਸ ਕਮਿਸ਼ਨਰ ਐੱਸ ਐੱਨ ਸ੍ਰੀਵਾਸਤਵ ਨੇ ਕਿਹਾ ਕਿ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਕਾਨੂੰਨ ਮੁਤਾਬਕ ਕੀਤੀ ਗਈ ਹੈ ਜੋ 22 ਸਾਲਾਂ ਜਾਂ 50 ਸਾਲਾਂ ਵਿਅਕਤੀ ’ਚ ਕੋਈ ਫ਼ਰਕ ਨਹੀਂ ਕਰਦਾ। ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਸ੍ਰੀਵਾਸਤਵ ਨੇ ਕਿਹਾ ਕਿ ਇਹ ਗੱਲ ਗਲਤ ਹੈ ਜਦੋਂ ਲੋਕ ਇਹ ਆਖਦੇ ਹਨ ਕਿ 22 ਸਾਲਾਂ ਕਾਰਕੁਨ ਦੀ ਗ੍ਰਿਫ਼ਤਾਰੀ ’ਚ ਕੁਝ ਊਣਤਾਈਆਂ ਸਨ।
ਦਿਸ਼ਾ ਰਵੀ ਨੂੰ ਸ਼ਨਿਚਰਵਾਰ ਨੂੰ ਬੰਗਲੌਰ ਤੋਂ ਟੂਲਕਿਟ ਕੇਸ ਦੇ ਸਬੰਧ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਟੂਲਕਿਟ ਕੇਸ ਵਿੱਚ ਆਪਣੀ ਜਾਂਚ ’ਚ ਤੇਜ਼ੀ ਲਿਆਉਂਦਿਆਂ ਦਿੱਲੀ ਪੁਲੀਸ ਨੇ ਅੱਜ ਵੀਡੀਓ ਕਾਨਫਰੰਸਿੰਗ ਪਲੈਟਫਾਰਮ- ਜ਼ੂਮ ਤੋਂ 11 ਜਨਵਰੀ ਨੂੰ ਖਾਲਿਸਤਾਨ ਪੱਖੀ ਇੱਕ ਗੁੱਟ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੇ ਵੇਰਵੇ ਮੰਗੇ ਹਨ ਜਦਕਿ ਫੰਡਿੰਗ ਪੱਖ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਦਿੱਲੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲੀਸ ਨੂੰ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਦੇ ਸਬੰਧ ’ਚ ਨੋਟਿਸ ਭੇਜ ਕੇ ਸ਼ੁੱਕਰਵਾਰ ਤੱਕ ਕੁਝ ਮੁੱਦਿਆਂ ’ਤੇ ਰਿਪੋਰਟ ਮੰਗੀ ਹੈ ਜਿਨ੍ਹਾਂ ’ਚ ਦਿਸ਼ਾ ਰਵੀ ਨੂੰ ਅਦਾਲਤ ਅੱਗੇ ਪੇਸ਼ ਕਰਨ ਮੌਕੇ ਕਥਿਤ ਤੌਰ ’ਤੇ ਉਸ ਦੀ ਪਸੰਦ ਦਾ ਵਕੀਲ ਨਾ ਮੁਹੱਈਆ ਕਰਵਾਉਣ ਦਾ ਕਾਰਨ ਦੱਸਣਾ ਸ਼ਾਮਲ ਹਨ।
ਸੂਤਰਾਂ ਮੁਤਾਬਕ ਪੁਲੀਸ ਵੱਲੋਂ ਵਟਸਐਪ ਨਾਲ ਵੀ ਗੱਲ ਕਰ ਕੇ ਪਿਛਲੇ ਵਰ੍ਹੇ ਦਸੰਬਰ ’ਚ ਬਣਾਏ ਗਏ ‘ਇੰਟਰਨੈਸ਼ਨਲ ਫਾਰਮਰਜ਼’ ਸਟਰਾਈਕ’ ਗਰੁੱਪ ਦੇ ਵੇਰਵੇ ਮੰਗੇ ਜਾਣਗੇ। ਸੂਤਰਾਂ ਮੁਤਾਬਕ ਪੁਲੀਸ ਵੱਲੋਂ ਟੂਲਕਿਟ ਮਾਮਲੇ ’ਚ ਫੰਡਿੰਗ ਪ੍ਰਣਾਲੀ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਲੇ ਤੱਕ ਪੁਲੀਸ ਨੂੰ ਇਸ ਦਸਤਾਵੇਜ਼ ਸਬੰਧੀ ਗੂਗਲ ਵੱਲੋਂ ਕੋਈ ਜੁਆਬ ਨਹੀਂ ਮਿਲਿਆ ਹੈ।