ਦਹਿਸ਼ਤਰਗਰਦੀ ਖ਼ਿਲਾਫ਼ ਕਾਰਵਾਈ ’ਚ ਪਾਕਿਸਤਾਨ ਨਾਕਾਮ: ਵ੍ਹਾਈਟ ਹਾਊਸ

ਅਮਰੀਕਾ ਨੇ ਅੱਜ ਪਾਕਿਸਤਾਨ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਮੁਲਕ ਵਿਚਲੇ ਦਹਿਸ਼ਤਗਰਦਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰੇ। ਵ੍ਹਾਈਟ ਹਾਊਸ ਤੋਂ ਜਾਰੀ ਇਕ ਬਿਆਨ ਮੁਤਾਬਕ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਪਾਕਿ ਤੋਂ ਤਵੱਕੋਂ ਹੈ ਕਿ ਉਹ ਅਜਿਹਾ ਕਰੇਗਾ। ਜ਼ਿਕਰਯੋਗ ਹੈ ਕਿ ਇਸ ਮੁੱਦੇ ’ਤੇ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਹਮੋ-ਸਾਹਮਣੇ ਹੋ ਚੁੱਕੇ ਹਨ। ਇਸ ਨਾਲ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਸਬੰਧ ਵੀ ਪ੍ਰਭਾਵਿਤ ਹੋਏ ਹਨ। ਟਰੰਪ ਨੇ ਐਤਵਾਰ ਨੂੰ ਪਾਕਿ ਵਿਰੁੱਧ ਕਾਫ਼ੀ ਸਖ਼ਤ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਕਿਹਾ ਸੀ ਕਿ ਪਾਕਿ ਅਮਰੀਕਾ ਤੋਂ ਰੱਖਿਆ ਮਦਦ ਤਾਂ ਲੈ ਰਿਹਾ ਹੈ, ਪਰ ਗੁਆਂਢੀ ਮੁਲਕ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਉਭਾਰ ਬਾਰੇ ਕੁਝ ਨਹੀਂ ਕਰ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਓਸਾਮਾ ਬਿਨ ਲਾਦੇਨ ਮਾਮਲੇ ਬਾਰੇ ਵੀ ਟਿੱਪਣੀ ਕੀਤੀ ਸੀ। ਇਮਰਾਨ ਨੇ ਵੀ ਰੋਹ ਭਰੇ ਲਹਿਜ਼ੇ ਵਿਚ ਕਿਹਾ ਸੀ ਕਿ ਪਾਕਿ ਅਮਰੀਕਾ ਦੀ ਮਦਦ ਕਰਦਾ ਹੋਇਆ ਬਹੁਤ ਨੁਕਸਾਨ ਸਹਿ ਚੁੱਕਾ ਹੈ। ਵ੍ਹਾਈਟ ਹਾਊਸ ਨੇ ਟਰੰਪ ਦੇ ਉਸ ਫ਼ੈਸਲੇ ਦੀ ਵੀ ਹਮਾਇਤ ਕੀਤੀ ਹੈ, ਜਿਸ ’ਚ ਉਨ੍ਹਾਂ ਪਾਕਿਸਤਾਨ ਨੂੰ ਰੱਖਿਆ ਮਦਦ ਦੇਣਾ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ।

Previous articleਭ੍ਰਿਸ਼ਟਾਚਾਰ ਦੇ ਇਲਾਜ ਲਈ ਨੋਟਬੰਦੀ ਨੂੰ ‘ਕੌੜੀ ਦਵਾਈ’ ਵਜੋਂ ਵਰਤਿਆ: ਮੋਦੀ
Next articleਟੀ-20: ਭਾਰਤ ਦੇ ਆਸਟਰੇਲਿਆਈ ਦੌਰੇ ਦੀ ਸ਼ੁਰੂਆਤ ਅੱਜ ਤੋਂ