(ਸਮਾਜ ਵੀਕਲੀ)
ਬੁੱਧ ਚਿੰਤਨ/ਬੁੱਧ ਸਿੰਘ ਨੀਲੋਂ/8 ਮਈ
ਪੰਜਾਬ ਦੀ ਧਰਤੀ ‘ਤੇ ਇਸ ਸਮੇਂ ਨਕਲੀ ਸਾਹਿਤ ਦੇ ਡਾਕਟਰ, ਇੰਜੀਨੀਅਰ, ਲੇਖਕ, ਕਵੀਆਂ ਦੀ ਭਰਮਾਰ ਹੈ ਇਸੇ ਹੀ ਤਰਾਂ ਦੁੱਧ, ਪਨੀਰ, ਦਹੀ, ਘਿਓ, ਮਿਠਾਈਆਂ, ਫ਼ਲ, ਸਬਜ਼ੀਆਂ, ਮਸਾਲੇ, ਦਾਲਾਂ, ਆਟਾ, ਚੀਨੀ, ਪੱਤੀ ਤੇ ਹੋਰ ਪਤਾ ਕੀ ਸਵਾ-ਖੇਹ ਜ਼ਹਿਰ ਦੇ ਵਪਾਰੀ ਬਣਾ ਕਿ ਲੋਕਾਂ ਨੂੰ ਸਰੇ•ਆਮ ਖਵਾਈ ਜਾ ਰਹੇ ਹਨ। ਅਸੀਂ ਸਵਾਦਾਂ ਦੇ ਪੱਟੇ ਅੱਖਾਂ ਮੀਟ ਕੇ ਛਕੀ ਜਾ ਰਹੇ ਹਾਂ। ‘ਅੰਨੀ ਪੀਹਦੀ ਐ ਤੇ ਕੁੱਤੇ ਚੱਟਦੇ ਆ’ ਵਾਲੀ ਕਹਾਵਤ ਸਿੱਧ ਹੋ ਰਹੀ ਹੈ। ਇਹ ਸਭ ਕੁੱਝ ਸਰਕਾਰ ਦੇ ਨੱਕ ਹੇਠ ਹੋ ਰਿਹਾ ਹੈ। ਖਾਣ-ਪੀਣ ਵਾਲੀਆਂ ਵਸਤੂਆਂ ‘ਚ ਮਿਲਾਵਟ ਤੇ ਨਕਲੀ ਚੀਜ਼ਾਂ ਬਜ਼ਾਰਾਂ ਦੇ ਵਿੱਚ ਸਜਾ ਕੇ ਹਾਕਾਂ ਮਾਰ ਮਾਰ ਕੇ ਵੇਚੀਆਂ ਜਾ ਰਹੀਆਂ ਹਨ। ਕੋਈ ਪੁੱਛਣ ਵਾਲਾ ਨਹੀਂ ਕਿਉਕਿ ਦੇ ਮੂੰਹ ਕਾਲੇ ਕੀਤੇ ਹੋਏ ਹਨ। ‘ਚੋਰ ਤੇ ਕੁੱਤੀ ਰਲ ਗਏ ਹਨ’, ਚਾਰੇ ਪਾਸੇ ਇਉਂ ਲਗਦਾ ਹੈ ਜਿਵੇਂ ਘੋੜੇ ਵਾਲਾ ਫ਼ਿਰ ਗਿਆ ਹੋਵੇ। ਇਸ ਧਰਤੀ ‘ਤੇ ਕੀ ਨਹੀਂ ਨਕਲੀ ਬਣਦਾ? ਨਕਲੀ ਅਸਲੀ ਨਾਲੋਂ ਸਸਤਾ ਤੇ ਭਰੋਸੇਯੋਗ ਹੁੰਦਾ ਹੈ ਪਰ ਸਿਹਤ ਦੇ ਲਈ ਹਾਨੀਕਾਰਕ ਹੁੰਦਾ ਹੈ।
ਇਸੇ ਕਰਕੇ ਅੱਜਕੱਲ ਲੋਕ ਜਾਨਲੇਵਾ ਬੀਮਾਰੀਆਂ ਦੇ ਸ਼ਿਕਾਰ ਹੋ ਕੇ ਨਿੱਜੀ ਹਸਪਤਾਲਾਂ ਦੇ ਘਰ ਭਰਦੇ ਹਾਂ ਤੇ ਆਪਣਿਆਂ ਦਾ ਵਿਛੋੜਾ ਝੱਲਦੇ ਹਾਂ। ਇਸੇ ਹੀ ਤਰਾਂ ਨਕਲੀ ਸਾਹਿਤ ਡਾਕਟਰ ਬਣ ਰਹੇ ਹਨ, ਜਿਹਨਾਂ ਨੂੰ ਸਾਹਿਤ ਦੇ ਚੰਗੇ ਮਾੜੇ ਲਈ ਫਤਬੇ ਦੇਣ ਦਾ ਅਧਿਕਾਰ ਮਿਲਿਆ ਹੁੰਦਾ ਹੈ।
ਇਹ ਜਿਹਨਾਂ ਨੇ ਕੋਈ ਡਿਗਰੀ ਕੀਤੀ ਉਹ ਬਹੁਤ ਸਾਰੇ ਡਾਕਟਰ ਸਾਹਿਤ ‘ਚ ਹਨ। ਹੁਣ ਨਾਂ ਕਿਸ ਕਿਸ ਦਾ ਲਈਏ? ਕਈ ਆਖਦੇ ਨਾਂ ਲਿਖੋ ਪਰ ਤੁਸੀਂ ਵੀ ਆਲ਼ੇ ਦੁਆਲੇ ਦੇਖੋ ਕਿ ਕੌਣ ਕੌਣ ਡਾਕਟਰ ਹੈ। ਕੋਈ ਧਰਮ ਦੀਆਂ ਕਿਤਾਬਾਂ ਲਿਖ ਕਿ ਤੇ ਕੋਈ ਨੋਟਾਂ ਦੀ ਪੌੜ੍ਹੀ ਲਾ ਕੇ ਡਾਕਟਰ ਬਣੇ ਹੋਏ ਆ। ਖੈਰ ਇਹ ਮਸਲਾ ਟੇਢਾ ਹੈ , ਜਿਵੇਂ ਟੇਢੀ ਖੀਰ ਹੁੰਦੀ ਹੈ।
ਜਿਹੜੇ ਸਰਕਾਰੀ ਵਿਭਾਗ ਦੇ ਕਰਮਚਾਰੀਆਂ ਨੇ ਇਸ ਮਿਲਾਵਟ ਦੇ ਕਾਰੋਬਾਰ ਨੂੰ ਰੋਕਣਾ ਹੈ, ਉਹ ਕੁੰਭਕਰਨੀ ਨੀਂਦ ਸੁੱਤੇ ਪਏ ਆ। ਜ਼ਹਿਰ ਦੇ ਵਪਾਰੀਆਂ ਦੇ ਮੂੰਹ ਨੂੰ ਖ਼ੂਨ ਲੱਗ ਗਿਆ ਤੇ ਉਹਨਾਂ ਨੇ ਸਾਰੇ ਹੀ ਲਬੇੜ ਦਿੱਤੇ ਹਨ। ਪੁਲਸ, ਸਿਹਤ ਵਿਭਾਗ, ਅਦਾਲਤਾਂ ਤੇ ਜੇਲਾਂ ਸਭ ਭ੍ਰਿਸ਼ਟਾਚਰ ਦੀ ਦਲਦਲ ‘ਚ ਗਰਕ ਗਈਆਂ ਹਨ।
ਸਭ ਦੇ ਮੂੰਹ ਲਹੂ ਦੇ ਨਾਲ ਲਿਬੜੇ ਹੋਏ ਨੇ। ਕਿਤੇ ਕਿਤੇ ਕੋਈ ਆਸ ਦੀ ਕਿਰਨ ਦਿਖਦੀ ਹੈ ਪਰ ਉਸਨੂੰ ਵੀ ਸਰਕਾਰ ਕਿਤੇ ਟਿੱਕ ਕੇ ਕੰਮ ਕਰਨ ਨਹੀਂ ਦੇਂਦੀ। ਜਿਹੜਾ ਵੀ ਕੋਈ ਇਮਾਨਦਾਰ ਅਧਿਕਾਰੀ ਇਹਨਾਂ ਜ਼ਹਿਰ ਦੇ ਵਪਾਰੀਆਂ ਨੂੰ ਹੱਥ ਪਾਉਂਦਾ ਜਾਂ ਅੱਖਾਂ ਦਿਖਾਉਂਦਾ ਹੈ, ਉਸ ਦੀ ਵਿਭਾਗ ਦੇ ਵਿਚੋਂ ਜਾਂ ਧਰਤੀ ਤੋਂ ਹੀ ਛੁੱਟੀ ਕਰਵਾ ਦਿੱਤੀ ਜਾਂਦੀ ਹੈ।
ਇਸ ਹਮਾਮ ਦੇ ਵਿੱਚ ਵਪਾਰੀ, ਅਧਿਕਾਰੀ ਤੇ ਲਿਖਾਰੀ ਸਭ ਰਲੇ ਹੋਏ ਹਨ। ਕਿਤੋਂ ਹਫਤਾ, ਕਿਤੋਂ ਮਹੀਨਾ ਤੇ ਕਿਤੋਂ ਰੋਜ਼ ਦੀ ਰੋਜ਼ ਵਸੂਲੀ ਕੀਤੀ ਜਾਂਦੀ ਹੈ। ਇਹ ਵਸੂਲੀ ਥੱਲੇ ਇਕੱਠੀ ਹੁੰਦੀ ਤੇ ਉਪਰ ‘ਰੱਬ’ ਤੱਕ ਜਾਂਦੀ ਹੈ। ਇੱਥੇ ਇਮਾਨਦਾਰੀ ਦੇ ਨਾਲ ਹਿੱਸਾ ਪੱਤੀ ਘਰ ਜਾਂ ਦਫ਼ਤਰ ਪੁਜ ਜਾਂਦਾ ਹੈ। ਕਿਤੇ ਕੋਈ ਵੀ ਹੇਰਾਫੇਰੀ ਹੋਈ ਤਾਂ ਉਦੋਂ ਹੀ ਮੁਖਬਰ ਦੀ ਮਿਹਰਬਾਨੀ ਹੋ ਜਾਂਦੀ ਹੈ।
ਉਂਝ ਹਰ ਤਰਾਂ ‘ਧੰਦਾ’ ਉਪਰ ਤੋਂ ਥੱਲੇ ਤੱਕ ਰਲ ਮਿਲ ਕੇ ਹੀ ਚਲਦਾ ਹੈ। ਕਿਉਂਕਿ ਸਭ ਦੇ ਢਿੱਡ ਲੱਗੇ ਹੋਏ ਹਨ। ਢਿੱਡ ਤਾਂ ਰੋਜ਼ ਖਾਣ ਨੂੰ ਮੰਗਦਾ ਹੈ। ਇਹ ਚਾਹ-ਪਾਣੀ ਦੀ ਸੇਵਾ ਤੋਂ ਬਿਨਾਂ ਪੱਤਾ ਨੀ ਹਿਲ ਸਕਦਾ। ਨਕਲੀ ਖਾਣ-ਪੀਣ ਵਾਲੀਆਂ ਚੀਜ਼ਾਂ , ਨਸ਼ੇ ਦਾ ਸਮਾਨ ਸ਼ਰਾਬ, ਚਿੱਟਾ, ਭੁੱਕੀ, ਡੋਡੇ, ਅਫੀਮ ਤੇ ਹੋਰ ਬੜਾ ਕੁੱਝ ਆ ਜਿਹੜਾ ਬਜ਼ਾਰ ਦੇ ਵਿੱਚ ਦਿਨ ਦਿਹਾੜੇ ਵਿੱਕਦਾ ਹੈ। ਜਿਹੜਾ ਪਾੜ ‘ਤੇ ਫੜਿਆ ਗਿਆ ਉਹ ਚੋਰ ਤੇ ਬਾਕੀ ਸਾਧ।
ਸਾਧਾਂ ਦਾ ਕੰਮ ਤਾਂ ਲੋਕਾਂ ਨੂੰ ਸੰਸਾਰ ਦੇ ਭਵਜਲ ਦੇ ਵਿਚੋਂ ਕੱਢਣਾ ਸੀ ਪਰ ਹੁਣ ਤਾਂ ਸਾਧ ਵੀ ਆਪਣੀਆਂ ਕਰਤੂਤਾਂ ਦੇ ਕਾਰਨ ਭਵਜਲ ‘ਚ ਫਸ ਰਹੇ ਹਨ। ਕਈ ਸਾਧ ਆਪਣਾ ਕਾਰੋਬਾਰ ਰਲ ਮਿਲ ਕੇ ਚਲਾਈ ਜਾ ਰਹੇ ਹਨ।
ਸਮੇਂ ਸਮੇਂ ਦੀਆਂ ਸਰਕਾਰਾਂ ਦੇ ਮੰਤਰੀ ਤੇ ਅਧਿਕਾਰੀ ਜਦੋਂ ਵੀ ਕੁਰਸੀ ਬਦਲ ਕੇ ਬੈਠਦੇ ਹਨ, ਤਾਂ ਜਿੰਨੀ ਵੱਡੀ ਬੜਕ ਮਾਰਦਾ ਹੈ ਤੇ ਓਨਾ ਈ ਵੱਡਾ ਕਮਿਸ਼ਨ ਲੈਂਦਾ ਹੈ। ‘ਕਾਲੇ ਕਾਰੋਬਾਰ’ ਦਾ ਹਿੱਸਾ ਅੱਜਕੱਲ ਅਖ਼ਬਾਰਾਂ, ਟੀਵੀ ਚੈਨਲਾਂ ਦੇ ਦਫ਼ਤਰਾਂ ਤੇ ਘਰਾਂ ਤੱਕ ਵੀ ਜਾਣ ਲੱਗ ਪਿਆ ਹੈ।
ਇਸੇ ਕਰਕੇ ਅਸਲੀ ਸੱਚ ਕਿਧਰੇ ਵੀ ਨਜ਼ਰ ਨਹੀਂ ਆਉਣਾ। ਹੁਣ ਤਾਂ ਖ਼ਬਰ ਲਗਵਾਉਂਣ ਤੇ ਰੋਕਣ ਦੀ ਵੀ ਬੋਲੀ ਲੱਗਦੀ ਹੈ। ਅੱਜਕੱਲ ਜ਼ਹਿਰ ਦੇ ਵਪਾਰੀ ਤੇ ਅਧਿਕਾਰੀ ਵਿਜੀਲੈਂਸ ਤੇ ਪੁਲਸ ਤੋਂ ਨਹੀਂ ਡਰਦੇ ਜਿੰਨਾਂ ਮੀਡੀਏ ਤੋਂ ਡਰਦੇ ਆ। ਅੱਜਕਲ ਤਾਂ ਨੈੱਟ ਤੇ ਚੈਨਲ ਚਲਾਉਣ ਵਾਲੇ ਪੱਤਰਕਾਰਾਂ ਦਾ ਹੜ੍ਹ ਆਇਆ ਪਿਆ ਹੈ।
ਇਹ ਸਭ ਕੁੱਝ ਉਸ ਧਰਤੀ ਹੋ ਰਿਹਾ ਜਿਸ ਪੰਜਾਬ ਨੂੰ ਗੁਰੂਆਂ, ਪੀਰਾਂ, ਭਗਤਾਂ, ਫ਼ਕੀਰਾਂ, ਸੂਫ਼ੀ ਸੰਤਾਂ, ਦੇਸ਼ ਭਗਤਾਂ, ਯੋਧਿਆਂ ਦਾ ਦੇਸ਼ ਆਖਦੇ ਸੀ। ਪਰ ਮੁਰਾਰੀ ਲਾਲ ਆਖਦਾ ਹੈ ਕਿ ‘ ਇੱਥੇ ਗਦਾਰਾਂ ਦੀ ਵੀ ਵੱਡੀ ਲਾਈਨ ਹੈ, ਐਵੇਂ ਨਾ ਇਸ ਦੀ ਸਿਫ਼ਤਾਂ ਕਰੀ ਚੱਲ।’ ਇਸ ਧਰਤੀ ‘ਤੇ ਚਾਰ ਵੇਦ, ਮਹਾਂਭਾਰਤ, ਰਾਮਾਇਣ, ਗੀਤਾ, ਭਗਵਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੂਫ਼ੀ, ਕਿੱਸਾ, ਬੋਲੀਆਂ, ਗੀਤ, ਕਥਾ ਕਹਾਣੀਆਂ, ਨਾਵਲ ਤੇ ਸਾਹਿਤ ਦੀ ਹਰ ਵਿਧਾ ਦੀਆਂ ਲਿਖਤਾਂ ਲਿਖੀਆਂ ਗਈਆਂ ਹਨ। ਪਰ ਹੁਣ ਪੰਜਾਬੀ ਸਾਹਿਤ ਦੇ ਵਿੱਚ ਨਕਲੀ ਲੇਖਕਾਂ ਦੀ ਗਿਣਤੀ ਰੂੜੀ ਦੇ ਢੇਰ ਵਾਂਗ ਵਧੀ ਜਾ ਰਹੀ ਹੈ।
ਇੱਕ ਵਾਰ ਕਵੀ ਦੇ ਘਰ ਡਾਕਾ ਪੈ ਗਿਆ ਸੀ, ਉਸ ਨੇ ਜਿਹੜੀਆਂ ਗ਼ਜ਼ਲਾਂ ਮਾਂਝੇ ਦੀ ਕਬੂਤਰੀ ਨੂੰ ਦਿੱਤੀਆਂ ਸਨ, ਉਹੀ ਇੱਕ ਮਲਵੈਣ ਕਬੂਤਰੀ ਡਾਇਰੀ ਦੇ ਵਿੱਚੋਂ ਪਾੜ ਕੇ ਲੈ ਗਈ। ਇਸ ਡਾਕੇ ਦਾ ਜਦੋਂ ਕਵੀ ਨੂੰ ਪਤਾ ਲੱਗਾ ਤਾਂ ਉਹ ਸਾਹਿਤ ਦੇ ਇੱਕ ਚੌਧਰੀ ਦੇ ਘਰ ਗਿਆ। ਡਾਕੇ ਦੀ ਸਾਰੀ ਖ਼ਬਰ ਲਿਖਾਈ। ਚੌਧਰੀ ਕੀ ਕਰਦਾ ਉਹ ਵੀ ਸੋਚੀਂ ਪੈ ਗਿਆ। ਫੋਨ ਖੜਕਾਇਆ ਤੇ ਤਾੜਨਾ ਕੀਤੀ ਨਾਲੇ ਅਸਲੀ ਗੱਲ ਦੱਸੀ ਕਿ ਇਹੋ ਹੀ ਗ਼ਜ਼ਲਾਂ ਤਾਂ ਤੇਰੇ ਜਾਣ ਤੋਂ ਬਾਅਦ ਆ. .ਬੀਬਾ ਲੈ ਗਈ ਜੇ ਦੋਹਾਂ ਨੇ ਛਾਪ ਲਈਆਂ ਤਾਂ ਕੀ ਬਣੂੰ ਅਸਲੀ ਕਵਿਤਰੀ ਦਾ? ਤਾਂ ਕਿਤੇ ਪਹਿਲੀ ਕਬਤੂਰੀ ਦੇ ਨਾਂ ਹੇਠ ਉਹ ਗ਼ਜ਼ਲਾਂ ਛਪੀਆਂ ਤੇ ਦੂਜੀ ਹੋਰ ਲਿਖ ਕੇ ਦਿੱਤੀਆਂ।
ਕਈਆਂ ਨੇ ਤਾਂ ਮੁੱਲ ਦੀ ਡਾਕਟਰ ਡਿਗਰੀ ਵੀ ਲੈ ਲਈ। ਕਲਕੱਤੇ ਦੀ ਕਿਸੇ ਯੂਨੀਵਰਸਿਟੀ ਤੋਂ।
ਕਈਆਂ ਦਾ ਕਬੂਤਰ ਪਾਲਕ ਦਾ ਧੰਦਾ ਚੱਲ ਰਿਹਾ ਹੈ ਤੇ ਉਹ ਕਬੂਤਰਾਂ ਤੇ ਕਬੂਤਰੀਆਂ ਨੂੰ ਪਾਲ ਕੇ ਸਾਹਿਤ ਦੇ ਅਸਮਾਨ ਵਿੱਚ ਉਡਾ ਰਹੇ ਨੇ ਇਹੋ ਜਿਹਾ ਕਾਰੋਬਾਰ ਹੋਰ ਵੀ ਕਈ ਕਹਾਣੀਕਾਰਾਂ ਨੇ ਸ਼ੁਰੂ ਕਰ ਲਿਆ ਹੈ । ਪਹਿਲਾਂ ਕਵਿਤਾਵਾਂ ਤੇ ਗ਼ਜ਼ਲਾਂ ਲਿਖ ਕੇ ਦੇਦੇ ਸਨ ਹੁਣ ਕਹਾਣੀਆਂ ਵੀ ਲਿਖ ਕੇ ਦੇਦੇ ਫੇਰ ਕੈਨੇਡਾ ਦੀ ਤੀਰਥ ਯਾਤਰਾ ਕਰਦੇ ਹਨ…..! ਇਹ ਪਤੰਦਰ ਹੁਣ ਬਹੁਤੇ ਢੀਠ ਹੋ ਗਏ..ਬੀਮੇ ਦੇ ਏਜੰਟ ਵਾਂਗੂੰ ….ਭੋਰਾ ਵੀ ਸ਼ਰਮ ਮੰਨਦੇ।
