(ਸਮਾਜ ਵੀਕਲੀ)
ਅਸਲੀ ਮੁੱਦੇ ਭੁੱਲ ਗਏ, ਵੱਜਗੇ ਹੋਰ ਹੀ ਢੋਲ।
ਕੈਪਟਨ ਦਾ ਹੁਣ ਕੀ ਬਣੂ, ਬਿਸਤਰ ਸਮਝੋ ਗੋਲ।
ਸਿੱਧੂ ਸਿੱਧਾ ਨਿਕਲਿਆ, ਕੈਪਟਨ ਹੋਇਆ ਠੀਕ,
ਕਰਦਾ ਕੀ ਹੁਣ ਬਾਜਵਾ, ਢੁੱਕਿਆ ਜਦੋਂ ਸ਼ਰੀਕ।
ਇੱਕੋ ਇੱਕ ਸੀ ਮੰਤਰੀ, ਪੱਕਾ ਰਿਹਾ ਜ਼ੁਬਾਨ,
ਪੂਰੇ ਪੰਜੇ ਸਾਲ ਹੀ , ਰਿਹਾ ਖੜਕਾਉਂਦਾ ਭਾਨ।
ਪੰਜਾਬ ਸਿੰਹਾਂ ਤ੍ਰਾਸਦੀ, ਬਣ ਨਾ ਕਿਵੇਂ ਮਹਾਨ,
ਖ਼ਾਲੀ ਖ਼ਜ਼ਾਨੇ ਸਾਹਿਬ ਦੇ, ਲੋਕੋ ਕਰਦੋ ਦਾਨ।
ਬਿਜਲੀ ਪਾਣੀ ਮੁਫ਼ਤ ਦੀ,ਕਰਨੀ ਕਿਸੇ ਸੰਭਾਲ,
ਯੂਨਿਟਾਂ ਤਿੰਨ ਸੌ ਮਾਫ਼ ਨੇ, ਝੂਠੇ ਜੁਮਲੇ ਪਾਲ।
ਕੀਹਨੇ ਕਿਸ ਨੂੰ ਠੋਕਣਾ , ਕੌਣ ਮੁੰਨੀ ਬਦਨਾਮ,
ਤਾਣਾ ਬਾਣਾ ਉਲਝਿਆ, ਵੋਟਰ ਨੇ ਬੇਅਰਾਮ।
ਜਨਤਾ ਨੂੰ ਭਰਮਾਉਣਗੇ, ਵਾਅਦੇ ਕਰਕੇ ਗੋਲ,
ਦਾਲ਼ ਚੌਲ ਤੇ ਧਿਜਣਗੇ, ਗ਼ੁਰਬਤ ਜਿਹਨਾਂ ਕੋਲ।
ਭੈੜੀ ਮਨਸ਼ਾ ਛੱਡ ਕੇ, ਲੋਕ ਸਿਆਣੇ ਹੋਣ,
ਰੱਖਣ ਮੰਗ ਰੁਜ਼ਗਾਰ ਦੀ,ਫਿਰ ਨਾ ਰੋਣੇ ਰੋਣ।
ਜੱਗ ਜ਼ਾਹਰ ਪੰਜਾਬ ਹੈ, ਨਸ਼ਿਆਂ ਲਿਆ ਹੜੱਪ,
ਕਸਮਾਂ ਝੂਠੀਆਂ ਖਾਣਗੇ, ਰਾਜਨੀਤੀ ਦੇ ਸੱਪ।
ਲਾਉਣੇ ਪੈਣੇ ਮੋਰਚੇ, ਰਹਿਣਾ ਨਾ ਹੁਣ ਚੁੱਪ,
ਏਕੇ ਵਿਚ ਨੇ ਬਰਕਤਾਂ, ਨਹੀਂ ਤਾਂ ਨੇਰਾ ਘੁੱਪ।
ਰਾਜਿੰਦਰ ਸਿੰਘ ਰਾਜਨ
96538-85032
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly