(ਸਮਾਜ ਵੀਕਲੀ)
“ਇਹ ਜ਼ੁਲਮਾਂ ਦੀ ਅੱਗ ਜਦ ਸੀ ਸਿਖ਼ਰਾਂ ‘ਤੇ ਬਲ਼ਦੀ,
ਮਜਲੂਮਾਂ ਤੋਂ ਜਾਬਰ ਦੀ ਸੀ ਹਿਮਾਕਤ ਨਾ ਟਲਦੀ;
ਇਹ ਰੌਸ਼ਨ ਦੀਵਾ ਫ਼ਿਰ ਧਰਤੀ ‘ਤੇ ਜਗਿਆ,
ਹਨ੍ਹੇਰਿਆਂ ‘ਚ ਚਾਨਣ ਤਦੇ ਹੋਣ ਲੱਗਿਆ;
ਫਿਰ ‘ਨਾਨਕ ਦਸਵਾਂ’ ਜੋ ਧਰਤੀ ‘ਤੇ ਆਇਆ,
ਜਬਰਾਂ ਦੇ ਅੱਗੇ ਜੀਹਨੇ ਹਿੱਕ ਨੂੰ ਸੀ ਡਾਹਿਆ;
ਉਹ ਮਜ਼ਲੂਮਾਂ ਦਾ ਰਾਖਾ,ਉਹ ਦਰਦਾਂ ਦੀ ਉਮੀਦ,
ਉਹ ਹਨ੍ਹੇਰੇ ‘ਚ ਚਾਨਣ ਜੋ ਦਿਸਦਾ ਹਰ ਥਾਂ ਏ;
ਉਹ ਨਾਨਕ ਹੈ ਦਸਵਾਂ,ਉਹ ਨਾਨਕ ਦਾ ਹੀ ਨਾਂ’ ਏ,
ਉਹ ਰਾਮ ਰਮਈਆ,ਉਹ ਈਸਾ ਜੋ ਰੱਬ ਹੈ,
ਉਹ ਅੱਲ੍ਹਾ ਦੀ ਉਸਤੱਤ, ਉਹ ਖ਼ਾਲਸ ਖ਼ੁਦਾ ਹੈ,
ਉਹ ਨਾਨਕ ਹੈ ਦਸਵਾਂ,ਉਹ ਨਾਨਕ ਦਾ ਹੀ ਨਾਂ’ ਏ…;
ਉਹ ਤੀਰਾਂ ਦੇ ਵਾਂਗੂੰ ਜੋ ਜ਼ੁਲਮਾਂ ‘ਤੇ ਵਰਸੇ,
ਹੋ ਛੂਹਕੇ ਕਦਮ ਜਿਸਦੇ ਗੁੰਮ ਜਾਂਦੇ ਸਰਸੇ;
ਉਹ ਮੌਜਾਂ ਦੇ ਮਾਲੀ,ਉਹ ਰੱਬ ਦਾ ਹੀ ਨਾਂ’ ਏ,
ਉਹ ਤੇਗ਼ਾਂ ‘ਚ ਲਿਸ਼ਕੇ,ਉਹ ਤੀਰਾਂ ਦੀ ਛਾਂ ਏ;
ਉਹ ਪੀਰ ਜਗਤ ਦਾ,ਉਹ ਇਨਾਇਤ ਖ਼ੁਦਾ ਦਾ,
ਉਹ ਗੋਬਿੰਦ ਜੋ ਦਸਵਾਂ,ਨਾਨਕ ਦਾ ਹੀ ਨਾਂ ਏ;
ਉਹ ਧਰਮਾਂ ਦਾ ਧਰਮੀ,ਉਹ ਮਹਿਰਮ ਸੁੱਖਾਂ ਦਾ,
ਉਹ ਨਾਨਕ ਹੈ ਦਸਵਾਂ,ਉਹ ਨਾਨਕ ਦਾ ਹੀ ਨਾਂ’ ਏ…;
ਇਹ ਨਵੀਆਂ ਹੀ ਪਿਰਤਾਂ ਜੋ ਪਾਕੇ ਗਏ ਨੇਂ,
ਹੈ ਹੱਕ ਸੱਚ ਲਈ ਲੜਨਾ ਸਿਖਾਕੇ ਗਏ ਨੇਂ;
ਇਹ ਤੇਗ਼ਾਂ ਦੇ ਉੱਤੇ ਜੋ ਨੱਚਣਾ ਨੇਂ ਸਿੱਖਦੇ,
ਉਹ ਤੇਗ਼ਾਂ ਨਹੀਂ ਚੱਕਦੇ, ‘ਜ਼ਫ਼ਰਨਾਮੇਂ’ ਹੀ ਲਿਖਦੇ;
ਜੋ ਸੀ ਪੁੱਤ ਚਾਰੇ,ਉਹਦੇ ਲਾਲ ਪਿਆਰੇ,
ਉਹ ਪੀਤਾ ਦੇ ਸੰਗ,ਨੇਂ ਧਰਮਾਂ ਲਈ ਸਾਰੇ;
ਪਰ! ਫਿਰ ਵੀ ਸ਼ਿਕਨ ਉਹਦੇ ਮੱਥੇ ਨਾਂ ਆਈ,
ਉਹਨੇ ਖ਼ਾਲਸੇ ਨੂੰ ਸਦਾ,ਚੜ੍ਹਦੀਕਲਾ ਹੀ ਵਿਖਾਈ;
ਉਹ ਸਰਬੱਤ ਦੇ ਜੋ ਭਾਣੇ,ਨੂੰ ਮੀਠਾ ਹੈ ਮੰਨਦਾ,
ਫ਼ਿਰ ਕੰਡਿਆਂ ਦੀਆਂ ਸੇਜਾਂ ਵੀ ਮਖ਼ਮਲੀ ਥਾਂ ਨੇਂ;
ਉਹ ਨਾਨਕ ਹੈ ਦਸਵਾਂ,ਉਹ ਨਾਨਕ ਦਾ ਹੀ ਨਾਂ’ ਏ…;
ਉਹਨੂੰ ਖ਼ਾਲਸੇ ਦੇ ਪੁੱਤ ਨੇ ਸਭ ਤੋਂ ਪਿਆਰੇ,
ਜਿਸ ‘ਮਾਧੋ ਦਾਸ’ ਜਹੇ ਨੇਂ ਕਈ ਬੰਦੇ ਸਵਾਰੇ;
ਸੀ ਰੱਬ ਦੀ ਹੀ ਮਰਜ਼ੀ, ਇਹ ਜਬਰਾਂ ਦੇ ਦਿਨ ਜੋ,
ਪਰ! ਹਨ੍ਹੇਰਿਆਂ ‘ਚ ਚੜਨੇ, ਨੇ ਇੱਕ ਦਿਨ ਚੰਨ ਤਾਰੇ;
ਉਹਦੀ ਓਟ ਲੈਕੇ ‘ਬੰਦਾ’ ਸੀ ਜਦ ਤੁਰਿਆ,
ਫ਼ਿਰ ‘ਹਰ ਮੈਦਾਨ ਫ਼ਤਹਿ’ ਕਰ ਮੁੜਿਆ;
ਉਹ ਮਰਦ ਅਗੰਮੜਾ,ਉਹ ਦਿਲਬਰ-ਏ-ਖ਼ਲਕਤ,
ਉਹ ਬਾਣੀ ਹੈ ਰੱਬ ਦੀ,ਉਹ ਰੱਬ ਦੀ ਦੁਆ ਏ;
ਉਹ ਨਾਨਕ ਹੈ ਦਸਵਾਂ,ਉਹ ਨਾਨਕ ਦਾ ਹੀ ਨਾਂ’ ਏ,
ਉਹ ਰਾਮ ਰਮੱਈਆ,ਉਹ ਈਸਾ ਜੋ ਰੱਬ ਹੈ,
ਉਹ ਅੱਲ੍ਹਾ ਦੀ ਉਸਤੱਤ, ਉਹ ਖ਼ਾਲਸ ਖ਼ੁਦਾ ਹੈ,
ਉਹ ਨਾਨਕ ਹੈ ਦਸਵਾਂ,ਉਹ ਨਾਨਕ ਦਾ ਹੀ ਨਾਂ ਏ….!!”
ਹਲਕਮਲ ਧਾਲੀਵਾਲ
ਸੰਪਰਕ:- 8437403720