ਇਹ ਆਪਣੀ ਧੋਲੀ ਦਾੜੀ ਦਾ ਵੀ ਖਿਆਲ ਨਹੀਂ ਰੱਖਦੇ। ਇਸ਼ਕ ਦੇ ਅੰਨ੍ਹੇ ਆਸ਼ਕ ਵਾਂਗ ਬੇਸ਼ਰਮੀ ਦੀਆਂ ਸਾਰੀਆਂ ਹੀ ਹੱਦਾਂ ਟੱਪੀ ਜਾ ਰਹੇ ਹਨ। ਸਭ ਨੂੰ ਪਤਾ ਹੈ ਕਿ ਕਿਸ ਦੇ ਪਿੱਛੇ ਕੌਣ ਹੈ? ਕਈ ਤਾਂ ਪਾਕਿਸਤਾਨੀ ਸ਼ਾਇਰੀ ਨੂੰ ਪੰਜਾਬੀ ਦੇ ਵਿਚ ਲਿੰਪੀਅੰਤਰ ਕਰ ਕਰ ਕੇ ਆਪਣੇ ਜਾਂ ਹੋਰਨਾਂ ਦੇ ਨਾ ਹੇਠ ਛਾਪ ਰਹੇ ਹਨ। ਪੰਜਾਬੀ ਦੇ ਇਕ ਸ਼ਾਇਰ ਨੇ ਤਾਂ ਪੂਰੀ ਕਿਤਾਬ ਹੀ ਅਪਣੇ ਨਾਂ ਹੇਠ ਛਾਪ ਲਈ। ਇੱਕ ਵਾਰ ਮੋਗੇ ਵੱਲ ਦੇ ਨੇ ਗੁਰਚਰਨ ਚਾਹਲ ਭੀਖੀ ਦੀਆਂ ਕਹਾਣੀਆਂ ਤੇ ਪਾਤਰਾਂ ਦੇ ਨਾਂ ਬਦਲ ਕੇ ਕਿਤਾਬ ਛਾਪ ਲਈ ਤੇ ਰੀਵਿਊ ਦੇ ਲਈ ਅਖਬਾਰਾਂ ਨੂੰ ਭੇਜ ਦਿੱਤੀ । ਉਹ ਕਿਤਾਬ ਪੁਜ ਗਈ ਨਰਿੰਜਨ ਬੋਹੇ ਕੋਲ ਫੇਰ ਕੀ ਉਸਨੇ ਭਾਂਡਾ ਭੰਨ ਤਾਂ, ਉਹ ਲੇਖਕ ਕੌਣ ਸੀ ਬੋਹਾ ਸਾਹਿਬ ਤੋਂ ਪਤਾ ਕਰ ਲਿਓ ਜੀ।
ਵੱਡੇ ਵੱਡੇ ਕਵੀ ਤੇ ਲੇਖਕ ਇਹ ਧੰਦਾ ਕਰ ਰਹੇ ਹਨ। ਆਪੇ ਹੀ ਵੱਡੇ-ਵੱਡੇ ਕੌਮਾਂਤਰੀ ਪੱਧਰ ਦੀ ਅੰਗਰੇਜ਼ੀ ਸ਼ਬਦਾਂ ਦੇ ਨਾਲ ਗੁੰਦ ਕੇ ਲੇਖ ਛਪਵਾਏ ਹਾ ਰਹੇ ਹਨ। ਪੰਜਾਬੀ ਤੇ ਅੰਗਰੇਜ਼ੀ ਦੇ ਇਹ ਜਾਣੂੰ ਗ਼ਜ਼ਲਾਂ, ਕਹਾਣੀਆਂ ਤੇ ਸ਼ਖ਼ਸੀਅਤ ਸਬੰਧੀ ਲੇਖ ਹੀ ਨਹੀਂ ਲਿਖ ਕੇ ਦੇ ਰਹੇ ਉਹਨਾਂ ਨੂੰ ਛਪਵਾਉਣ ਤੋਂ ਲੈ ਕੇ ਕਿਸੇ ਸੰਸਥਾ ਦੇ ਵਿਚੋਂ ਪੁਰਸਕਾਰ ਦਿਵਾਉਣ ਦੇ ਲਈ ਪੂੰਛ ਤੁੜਾਉਣ ਤੱਕ ਜਾਂਦੇ ਹਨ। ਆਪਣੀ ਗੱਡੀ ਤੇ ਆਪਣੀ ਜੇਬ ਤੇ ਨਾਂ ਜਿਵੇਂ ਕਹਿੰਦੇ ਹੁੰਦੇ ਆ ‘ ਲੋਟਨ ਮਿੱਤਰਾਂ ਦਾ, ਨਾਂ ਬੋਲਦਾ ਗੁਬਿੰਦੀ ਏ ਤੇਰਾ’। ‘ ਦਿਉਰਾ ਵੇ ਮੈਨੂੰ ਕਹਿਣ ਕੁੜੀਆਂ ਤੇਰੇ ਮੁੰਡੇ ਦਾ ਤਾਂ ਜੇਠ ‘ਤੇ ਮੁੜੰਗਾ।’ ਕਈਆਂ ਦੀਆਂ ਕਿਤਾਬਾਂ ਦੇ ਵਿੱਚ ‘ ਇੱਕ ਉਸਤਾਦ ਸ਼ਾਇਰ ਦਾ ਮੁੜੰਗਾ ਦੇਖਿਆ ਜਾ ਸਕਦਾ ਹੈ, ਇਹ ਉਸਤਾਦ ਪੁਰਾਣੇ ਹਿੰਦੀ ਫਿਲਮਾਂ ਦੇ ਗੀਤਾਂ ਨੂੰ ਗ਼ਜ਼ਲਾਂ ਬਣਾ ਕੇ ਵੇਚਦਾ ਹੈ। ਅੱਜਕੱਲ੍ਹ ਇੱਕ ਕਹਾਣੀਕਾਰ ਵੀ ਇਸੇ ਤਰਾਂ ਇੱਕ ‘ ਗੋਲੇ ਕਬੂਤਰ ‘ ਨੂੰ ਕਹਾਣੀਕਾਰ ਬਣਾਉਣ ਦੇ ਲਈ ਪੱਬਾਂ ਭਾਰ ਹੋਇਆ ਪਿਆ ਹੈ।
ਤੁਸੀਂ ਇਹਨਾਂ ਦੀਆਂ ਕਿਤਾਬਾਂ ਪੜ੍ਹਕੇ ਵੇਖ ਲਿਓ ਤਾਂ ਤੁਹਾਨੂੰ ਪੁਰਾਣੇ ਹਿੰਦੀ ਫਿਲਮਾਂ ਦੇ ਗੀਤਾਂ ਦੀਆਂ ਮਹਿਕਾਂ, ਕਿਰਨਾਂ ਤੇ ਖੁਸ਼ਬੋ ਆਵੇਗੀ। ਹੋਰ ਤਾਂ ਹੋਰ ਇਹਨਾਂ ਨੂੰ ਕਾਲਜਾਂ ਵਿਚ ਨੌਕਰੀਆਂ ਤੇ ਸਾਹਿਤਕ ਸਮਾਗਮਾਂ ਦੇ ਵਿਚ ਵਿਸ਼ੇਸ ਤੌਰ ‘ਤੇ ਸੱਦਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ।
ਕਈਆਂ ਨੇ ਤਾਂ ਅਪਣੀਆਂ ਨੌਕਰਾਣੀਆਂ ਬਣਾ ਕਿ ਰੱਖਿਆ ਹੋ। ਯੂਨੀਵਰਸਿਟੀ ਦੇ ਵਿਚ ਜਦੋਂ ਕਿਸੇ ਨੂੰ ਰਜਿਸਟਰ ਕੀਤਾ ਜਾਂਦਾ ਸੀ ਤਾਂ ਇਹ ਸ਼ਰਤ ਉਸ ‘ਤੇ ਲਾਈ ਜਾਂਦੀ ਸੀ ਕਿ ‘ਬੀਬਾ ਤੈਂ ਹੁਣ ਵਿਆਹ ਨੀਂ ਕਰਵਾਉਣਾ।’ ਕਈਆ ਂਦੇ ਤਾਂ ਵਿਆਹ ਵੀ ਹੋਣ ਨੀ ਦਿੱਤੇ। ਉਹ ਹੁਣ ਭਟਕਦੀਆਂ ਫਿਰਦੀਆਂ ਹਨ।
