ਚੰਡੀਗੜ੍ਹ (ਸਮਾਜ ਵੀਕਲੀ) : ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਵਾਪਰੀ ਘਟਨਾ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਪੰਜਾਬ ’ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ’ਚ ਹੋਏ ਘੁਟਾਲੇ ’ਚ ਕਾਰਵਾਈ ਲਈ ਸੰਤ ਸਮਾਜ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਅੱਜ ਦੋਆਬਾ ’ਚ ਭਰਵਾਂ ਜਦਕਿ ਮਾਲਵਾ ਤੇ ਮਾਝਾ ’ਚ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ। ਦੋਆਬੇ ਵਿੱਚ ਕਾਰੋਬਾਰ ਤੇ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰਹੇ ਪਰ ਮਾਲਵਾ-ਮਾਝਾ ’ਚ ਆਵਾਜਾਈ ਆਮ ਵਾਂਗ ਚਲਦੀ ਰਹੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੰਤ ਸਮਾਜ ਤੇ ਦਲਿਤ ਜਥੇਬੰਦੀਆਂ ਵੱਲੋਂ ਸੂਬੇ ਭਰ ਦੀਆਂ ਮੁੱਖ ਸੜਕਾਂ ’ਤੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਗਏ। ਸੇਵਾਮੁਕਤ ਆਈਏਐੱਸ ਅਧਿਕਾਰੀ ਐੱਸਆਰ ਲੱਧੜ ਨੇ ਯੂਪੀ ਦੇ ਹਾਥਰਸ ਵਿਚ ਵਾਪਰੀ ਘਟਨਾ ਦੀ ਨਿੰਦਾ ਕਰਦਿਆਂ ਇਸ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕੀਤੀ।
ਦੂਜੇ ਪਾਸੇ ਦਲਿਤ ਸਮਾਜ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਘੁਟਾਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਣਾਈ ਜਾਂਚ ਟੀਮ ਵੱਲੋਂ ਕੈਬਨਿਟ ਮੰਤਰੀ ਸਾਥੂ ਸਿੰਘ ਧਰਮਸੋਤ ਨੂੰ ਦਿੱਤੀ ਕਲੀਨ ਚਿੱਟ ਨੂੰ ਰੱਦ ਕਰਦਿਆਂ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਜਲੰਧਰ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਦੋਆਬੇ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ। ਕਈ ਥਾਵਾਂ ’ਤੇ ਲੋਕ ਸ਼ਾਮ ਤਿੰਨ ਵਜੇ ਤੱਕ ਵੀ ਧਰਨਾ ਲਾ ਕੇ ਬੈਠੇ ਰਹੇ।
ਪੰਜਾਬ ਬੰਦ ਦੀ ਹਮਾਇਤ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੱਲੋਂ ਵੀ ਕੀਤੀ ਗਈ ਸੀ। ਕਾਂਗਰਸ ਨੇ ਇਸ ਬੰਦ ਦੇ ਸੱਦੇ ਦੌਰਾਨ ਸਿਰਫ ਹਾਥਰਸ ਦੀ ਘਟਨਾ ’ਤੇ ਸਾਰਾ ਧਿਆਨ ਕੇਂਦਰਿਤ ਰੱਖਿਆ ਜਦਕਿ ਭਾਜਪਾ ਨੇ ਆਪਣੇ ਰੋਸ ਪ੍ਰਦਰਸ਼ਨ ਵਿੱਚ ਸਿਰਫ਼ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮਾਮਲੇ ’ਤੇ ਕੈਪਟਨ ਸਰਕਾਰ ਨੂੰ ਘੇਰਿਆ। ਸੰਤ ਸਮਾਜ ਦੇ ਬੁਲਾਰੇ ਸੰਤ ਸਤਵਿੰਦਰ ਹੀਰਾ ਨੇ ਕਾਂਗਰਸ ਤੇ ਭਾਜਪਾ ’ਤੇ ਬੰਦ ਦੇ ਸੱਦੇ ਨੂੰ ਤਾਰਪੀਡੋ ਕਰਨ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਪੰਜਾਬ ਬੰਦ ਦਾ ਸੱਦਾ ਹਾਥਰਸ ਦੀ ਦਰਿੰਦਗੀ ਵਾਲੀ ਘਟਨਾ ਵਿੱਚ ਇਨਸਾਫ ਲੈਣ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਫੰਡ ਨਾ ਆਉਣ ਤੇ ਇਸ ਘੁਟਾਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਦਿੱਤਾ ਗਿਆ ਸੀ ਪਰ ਦੋਹਾਂ ਰਾਜਸੀ ਧਿਰਾਂ ਨੇ ਇਸ ਬੰਦ ਨੂੰ ਆਪੋ-ਆਪਣੇ ਸਿਆਸੀ ਮੰਤਵਾਂ ਦੀ ਪੂਰਤੀ ਲਈ ਵਰਤਿਆ। ਉਨ੍ਹਾਂ ਅੱਜ ਦੇ ਚੱਕਾ ਜਾਮ ਤੇ ਪੰਜਾਬ ਬੰਦ ਦੀ ਸਫ਼ਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਹ ਸੰਘਰਸ਼ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੱਕ ਜਾਰੀ ਰਹੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਦਲਿਤਾਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਇਲਾਕੇ ਬੂਟਾ ਮੰਡੀ ਵਿੱਚ ਪੁਲੀਸ ਨੇ ਥਾਂ-ਥਾਂ ’ਤੇ ਨਾਕੇ ਲਾਏ ਹੋਏ ਸੀ।
ਭਗਵਾਨ ਵਾਲਮੀਕਿ ਚੌਕ ਅਤੇ ਰੈਣਕ ਬਾਜ਼ਾਰ ਤੇ ਹੋਰ ਭੀੜ-ਭੜੱਕੇ ਵਾਲੇ ਇਲਾਕੇ ਸਵੇਰੇ ਹੀ ਬੰਦ ਹੋ ਗਏ ਸਨ। ਭਾਜਪਾ ਨੇ ਬੀਐੱਸਐੱਫ ਚੌਕ ਵਿੱਚ ਰੋਸ ਮੁਜ਼ਾਹਰਾ ਕੀਤਾ। ਇਸ ਰੋਸ ਪ੍ਰਦਰਸ਼ਨ ’ਚ ਭਾਜਪਾ ਆਗੂ ਮਨੋਰੰਜਨ ਕਾਲੀਆ, ਕੇਡੀ ਭੰਡਾਰੀ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ ਤੇ ਹੋਰ ਆਗੂ ਹਾਜ਼ਰ ਸਨ। ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਵਾਲਮੀਕ ਸਮਾਜ ਨਾਲ ਸਬੰਧਤ ਆਗੂ ਚੰਦਨ ਗਰੇਵਾਲ ਦੀ ਅਗਵਾਈ ਹੇਠ ਹੋਏ ਰੋਸ ਪ੍ਰਦਰਸ਼ਨ ਦੌਰਾਨ ਆਰਐੱਸਐੱਸ ਦੇ ਮੁੱਖ ਦਫਤਰ ਪੀਲੀ ਕੋਠੀ ਦਾ ਘਿਰਾਓ ਕੀਤਾ ਗਿਆ ਤੇ ਕੋਠੀ ਨੇੜੇ 10 ਘੜੇ ਭੰਨ ਕੇ ਯੂਪੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸੇ ਤਰ੍ਹਾਂ ਨੂਰਮਹਿਲ ਬਾਜ਼ਾਰ ਤੇ ਆਲੇ-ਦੁਆਲੇ ਦੇ ਪਿੰਡਾਂ ਤੇ ਮਹਿਤਪੁਰ ’ਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ।