ਲੁਧਿਆਣਾ (ਸਮਾਜ ਵੀਕਲੀ) : ਕੁਝ ਸਮਾਂ ਪਹਿਲਾਂ ਬਣਾਏ ਗਏ ਸ਼ੇਰਪੁਰ ਫਲਾਈਓਵਰ ’ਤੇ ਬੁੱਧਵਾਰ ਸਵੇਰੇ ਤੇਜ਼ ਰਫ਼ਤਾਰ ਕਾਰ ਨੇ ਦੋ ਚਚੇਰੇ ਭਰਾਵਾਂ ਸਣੇ ਚਾਰ ਵਿਅਕਤੀਆਂ ਨੂੰ ਦਰੜ ਦਿੱਤਾ। ਹਾਦਸੇ ’ਚ ਤਿੰਨ ਵਿਅਕਤੀਆਂ ਦੀ ਥਾਂ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕਾਂ ’ਚੋਂ ਇਕ ਦੀ ਪਛਾਣ ਹੈਬੋਵਾਲ ਦੇ ਦੁਰਗਾਪੁਰੀ ਵਾਸੀ ਰਿਤੇਸ਼ ਕੁਮਾਰ ਵਜੋਂ ਹੋਈ ਹੈ ਜਦਕਿ ਦੋ ਸਾਈਕਲ ਸਵਾਰਾਂ ਦੀ ਪਛਾਣ ਨਹੀਂ ਹੋ ਸਕੀ ਹੈ। ਹਾਦਸੇ ’ਚ ਰਿਤੇਸ਼ ਦਾ ਭਰਾ ਵਿਸ਼ਾਲ ਵੀ ਜ਼ਖ਼ਮੀ ਹੋਇਆ ਹੈ।
ਥਾਣਾ ਮੋਤੀ ਨਗਰ ਪੁਲੀਸ ਨੇ ਵਿਸ਼ਾਲ ਦੀ ਸ਼ਿਕਾਇਤ ’ਤੇ ਸਫ਼ਾਰੀ ਕਾਰ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਏਐੱਸਆਈ ਧਨਵੰਤ ਸਿੰਘ ਨੇ ਦੱਸਿਆ ਕਿ ਰਿਤੇਸ਼ ਅਤੇ ਉਸ ਦੇ ਚਾਚੇ ਦਾ ਮੁੰਡਾ ਵਿਸ਼ਾਲ ਮਿਗਲਾਨੀ ਪੈਦਲ ਹੀ ਸ਼ੇਰਪੁਰ ਇਲਾਕੇ ’ਚ ਪੈਸੇ ਲੈਣ ਲਈ ਜਾ ਰਹੇ ਸਨ। ਸਵੇਰੇ 9 ਕੁ ਵਜੇ ਦੇ ਕਰੀਬ ਜਦੋਂ ਊਹ ਫਲਾਈਓਵਰ ’ਤੇ ਪੁੱਜੇ ਤਾਂ ਪਿੱਛੋ ਤੇਜ਼ ਰਫ਼ਤਾਰ ਆ ਰਹੀ ਸਫ਼ਾਰੀ ਨੇ ਇਕ ਸਾਈਕਲ ਸਵਾਰ ਨੂੰ ਆਪਣੀ ਲਪੇਟ ’ਚ ਲੈ ਲਿਆ। ਸਾਈਕਲ ਸਵਾਰ ਪੁਲ ਤੋਂ ਹੇਠਾਂ ਡਿੱਗ ਗਿਆ। ਇਸ ਮਗਰੋਂ ਸਫ਼ਾਰੀ ਨੇ ਦੋਵੇਂ ਭਰਾਵਾਂ ਨੂੰ ਆਪਣੀ ਲਪੇਟ ’ਚ ਲੈ ਲਿਆ ਜਿਸ ’ਚ ਰਿਤੇਸ਼ ਦੀ ਮੌਤ ਹੋ ਗਈ। ਉਸ ਤੋਂ ਬਾਅਦ ਗੱਡੀ ਨੇ ਅੱਗੇ ਜਾ ਰਹੇ ਇੱਕ ਹੋਰ ਸਾਈਕਲ ਸਵਾਰ ਨੂੰ ਵੀ ਦਰੜ ਦਿੱਤਾ ਅਤੇ ਊਸ ਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ।