ਤੇਲ ਕੀਮਤਾਂ ਨਵੀਂ ਸਿਖਰ ’ਤੇ; ਪੈਟਰੋਲ 28 ਤੇ ਡੀਜ਼ਲ 27 ਪੈਸੇ ਮਹਿੰਗਾ ਹੋਇਆ

ਨਵੀਂ ਦਿੱਲੀ (ਸਮਾਜ ਵੀਕਲੀ): ਤੇਲ ਕੀਮਤਾਂ ਵਿੱਚ ਅੱਜ ਲਗਾਤਾਰ ਦੂਜੇ ਦਿਨ ਤੇਜ਼ੀ ਦਾ ਦੌਰ ਰਿਹਾ। ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਪੈਟਰੋਲ 28 ਪੈਸੇ ਜਦੋਂਕਿ ਡੀਜ਼ਲ 27 ਪੈਸੇ ਪ੍ਰਤੀ ਲਿਟਰ ਹੋਰ ਮਹਿੰਗੇ ਹੋ ਗਏ। ਇਸ ਨਵੇਂ ਵਾਧੇ ਨਾਲ ਕੌਮੀ ਰਾਜਧਾਨੀ ਵਿੱਚ ਪੈਟਰੋਲ ਤੇ ਡੀਜ਼ਲ ਕ੍ਰਮਵਾਰ 95.31 ਰੁਪਏ ਤੇ 86.22 ਰੁਪਏ ਪ੍ਰਤੀ ਲਿਟਰ ਦੇ ਭਾਅ ਨੂੰ ਵਿਕੇ। ਮੁੰਬਈ ਵਿੱਚ ਪੈਟਰੋਲ ਦਾ ਭਾਅ ਪਹਿਲਾਂ ਹੀ 100 ਰੁਪਏ ਪ੍ਰਤੀ ਲਿਟਰ ਨੂੰ ਟੱਪ ਚੁੱਕਾ ਹੈ।

ਅੱਜ ਵਧੀਆਂ ਕੀਮਤਾਂ ਮਗਰੋਂ ਦੇਸ਼ ਦੀ ਵਿੱਤੀ ਰਾਜਧਾਨੀ ਵਿੱਚ ਪੈਟਰੋਲ ਦਾ ਭਾਅ 101.53 ਰੁਪਏ ਪ੍ਰਤੀ ਲਿਟਰ ਦੀ ਨਵੀਂ ਸਿਖਰ ’ਤੇ ਪੁੱਜ ਗਿਆ। ਡੀਜ਼ਲ ਦੀ ਕੀਮਤ ਵੀ ਵਧ ਕੇ 93.57 ਰੁਪਏ ਪ੍ਰਤੀ ਲਿਟਰ ਹੋ ਗਈ, ਜੋ ਮੈਟਰੋ ਸ਼ਹਿਰਾਂ ਵਿੱਚ ਸਭ ਤੋਂ ਵੱਧ ਹੈ। ਉਧਰ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ ਪੈਟਰੋਲ ਦਾ ਭਾਅ 106.29 ਰੁਪਏ ਪ੍ਰਤੀ ਲਿਟਰ ਨੂੰ ਪੁੱਜ ਗਿਆ। ਪਹਿਲੀ ਮਈ ਤੋਂ ਹੁਣ ਤੱਕ ਤੇਲ ਕੀਮਤਾਂ ਵਿੱਚ 20 ਵਾਰ ਵਾਧਾ ਕੀਤਾ ਜਾ ਚੁੱਕਾ ਹੈ ਤੇ ਇਸ ਅਰਸੇ ਦੌਰਾਨ ਪੈਟਰੋਲ 4.91 ਰੁਪਏ ਤੇ ਡੀਜ਼ਲ 5.50 ਰੁਪਏ ਪ੍ਰਤੀ ਲਿਟਰ ਤੱਕ ਵਧਿਆ ਹੈ। ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਤੇਲ ਕੀਮਤਾਂ ਵਿੱਚ ਵਾਧੇ ਲਈ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਟੈਕਸ ਕੁਲੈਕਸ਼ਨ ਮਹਾਮਾਰੀ ਦੀਆਂ ਲਹਿਰਾਂ ਲਗਾਤਾਰ ਆ ਰਹੀਆਂ ਹਨ।

ਰਾਹੁਲ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਕਈ ਰਾਜਾਂ ਵਿੱਚ ਤਾਲਾਬੰਦੀ ਖ਼ਤਮ ਕਰਨ ਦਾ ਅਮਲ ਸ਼ੁਰੂ ਹੋ ਚੁੱਕਾ ਹੈ। ਪੈਟਰੋਲ ਪੰਪ ’ਤੇ ਅਦਾਇਗੀ ਕਰਦਿਆਂ ਤੁਸੀਂ ਮੋਦੀ ਸਰਕਾਰ ਵੱਲੋਂ ਮਹਿੰਗਾਈ ’ਚ ਕੀਤੇ ਵਾਧੇ ਨੂੰ ਵੇਖੋਗੇ। ਟੈਕਸ ਕੁਲੈਕਸ਼ਨ ਮਹਾਮਾਰੀ ਦੀਆਂ ਲਹਿਰਾਂ ਲਗਾਤਾਰ ਆ ਰਹੀਆਂ ਹਨ।’ ਉਧਰ ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਪੈਟਰੋਲ ਕੀਮਤਾਂ ਵਿੱਚ ਵਾਧੇ ਨੂੰ ‘ਲੋਕਾਂ ਦੀ ਅੰਨ੍ਹੀ ਲੁੱਟ’ ਕਰਾਰ ਦਿੰਦਿਆਂ ਇਸ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਸੁਰਜੇਵਾਲਾ ਨੇ ਕਿਹਾ, ‘ਲੋਕਾਂ ਦੀ ਅੰਨ੍ਹੀ ਲੁੱਟ…ਪਿਛਲੇ 13 ਮਹੀਨਿਆਂ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ 25.72 ਤੇ 23.93 ਰੁਪਏ ਪ੍ਰਤੀ ਲਿਟਰ ਤੱਕ ਵਧੀ।’’

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਰ੍ਹਵੀਂ ਜਮਾਤ: 28 ਜੂਨ ਤੱਕ ਪ੍ਰੈਕਟੀਕਲ ਤੇ ਇੰਟਰਨਲ ਪ੍ਰੀਖਿਆਵਾਂ ਕਰਵਾਉਣ ਦੇ ਹੁਕਮ
Next articleਧਰਨੇ ਲਾਉਣ ਵਾਲੇ ਵਿਰੋਧੀ ਆਗੂਆਂ ਖ਼ਿਲਾਫ਼ ਕਾਰਵਾਈ ਦੇ ਹੁਕਮ