(ਸਮਾਜ ਵੀਕਲੀ)
ਦੂਰਦਰਸ਼ਨ ਪੰਜਾਬੀ ਸੱਤ ਕੁ ਸਾਲ ਪਹਿਲਾਂ ਰਾਸ਼ਟਰੀ ਪੁਰਸਕਾਰ ਜਿੱਤਿਆ ਸੀ ਜੋ ਕਿ ਸਭ ਤੋਂ ਵੱਧ ਵੇਖਣ ਵਾਲਾ ਚੈਨਲ ਹੋ ਕੇ ਉੱਭਰਿਆ।ਪ੍ਰਸਾਰ ਭਾਰਤੀ ਨੂੰ ਪਤਾ ਨੀ ਕਿਹੜੀ ਪੰਜਾਬੀ ਦੀ ਭਾਸ਼ਾ ਤਰੱਕੀ ਪਸੰਦ ਨਹੀਂ ਆਈ ਤਾਂ ਅਚਾਨਕ ਪ੍ਰੋਗਰਾਮ ਮੁਖੀ ਉਸ ਨੂੰ ਬਣਾ ਦਿੱਤਾ ਗਿਆ ਜੋ ਪੰਜਾਬੀ ਬੋਲੀ ਵਿਰਸੇ ਤੇ ਪਹਿਰਾਵੇ ਤੋਂ ਅਣਜਾਣ ਸੀ।ਵਧੀਆ ਪ੍ਰੋਗਰਾਮਾਂ ਦੀ ਆਸ ਰੱਖਣੀ ਬਹੁਤ ਦੂਰ ਦੀ ਗੱਲ ਹੋ ਨਿੱਬੜੀ।
ਚਾਰ ਸਾਲ ਹਿਚਕੋਲੇ ਖਾਂਦਾ ਮਈ,2020 ਦੇ ਵਿੱਚ ਪ੍ਰੋਗਰਾਮ ਮੁਖੀ ਦੀ ਕਮਾਂਡ ਪੁਨੀਤ ਸਹਿਗਲ ਜੀ ਨੂੰ ਦੇ ਦਿੱਤੀ ਗਈ ਜਿਹੜੇ ਕਿ ਨਾਟਕਕਾਰੀ ਵਿੱਚ ਉੱਚ ਪੱਧਰੀ ਸਿੱਖਿਆ ਪ੍ਰਾਪਤ ਹਨ,ਪੰਜਾਬੀ ਜਗਤ ਵਿਚ ਖੁਸ਼ੀ ਦੀ ਲਹਿਰ ਉੱਠੀ ਕਿ ਦੂਰਦਰਸ਼ਨ ਪੰਜਾਬੀ ਦੇ ਪ੍ਰੋਗਰਾਮਾਂ ਵਿੱਚ ਸਾਰਥਿਕ ਸੁਧਾਰ ਹੋਣਗੇ।ਇਹ ਖ਼ੁਸ਼ੀ ਦੀ ਲਹਿਰ ਥੋੜ੍ਹੇ ਦਿਨਾਂ ਵਿੱਚ ਹੀ ਧੁੰਦਲੀ ਪੈ ਗਈ ਜਦੋਂ ਮਾਂ ਬੋਲੀ ਦੀ ਸੇਵਾ ਕੀ ਹੁੰਦੀ ਹੈ ਸ਼ਾਇਦ ਪੁਨੀਤ ਸਹਿਗਲ ਜੀ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ,ਸਵੇਰੇ ਨੌਂ ਵਜੇ ਤੋਂ ਸ਼ਾਮ ਚਾਰ ਵਜੇ ਤਕ ਦਾ ਕੀਮਤੀ ਸਮਾਂ ਪੰਜਾਬ ਸਿੱਖਿਆ ਵਿਭਾਗ ਨੂੰ ਵੇਚ ਕੇ ਦੂਰਦਰਸ਼ਨ ਨੂੰ ਸਕੂਲ ਦਾ ਰੂਪ ਦੇ ਦਿੱਤਾ।
ਖੁੱਲ੍ਹੇ ਗੱਫੇ ਨਾਲ ਵਰਤਾਇਆ ਬਾਕੀ ਸਮਾਂ ਵਿਦੇਸ਼ੀ ਏਜੰਟਾਂ ਤੇ ਸ਼ਰਤੀਆ ਇਲਾਜ ਕਰਨ ਵਾਲੇ ਡਾਕਟਰਾਂ ਤੇ ਬਾਬਿਆਂ ਨੂੰ ਆਪਣਾ ਪ੍ਰਚਾਰ ਕਰਨ ਲਈ ਵੇਚ ਦਿੱਤਾ ਗਿਆ।ਸਿਰਫ਼ ਖ਼ਬਰਾਂ ਪੰਜਾਬੀ ਵਿੱਚ ਸੁਣਾਈਆਂ ਜਾਂਦੀਆਂ ਹਨ ਜੋ ਕਿ ਅੰਤਰਰਾਸ਼ਟਰੀ ਤੇ ਰਾਸ਼ਟਰੀ ਖਬਰਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਦੂਰਦਰਸ਼ਨ ਪੰਜਾਬੀ ਇਕ ਖੇਤਰੀ ਕੇਂਦਰ ਹੈ ਜਿਸ ਦਾ ਕੰਮ ਹੁੰਦਾ ਹੈ ਭਾਸ਼ਾ ਤੇ ਵਿਰਸੇ ਦਾ ਪ੍ਰਚਾਰ ਤੇ ਪ੍ਰਸਾਰ ਪਰ ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਜੀ ਖੇਤਰੀ ਚੈਨਲ ਦੀ ਪਰਿਭਾਸ਼ਾ ਤੋਂ ਕੋਰੇ ਹਨ।
ਖੇਤਰੀ ਚੈਨਲ ਨੇ ਖ਼ਬਰਾਂ ਵਿਚ ਆਪਣੇ ਇਲਾਕੇ ਨੂੰ ਪਹਿਲ ਦੇਣੀ ਹੁੰਦੀ ਹੈ ਪਰ ਖ਼ਬਰਾਂ ਅੰਤਰਰਾਸ਼ਟਰੀ ਤੇ ਰਾਸ਼ਟਰੀ ਖਬਰਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਜਿਸ ਵਿੱਚ ਜ਼ਿਆਦਾ ਕੇਂਦਰੀ ਸਰਕਾਰ ਦੀਆਂ ਨੀਤੀਆਂ ਦਾ ਪ੍ਰਚਾਰ ਹੁੰਦਾ ਹੈ।”ਖ਼ਾਸ ਖ਼ਬਰ ਇੱਕ ਨਜ਼ਰ” ਪ੍ਰੋਗਰਾਮ ਜਿਸ ਵਿੱਚ ਖ਼ਾਸ ਪੱਤਰਕਾਰਾਂ ਵੱਲੋਂ ਅਖ਼ਬਾਰਾਂ ਦੀਆਂ ਖ਼ਬਰਾਂ ਤੇ ਵਿਚਾਰ ਚਰਚਾ ਹੁੰਦੀ ਹੈ,ਇਸ ਪ੍ਰੋਗਰਾਮ ਤੇ ਪ੍ਰੋਗਰਾਮ ਮੁਖੀ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ ਖ਼ਾਸ ਪੱਤਰਕਾਰ ਤਾਂ ਕੋਹਾਂ ਦੂਰ ਜਾ ਪਏ ਆਪਣੇ ਖ਼ਾਸ ਮਿੱਤਰਾਂ ਨੂੰ ਬੁਲਾਇਆ ਜਾਂਦਾ ਹੈ ਜੋ ਨਾ ਕਿਸੇ ਅਖ਼ਬਾਰ ਨਾਲ ਸਬੰਧਤ ਨਹੀਂ ਅੰਨ੍ਹਾ ਵੰਡੇ ਸ਼ੀਰਨੀ ਵਾਲਾ ਕੰਮ ਚੱਲ ਰਿਹਾ ਹੈ।
ਪੂਰੇ ਦੇਸ਼ ਵਿੱਚ ਅੱਜ ਕੱਲ੍ਹ ਪੰਜਾਬ ਦੇ ਹਰ ਅਖ਼ਬਾਰ ਦੀ ਮੁੱਖ ਖ਼ਬਰ ਦਿੱਲੀ ਵਿੱਚ ਸਥਾਪਤ ਕਿਸਾਨ ਮੋਰਚੇ ਸਬੰਧੀ ਹੁੰਦੀ ਹੈ,ਅਜਿਹੀ ਕੋਈ ਖ਼ਬਰ ਪ੍ਰੋਗਰਾਮ ਮੁਖੀ ਨੂੰ ਵਿਖਾਈ ਨਹੀਂ ਦਿੰਦੀ,ਖ਼ਾਸ ਉਦਾਹਰਨ ਜਿਸ ਦਿਨ ਪ੍ਰਧਾਨ ਮੰਤਰੀ ਜੀ ਨੇ “ਮਨ ਕੀ ਬਾਤ” ਚੈਨਲਾਂ ਤੇ ਸੁਣਾਈ ਉਸ ਦਿਨ ਕਿਸਾਨ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਦੌਰਾਨ ਥਾਲ਼ੀਆਂ ਖੜਕਾਉਣ ਦਾ ਸੱਦਾ ਸੀ।ਦੂਸਰੇ ਦਿਨ ਸਾਰੇ ਅਖ਼ਬਾਰਾਂ ਦੀ ਇਹ ਪਹਿਲੀ ਖ਼ਬਰ ਸੀ ਜੋ ਦੂਰਦਰਸ਼ਨ ਪੰਜਾਬੀ ਦੇ ਅਧਿਕਾਰੀਆਂ ਨੂੰ ਵਿਖਾਈ ਨਹੀਂ ਦਿੱਤੀ ਮੋਦੀ ਜੀ ਦੀ “ਮਨ ਕੀ ਬਾਤ” ਦੀ ਆਰਤੀ ਉਤਾਰੀ ਗਈ।
ਦੂਰਦਰਸ਼ਨ ਦੀ ਸ਼ੁਰੂਆਤ ਜਦੋਂ ਹੋਈ ਤਾਂ ਇਸ ਕੇਂਦਰ ਦਾ ਨਾਮ ਦੂਰਦਰਸ਼ਨ ਜਲੰਧਰ ਸੀ।ਲਿਸ਼ਕਾਰਾ ਗੀਤ ਸੰਗੀਤ ਦਾ ਹਫ਼ਤਾਵਾਰੀ ਪ੍ਰੋਗਰਾਮ ਸੀ ਜਿਸ ਨਾਲ ਅਨੇਕਾਂ ਨਵੇਂ ਉੱਚਕੋਟੀ ਦੇ ਗਾਇਕ ਸਥਾਪਤ ਹੋਏ ਤੇ ਗੀਤ ਸੰਗੀਤ ਵਿੱਚ ਦੂਰਦਰਸ਼ਨ ਪਹਿਲੇ ਨੰਬਰ ਤੇ ਸੀ।ਇਹ ਪ੍ਰੋਗਰਾਮ ਸੰਤੋਖ ਦਿੱਤਾ ਗਿਆ ਹੈ।ਨਵੇਂ ਸਾਲ ਦਾ ਪ੍ਰੋਗ੍ਰਾਮ ਬੇਹੱਦ ਵਧੀਆ ਉਚਕੋਟੀ ਗਾਇਕੀ ਨਾਲ ਭਰਪੂਰ ਹੁੰਦਾ ਹੈ,ਸਰੋਤਿਆਂ ਦਾ ਮਨੋਰੰਜਨ ਇਸ ਵਿਚਲੇ ਗੀਤਾਂ ਨਾਲ ਹੁੰਦਾ ਹੀ ਰਹਿੰਦਾ ਹੈ ਕਮਾਲ ਦੀ ਪ੍ਰਾਪਤੀ ਇਹ ਹੈ ਕਿ ਇਸ ਪ੍ਰੋਗਰਾਮ ਨੂੰ ਉੱਚ ਕੋਟੀ ਦੀਆਂ ਕੰਪਨੀਆਂ ਖਰੀਦ ਵੀ ਲੈਂਦੀਆਂ ਹਨ।
ਸਾਰੇ ਪੁਰਾਣੇ ਪ੍ਰੋਗਰਾਮ ਸੀ.ਡੀ.ਦੇ ਰੂਪ ਵਿੱਚ ਅਨੇਕਾਂ ਸਰੋਤਿਆਂ ਨੇ ਆਪਣੀ ਲਾਇਬਰੇਰੀ ਵਿੱਚ ਸਥਾਪਤ ਕਰ ਕੇ ਰੱਖੇ ਹੋਏ ਹਨ।ਨਵੇਂ ਸਾਲ ਦਾ ਪ੍ਰੋਗਰਾਮ ਬੋਲੀ ਦੇ ਰੂਪ ਵਿਚ ਪੈਂਤੀ ਲੱਖ ਵਿੱਚ ਵਿਕਿਆ ਕਰਦਾ ਸੀ,ਉਸ ਤੋਂ ਬਾਅਦ ਅਨੇਕਾਂ ਪੰਜਾਬੀ ਦੇ ਚੈਨਲ ਆ ਗਏ ਪਰ ਫਿਰ ਵੀ ਪੰਜ ਤੋਂ ਲੈ ਕੇ ਦਸ ਲੱਖ ਦੇ ਵਿੱਚ ਇਹ ਨਵੇਂ ਸਾਲ ਦਾ ਪ੍ਰੋਗਰਾਮ ਵਿਕ ਜਾਂਦਾ ਰਿਹਾ।ਨਵੇਂ ਸਾਲ ਦਾ ਇਹ ਹਰ ਸਾਲ ਪਹਿਲਾ ਪ੍ਰੋਗਰਾਮ ਹੁੰਦਾ ਹੈ ਪਰ ਇਸ ਵਾਰ ਲੱਗਦਾ ਦੂਰਦਰਸ਼ਨ ਪੰਜਾਬੀ ਆਖ਼ਰੀ ਸਾਹਾਂ ਤੇ ਜਾ ਕੇ ਵੈਂਟੀਲੇਟਰ ਉੱਪਰ ਚਲਾ ਗਿਆ ਹੈ
ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਜੀ ਨੇ ਇਹ ਪ੍ਰੋਗਰਾਮ ਕਿਸੇ ਵੀ ਰੂਪ ਵਿੱਚ ਪੇਸ਼ ਨਹੀਂ ਕੀਤਾ।ਇਕੱਤੀ ਦਸੰਬਰ ਦੀ ਰਾਤ ਨੂੰ ਇਹ ਰਿਕਾਰਡ ਕੀਤਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਸੀ ਇੱਕ ਜਨਵਰੀ ਨੂੰ ਆਪਣੇ ਸਰੋਤਿਆਂ ਨੂੰ ਬੁਲਾ ਕੇ ਉਨ੍ਹਾਂ ਦੇ ਸਾਹਮਣੇ ਸਿੱਧੇ ਪ੍ਰਸਾਰਨ ਦੇ ਰੂਪ ਵਿੱਚ ਡੇਢ ਦੋ ਘੰਟੇ ਚਲਦਾ ਸੀ ਪਰ ਇਸ ਵਾਰ ਇਹ ਕੀਮਤੀ ਸਮਾਂ ਵੀ ਪ੍ਰਾਈਵੇਟ ਕੰਪਨੀਆਂ ਨੂੰ ਆਪਣੇ ਪ੍ਰੋਗਰਾਮ ਪੇਸ਼ ਕਰਨ ਲਈ ਵੇਚ ਦਿੱਤਾ ਗਿਆ ਸਾਲ ਦੀ ਸ਼ੁਰੂਆਤ ਹੀ ਮਾੜੀ ਹੋਈ ਹੈ ਫਿਰ ਅੱਗੇ ਹੋਰ ਪ੍ਰੋਗਰਾਮਾਂ ਦੀ ਆਪਾਂ ਕੀ ਆਸ ਰੱਖ ਸਕਦੇ ਹਾਂ ਮੇਰਾ ਖਿਆਲ ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਜੀ ਪ੍ਰਸਾਰ ਭਾਰਤੀ ਨੇ ਪੈਸੇ ਕਮਾਉਣ ਲਈ ਰੱਖੇ ਹਨ।
ਖੇਤਰੀ ਚੈਨਲ ਜਿਸ ਬਾਰੇ ਮੈਂ ਪਹਿਲਾਂ ਵੀ ਲਿਖ ਚੁੱਕਿਆ ਹਾਂ ਆਪਣੇ ਇਲਾਕੇ ਦੀ ਭਾਸ਼ਾ ਵਿੱਚ ਹੀ ਪ੍ਰੋਗਰਾਮ ਪੇਸ਼ ਕਰਨੇ ਹੁੰਦੇ ਹਨ,ਪਰ ਸਦਕੇ ਜਾਈਏ ਚੰਡੀਗਡ਼੍ਹ ਤੋਂ ਹਿੰਦੀ ਵਿੱਚ ਸਮਾਚਾਰ,ਨੈਸ਼ਨਲ ਚੈਨਲ ਤੋਂ ਸੰਸਕ੍ਰਿਤ ਭਾਸ਼ਾ ਦੇ ਵਿੱਚ ਖਬਰਾਂ ਪ੍ਰਸਾਰਨ ਦੂਰਦਰਸ਼ਨ ਪੰਜਾਬੀ ਕਰ ਰਿਹਾ ਹੈ।ਦੂਰਦਰਸ਼ਨ ਪੰਜਾਬੀ ਜੋ ਸਭ ਤੋਂ ਵੱਧ ਵੇਖੇ ਜਾਣੇ ਵਾਲੇ ਚੈਨਲ ਦਾ ਇਨਾਮ ਜਿੱਤਿਆ ਸੀ,ਹੁਣ ਉਹ ਗੋਡਿਆਂ ਪਰਨੇ ਗਿਰ ਕੇ ਪੰਜਾਬੀਆਂ ਵੱਲੋਂ ਨਾ ਵੇਖੇ ਜਾਣ ਵਾਲੇ ਚੈਨਲ ਵਿੱਚ ਮੁੱਖ ਬਣ ਗਿਆ ਹੈ।
ਦੂਰਦਰਸ਼ਨ ਪੰਜਾਬੀ ਚੈਨਲ ਵੇਖ ਕੇ ਮੈਂ ਅਕਸਰ ਲੇਖ ਲਿਖਦਾ ਰਹਿੰਦਾ ਹਾਂ,ਅੱਜਕੱਲ੍ਹ ਜੋ ਕੁਝ ਪਰੋਸਿਆ ਜਾ ਰਿਹਾ ਹੈ ਉਸ ਸਬੰਧੀ ਮੈਂ ਲੇਖ ਲਿਖਿਆ ਅਖਬਾਰਾਂ ਵਿਚ ਛਪਣ ਤੋਂ ਬਾਅਦ ਇੱਕ ਸਾਡੀ ਭੈਣ ਨੇ ਲੇਖ ਡੀ.ਜੀ ਪ੍ਰਸਾਰ ਭਾਰਤੀ ਨੂੰ ਭੇਜ ਕੇ ਇਹ ਪੁੱਛਿਆ ਕਿ ਲੇਖ ਵਿੱਚ ਜੋ ਲਿਖਿਆ ਹੋਇਆ ਹੈ ਇਹ ਸਹੀ ਹੈ ਜਾ ਗਲਤ ਹੈ ,ਉਸ ਚਿੱਠੀ ਦਾ ਜਵਾਬ ਮਿਲਿਆ ਬਹੁਤ ਹਾਸੋਹੀਣੀ ਗੱਲ ਹੈ,ਬੀਬਾ ਜੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੇਰੀ ਚਿੱਠੀ ਵਿਚ ਲਿਖਿਆ ਹੈ ਕਿ ਰਮੇਸ਼ਵਰ ਸਿੰਘ ਨੂੰ ਸ਼ਿਕਾਇਤਾਂ ਕਰਨ ਦੀ ਆਦਤ ਹੈ,ਉਸ ਨੇ ਹੱਸਦੇ ਹੋਏ ਕਿਹਾ ਵੀਰ ਜੀ ਜਿਸ ਨੂੰ ਆਰਟੀਕਲ ਤੇ ਸ਼ਿਕਾਇਤ ਦਾ ਫ਼ਰਕ ਪਤਾ ਨਹੀਂ ਉਹ ਪ੍ਰੋਗਰਾਮ ਕਿਵੇਂ ਸੁਧਾਰ ਸਕਦੇ ਹਨ।
ਇਕ ਨਵਾਂ ਪ੍ਰੋਗਰਾਮ “ਆਪੋ ਆਪਣੀ ਗੱਲ” ਸ਼ੁਰੂ ਕੀਤਾ ਗਿਆ ਹੈ ਜਿਸ ਨੂੰ ਪੇਸ਼ ਕਰਨ ਵਾਲੀ ਬੀਬਾ ਟੀਨੂੰ ਸ਼ਰਮਾ ਦਾ ਪੰਜਾਬੀ ਮਾਂ ਬੋਲੀ ਵੱਲੋਂ ਹੱਥ ਤੰਗ ਹੈ ਕਈ ਭਾਸ਼ਾਵਾਂ ਦੀ ਰਲਾ ਕੇ ਖਿਚੜੀ ਜ਼ਰੂਰ ਬਣਾ ਦਿੰਦੀ ਹੈ।ਪੰਜਾਬੀ ਪਹਿਰਾਵਾ ਤੇ ਰਹਿਣ ਸਹਿਣ ਦਾ ਉਸ ਨੂੰ ਬਹੁਤਾ ਗਿਆਨ ਨਹੀਂ।ਇੱਕ ਵਿਸ਼ੇ ਤੇ ਸਰੋਤਿਆਂ ਨਾਲ ਫੋਨ ਰਾਹੀਂ ਵਿਚਾਰ ਚਰਚਾ ਕਰਨੀ ਹੁੰਦੀ ਹੈ,ਫੋਨ ਕਾਲ ਕਰਨ ਵਾਲੇ ਕੰਮ ਚਲਾਊ ਸਰੋਤੇ ਪੱਕੇ ਰੱਖੇ ਹੋਏ ਹਨ,ਐਂਕਰ ਦਾ ਹਾਲ ਚਾਲ ਪੁੱਛਦੇ ਰਹਿੰਦੇ ਹਨ ਗੀਤ ਵੱਜਦੇ ਹਨ ਤੇ ਪ੍ਰੋਗਰਾਮ ਸਮੇਟ ਦਿੱਤਾ ਜਾਂਦਾ ਹੈ।
ਪੰਜਾਬੀ ਜਗਤ ਵਿਚ ਇਕ ਬਹੁਤ ਵਿਚਾਰਨ ਵਾਲੀ ਗੱਲ ਹੈ,ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਨੀਤ ਸਹਿਗਲ ਨੂੰ ਸ਼੍ਰੋਮਣੀ ਪੁਰਸਕਾਰ 2020 ਦਿੱਤਾ ਗਿਆ ਹੈ।ਸ੍ਰੀ ਮਾਨ ਪੁਨੀਤ ਸਹਿਗਲ ਨੂੰ ਬਹੁਤ ਸਾਲ ਪਹਿਲਾਂ ਆਕਾਸ਼ਵਾਣੀ ਤੇ ਦੂਰਦਰਸ਼ਨ ਵੱਲੋਂ ਕੌਮੀ ਪੁਰਸਕਾਰ ਨਾਟਕ ਬਣਾਉਣ ਲਈ ਦਿੱਤੇ ਗਏ ਸਨ।ਉਹ ਵਿਭਾਗੀ ਕਾਰਵਾਈ ਸੀ ਜੋ ਕਿ ਹਰ ਕੰਮ ਕਰਨ ਵਾਲੇ ਨੇ ਆਪਣੇ ਵਿਭਾਗ ਲਈ ਕੁਝ ਕੰਮਕਾਰ ਤਾਂ ਕਰਨਾ ਹੀ ਹੁੰਦਾ ਹੈ।
ਮਈ ਵੀਹ ਸੌ ਵੀਹ ਵਿੱਚ ਇਨ੍ਹਾਂ ਦੁਆਰਾ ਦੂਰਦਰਸ਼ਨ ਪੰਜਾਬੀ ਦੀ ਪ੍ਰੋਗਰਾਮ ਮੁਖੀ ਦੀ ਕਮਾਂਡ ਸੰਭਾਲੀ ਗਈ ਹੈ,ਹੁਣ ਤਕ ਕੋਈ ਵੀ ਮਾਂ ਬੋਲੀ ਪੰਜਾਬੀ ਦੇ ਹੱਕ ਵਿੱਚ ਪ੍ਰੋਗਰਾਮ ਨਹੀਂ ਪੇਸ਼ ਕੀਤਾ ਗਿਆ ਬਣਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ,ਪੰਜਾਬ ਸਰਕਾਰ ਨੂੰ ਇਸ ਮਾਮਲੇ ਬਾਰੇ ਗੰਭੀਰ ਰੂਪ ਵਿਚ ਸੋਚਣਾ ਚਾਹੀਦਾ ਹੈ ਕਿ ਨੌਕਰੀ ਕਰਨ ਵਾਲਾ ਆਪਣੇ ਅਦਾਰੇ ਲਈ ਕੰਮ ਕਰਦਾ ਹੈ ਉਸ ਨੂੰ ਸੇਵਾ ਰੂਪੀ ਨਹੀਂ ਗਿਣਿਆ ਜਾ ਸਕਦਾ।ਫਿਰ ਇਸ ਸਾਲ ਕੁਝ ਕੀਤਾ ਵੀ ਨਹੀਂ ਹੁਣ ਲੱਗਦਾ ਇਨਾਮ ਦੀ ਖੁਸ਼ੀ ਵਿਚ ਨਵੇਂ ਸਾਲ ਦਾ ਪ੍ਰੋਗਰਾਮ ਬਣਾਉਣਾ ਹੀ ਭੁੱਲ ਗਏ,ਫੇਸ ਬੁੱਕ ਵਿੱਚ ਵਧਾਈਆਂ ਦਾ ਚੱਕਰ ਚਲਦਾ ਰਹਿੰਦਾ ਹੈ ਜਿਸ ਦੀ ਮੈਂ ਇੱਕ ਫੋਟੋ ਪਾਠਕਾਂ ਦੇ ਸਾਹਮਣੇ ਪੇਸ਼ ਕਰ ਰਿਹਾ ਹਾਂ ਸ਼ਾਇਦ ਇਹ ਖਾਸ ਹੀ ਰੁਝੇਵੇਂ ਹਨ।
#Punjab_Sharomani_Award
for Television Radio & film 2020
ਭਾਸ਼ਾ ਵਿਭਾਗ ਪੰਜਾਬ ਵਲੋਂ ਟੈਲੀਵੀਜ਼ਨ/ਰੇਡੀਓ/ਫ਼ਿਲਮ ਕੈਟੇਗਰੀ ਦੇ ਸਾਲ 2020 ਦੇ ਸ਼੍ਰੋਮਣੀ ਪੁਰਸਕਾਰ ਲਈ ਚੁਣੇ ਜਾਣਾ ਮੇਰੇ ਲਈ ਬਹੁਤ ਖੁਸ਼ੀ ਦਾ ਮੌਕਾ ਹੈ । ਲਗਦਾ ਹੈ ਜਿਵੇਂ 30 ਸਾਲ ਰੇਡੀਓ ਅਤੇ ਟੀ.ਵੀ ਤੇ ਨੌਕਰੀ ਦੀ ਸਾਰੀ ਥਕਾਵਟ ਦੂਰ ਹੋ ਗਈ । ਇਹ ਅਵਾਰਡ ਉਨ੍ਹਾਂ ਸਾਰਿਆਂ ਸਾਥੀਆਂ ਦੇ ਨਾ ਜਿਨ੍ਹਾਂ ਨੇ ਕਲਾਤਮਕ ਸਫ਼ਰ ਚ ਮੇਰਾ ਸਾਥ ਦਿੱਤਾ । ਸ਼ੁਕਰੀਆਂ ਭਾਸ਼ਾ ਵਿਭਾਗ ਦੀ ਟੀਮ ਦੇ ਸਾਰੇ ਮੈਂਬਰਾਂ ਦਾ ਜਿਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ।
ਸਾਡੇ ਪੰਜਾਬ ਦੇ ਕਿਸਾਨਾਂ ਨਾਲ ਜੋ ਕੁਝ ਹੋ ਰਿਹਾ ਹੈ ਦੁਖੀ ਹੋਏ ਮੋਰਚੇ ਲਾਉਣ ਲਈ ਮੈਦਾਨ ਵਿੱਚ ਨਿੱਤਰੇ ਹੋਏ ਹਨ।ਮਾਂ ਬੋਲੀ ਪੰਜਾਬੀ ਦਾ ਦੂਰਦਰਸ਼ਨ ਪੰਜਾਬੀ ਵੱਲੋਂ ਹੌਲੀ ਹੌਲੀ ਬਿਸਤਰਾ ਲਪੇਟਿਆ ਜਾ ਰਿਹਾ ਹੈ।ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਵੱਲ ਵੀ ਮਿਲ ਜੁਲ ਕੇ ਧਿਆਨ ਦੇਣਾ ਬਣਦਾ ਹੈ। ਪੰਜਾਬ ਸਰਕਾਰ, ਪੰਜਾਬ ਕਲਾ ਪ੍ਰੀਸ਼ਦ,ਸਮਾਜਿਕ ਜਥੇਬੰਦੀਆਂ ਤੇ ਸਾਹਿਤਕ ਸਭਾਵਾਂ ਇਸ ਆਪਣੇ ਮਾਂ ਬੋਲੀ ਪੰਜਾਬੀ ਦੇ ਇੱਕੋ ਇੱਕ ਚੈਨਲ ਵੱਲ ਜ਼ਰੂਰ ਨਿਗ੍ਹਾ ਮਾਰਨ,ਜੇ ਸਾਡੀ ਮਾਂ ਬੋਲੀ ਦਾ ਪ੍ਰਚਾਰ ਤੇ ਪ੍ਰਸਾਰ ਹੀ ਰੁਕ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।
ਰਮੇਸ਼ਵਰ ਸਿੰਘ
ਸੰਪਰਕ ਨੰਬਰ –9914880392