ਜੰਮੂ (ਸਮਾਜ ਵੀਕਲੀ) : ਸਾਲ ਵਿੱਚ ਦੋ ਵਾਰ ਹੁੰਦੇ ‘ਦਰਬਾਰ ਤਬਾਦਲੇ’ ਦੇ ਅਮਲ ਤਹਿਤ ਜੰਮੂ ਤੇ ਕਸ਼ਮੀਰ ਪ੍ਰਸ਼ਾਸਨ ਦੇ ਸਿਵਲ ਸਕੱਤਰੇਤ ਨੇ ਅੱਜ ਤੋਂ ਸਰਦੀਆਂ ਦੀ ਰਾਜਧਾਨੀ ਜੰਮੂ ਤੋਂ ਆਪਣਾ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਦਰਬਾਰ ਤਬਾਦਲੇ ਦੀ ਇਹ ਮਸ਼ਕ ਡੇਢ ਸਦੀ ਪੁਰਾਣੀ ਹੈ ਤੇ ਮਹਾਰਾਜਾ ਗੁਲਾਬ ਸਿੰਘ ਨੇ ਜੰਮੂ ਵਿੱਚ ਗਰਮੀਆਂ ਦੀ ਤਪਸ਼ ਅਤੇ ਸ੍ਰੀਨਗਰ ਵਿੱਚ ਸਰਦੀਆਂ ਦੀ ਠੰਢ ਤੋਂ ਬਚਣ ਲਈ 1872 ਵਿੱਚ ਇਹ ਅਮਲ ਸ਼ੁਰੂ ਕੀਤਾ ਸੀ। ਸਿਵਲ ਸਕੱਤਰੇਤ ਅਤੇ ਰਾਜ ਭਵਨ ਤੇ ਪੁਲੀਸ ਹੈੱਡਕੁਆਰਟਰ ਸਮੇਤ ਹੋਰਨਾਂ ਦਫ਼ਤਰਾਂ ’ਚ ਕੰਮਕਾਜ ਨੂੰ ਸੁਖਾਲਾ ਬਣਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਉਪ ਰਾਜਪਾਲ ਮਨੋਜ ਸਿਨਹਾ ਨੇ ਦਰਬਾਰ ਤਬਾਦਲੇ ਮਗਰੋਂ ਸਰਕਾਰੀ ਦਫ਼ਤਰਾਂ ਨੂੰ ਮੁੜ ਖੋਲ੍ਹਣ ਦੀ ਰਸਮ ਵਜੋਂ ਸਿਵਲ ਸਕੱਤਰੇਤ ਵਿੱਚ ਡੀਜੀਪੀ ਦਿਲਬਾਗ ਸਿੰਘ ਦੀ ਹਾਜ਼ਰੀ ਵਿੱਚ ਗਾਰਡ ਆਫ਼ ਆਨਰ ਦਾ ਮੁਆਇਨਾ ਕੀਤਾ। ਚੇਤੇ ਰਹੇ ਕਿ ਕੋਵਿਡ-19 ਮਹਾਮਾਰੀ ਕਰਕੇ ਐਤਕੀਂ ਗਰਮੀਆਂ ’ਚ ਜੰਮੂ ਤੋਂ ਸ੍ਰੀਨਗਰ ‘ਦਰਬਾਰ ਤਬਾਦਲੇ’ ਦਾ ਅਮਲ ਪੱਛੜ ਗਿਆ ਸੀ। ਸਿਵਲ ਸਕੱਤਰੇਤ ਤੇ ਹੋਰ ਦਫ਼ਤਰ, ਜੋ ਹਫ਼ਤੇ ’ਚ ਪੰਜ ਦਿਨ ਖੁੱਲ੍ਹਦੇ ਹਨ, ਨੂੰ ਸ੍ਰੀਨਗਰ ਵਿੱਚ 30 ਅਕਤੂਬਰ ਨੂੰ ਹੀ ਬੰਦ ਕਰ ਦਿੱਤਾ ਗਿਆ ਸੀ, ਜਦੋਂਕਿ ਹਫ਼ਤੇ ’ਚ ਛੇ ਦਿਨ ਕੰਮ ਕਰਦੇ ਦਫ਼ਤਰਾਂ ਨੂੰ ਅਗਲੇ ਦਿਨ ਬੰਦ ਕੀਤਾ ਗਿਆ।