ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ਵਿੱਚ ਸੱਜਰੀਆਂ ਮੌਤਾਂ ਮਗਰੋਂ ਦਿਮਾਗੀ ਬੁਖਾਰ (ਏਈਐਸ) ਨਾਲ ਮਰਨ ਨਾਲ ਵਾਲੇ ਬੱਚਿਆਂ ਦੀ ਗਿਣਤੀ ਵਧ ਕੇ 113 ਹੋ ਗਈ ਹੈ। ਇਹ ਮੌਤਾਂ ਸ੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ (ਐਸਕੇਐੱਮਸੀਐੱਚ) ਵਿੱਚ ਹੋਈਆਂ ਹਨ, ਜਿੱਥੇ ਲੰਘੀ ਰਾਤ ਤੋਂ ਹੁਣ ਤਕ 20 ਨਵੇਂ ਕੇਸ ਆ ਚੁੱਕੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਪਹਿਲੀ ਜੂਨ ਤੋਂ ਹੁਣ ਤਕ ਦਿਮਾਗੀ ਬੁਖਾਰ ਨਾਲ ਪੀੜਤ 372 ਬੱਚਿਆਂ ਨੂੰ ਦਾਖ਼ਲ ਕਰਵਾਇਆ ਜਾ ਚੁੱਕਾ ਹੈ। ਪ੍ਰਸ਼ਾਸਨ ਮੁਤਾਬਕ ਐਸਕੇਐੱਮਸੀਐੱਚ ਵਿੱਚ ਹੁਣ ਤਕ 93 ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਹੈ ਜਦੋਂਕਿ ਸਿਰਫ਼ 118 ਬੱਚਿਆਂ ਨੂੰ ਇਲਾਜ ਮਗਰੋਂ ਹਸਪਤਾਲ ’ਚੋਂ ਛੁੱਟੀ ਦਿੱਤੀ ਗਈ ਹੈ। ਬਾਕੀ ਬੱਚੇ ਹਸਪਤਾਲ ਵਿੱਚ ਇਲਾਜ ਅਧੀਨ ਹਨ ਜਾਂ ਫਿਰ ਗੰਭੀਰ ਹਾਲਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਪਟਨਾ ਰੈਫਰ ਕਰ ਦਿੱਤਾ ਗਿਆ ਹੈ। ਕੇਜਰੀਵਾਲ ਹਸਪਤਾਲ ਵਿੱਚ ਮੰਗਲਵਾਰ ਰਾਤ ਤੋਂ ਹੁਣ ਤਕ ਦਿਮਾਗੀ ਬੁਖਾਰ ਨਾਲ ਸਬੰਧਤ ਦੋ ਕੇਸ ਰਿਪੋਰਟ ਹੋਏ ਹਨ। ਹਸਪਤਾਲ ਵਿੱਚ ਪਹਿਲੀ ਜੂਨ ਤੋਂ ਹੁਣ ਤਕ 146 ਕੇਸ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 19 ਬੱਚਿਆਂ ਦੀ ਜਾਨ ਨਹੀਂ ਬਚਾਈ ਜਾ ਸਕੀ। ਇਸ ਦੌਰਾਨ ਗੁਆਂਢੀ ਪੂਰਬੀ ਚੰਪਾਰਨ ਵਿੱਚ ਇਕ ਮੌਤ ਹੋਣ ਦੀ ਖ਼ਬਰ ਹੈ। ਸਿਹਤ ਵਿਭਾਗ ਨੇ ਕਿਹਾ ਕਿ 11 ਮੈਡੀਕਲ ਅਧਿਕਾਰੀਆਂ ਨੂੰ ਮੁਜ਼ੱਫ਼ਰਪੁਰ ਭੇਜ ਦਿੱਤਾ ਗਿਆ ਹੈ।
INDIA ਦਿਮਾਗ਼ੀ ਬੁਖਾਰ: ਮੌਤਾਂ ਦੀ ਗਿਣਤੀ 113 ਹੋਈ