ਇਤਿਹਾਸ ਕਹਿੰਦਾ ਹੈ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਜਿਸ ਦੇ ਵਿਚੋਂ ਪੰਜਾਬ ਨੂੰ ਦੇਖਿਆ ਜਾਂਦਾ ਹੈ। ਇਹ ਸਾਹਿਤ ਦਾ ਲੇਖਕ ਆਪਣੀ ਲਿਖਤ ਦਾ ਜਵਾਬਦੇਹ ਹੁੰਦਾ ਹੈ। ਪਰ ਜਿਸ ਤਰਾਂ ਸਾਹਿਤ ‘ਚ ਨਕਲੀ ਤੇ ਜੁਗਾੜੂ ਸਾਹਿਤਕਾਰਾਂ, ਲੇਖਕਾਂ ਕਵੀਆਂ ਤੇ ਕਵਿਤਰੀਆਂ ਦਾ ਦੇਸ਼ ਵਿਦੇਸ਼ ‘ਚ ਵਾਧਾ ਹੋ ਰਿਹਾ ਹੈ, ਇਹ ਸਾਹਿਤ ਤੇ ਸਮਾਜ ਦੇ ਲਈ ਬਹੁਤ ਹੀ ਖਤਰਨਾਕ ਹੈ।
ਨੈਤਿਕ ਕਦਰਾਂ ਕੀਮਤਾਂ ਦਾ ਢੋਲ ਪਿੱਟਣ ਵਾਲੇ ਕੌਣ ਕੌਣ ਹਨ? ਇਹ ਤੁਸੀਂ ਸਭ ਜਾਣਦੇ ਹੋ? ਖੈਰ ਆਪਾਂ ਕੀ ਲੈਣਾ ਹੈ ਇਸ ਵਰਤਾਰੇ ਤੋਂ ? ਆਪਾਂ ਤਾਂ ਪਾਣ-ਪੀਣ ਵਾਲੀਆਂ ਵਸਤੂਆਂ ਦੀ ਗੱਲ ਕਰਦੇ ਸੀ ਪਰ ਹੁਣ ਇਹਨਾਂ ਤੇ ਵੀ ਸਰਕਾਰ ਦੀ ਅੱਖ ਹੈ। ਅੱਖ ਕਿਸ ਦੀ ਕਿਸ ‘ਤੇ ਹੈ?
ਇਹ ਕਦੇ ਫੇਰ ਸਹੀ ਅਜੇ ਤੁਸੀਂ ਨਕਲੀ ਦੁੱਧ, ਪਨੀਰ, ਮਿਠਾਈਆਂ ਤੇ ਸਬਜ਼ੀਆਂ ਖਰੀਦੋ। ਨਕਲੀ ਤੇਲ ਤੇ ਮਸਾਲਿਆਂ ਦੇ ਨਾਲ ਬਣੀਆਂ ਦਾਲਾਂ, ਸਬਜ਼ੀਆਂ ਤੇ ਹੋਰ ਜੰਕ-ਫੂਡ ਦਾ ਸੁਆਦ ਲਵੋ। ਤੁਸੀਂ ਗੁਰਦਾਸ ਮਾਨ ਦਾ ਗੀਤ ਸੁਣੋ- ਬਈ ਕੀ ਬਣੂੰ ਦੁਨੀਆ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕੀ ਬਣੂੰ ਦੁਨੀਆ ਦਾ?
ਗੁਲਸ਼ਨ ਕੋਮਲ ਤੇ ਆਖੀ ਜਾਂਦੀ ਹੈ….ਦਿਉਰਾ ਵੇ ਮੈਨੂੰ ਕਹਿਣ ਕੁੜੀਆਂ …ਤੇਰੇ ਮੁੰਡੇ ਦਾ ਜੇਠ ਤੇ ਮੁੜੰਗਾ…..। …. ਮਰਦੀ ਨੇ ਅੱਕ ਚੱਬਿਆ ਨੀ ਹਾਰ ਕਿ ਜੇਠ ਨਾਲ ਲਾਈਆ।””
ਕਿਧਰ ਤੁਰ ਪਿਆ ਸਮਾਜ…ਕਿਹੋ ਜਿਹੇ ਚੱਲ ਪੇ ਰਿਵਾਜ਼?