ਤਿੜਕਦੇ ਰਿਸ਼ਤੇ

(ਸਮਾਜ ਵੀਕਲੀ)

ਰਾਣੀ ਅੱਜ ਬਹੁਤ ਖੁਸ਼ ਸੀ।ਉਹ ਸਕੂਲ ਦੇ ਬੱਚਿਆਂ ਨਾਲ ਟੂਰ ਤੇ ਜਾ ਰਹੀ ਸੀ।ਉਹ ਸਵੇਰੇ ਉਠ ਕੇ ਤਿਆਰ ਹੋ ਗਈ ਸੀ। ਉਸ ਦੇ ਪਾਪਾ ਉਸਨੂੰ ਸਕੂਲ ਛੱਡ ਆਏ। ਸਾਰੇ ਬੱਚੇ ਸਕੂਲ ਵੈਨ ਵਿੱਚ ਬੈਠ ਟੂਰ ਤੇ ਨਿੱਕਲ ਗਏ।

ਵਾਪਸੀ ਤੇ ਰਸਤੇ ਵਿਚ ਪੈਂਦੇ ਵਿਰਧ ਆਸ਼ਰਮ ਦੇ ਗੇਟ ਅੱਗੇ ਡਰਾਈਵਰ ਨੇ ਵੈਨ ਰੋਕ ਲਈ। ਟੀਚਰ ਨੇ ਬੱਚਿਆਂ ਨੂੰ ਕਿਹਾ ਆਓ ਬੱਚਿਓ ਤੁਹਾਨੂੰ ਇਕ ਅਜਿਹਾ ਸਥਾਨ ਵਿਖਾਉਂਦੇ ਹਾਂ ਜਿੱਥੇ ਤੁਹਾਡੇ ਦਾਦਾ ਦਾਦੀ,ਨਾਨਾ ਨਾਨੀ ਵਰਗੇ ਬਜ਼ੁਰਗ ਰਹਿੰਦੇ ਹਨ। ਸਾਰੇ ਬੱਚੇ ਆਸ਼ਰਮ ਵਿਚ ਦਾਖਲ ਹੁੰਦੇ ਹਨ।ਬਜ਼ੁਰਗਾਂ ਨਾਲ ਮਿਲਕੇ ਸਾਰੇ ਬੱਚੇ ਬਹੁਤ ਖੁਸ਼ ਹੋਏ,ਬਜ਼ੁਰਗ ਵੀ ਪਿਆਰ ਨਾਲ ਉਹਨਾਂ ਨੂੰ ਅਪਣੀ ਕੁੱਛੜ ਵਿਚ ਲੈਕੇ ਬਹੁਤ ਖੁਸ਼ ਸਨ। ਇਸ ਦੌਰਾਨ ਰਾਣੀ ਦੀ ਨਜ਼ਰ ਕੋਨੇ ਵਿਚ ਇਕ ਪਾਸੇ ਇੱਕਲੀ ਬੈਠੀ ਬਜ਼ੁਰਗ ਔਰਤ ‘ਤੇ ਪਈ।ਉਹ ਭੱਜ ਕੇ ਉਸ ਵੱਲ ਗਈ ਤੇ ਪਿੱਛੋਂ ਝੱਫੀ ਪਾ ਲਈ ਤੇ ਕਿਹਾ, “ਤੁਸੀਂ ਇੱਕਲੇ ਹੀ ਚੁਪਚਾਪ ਇੱਥੇ ਕਿਉਂ ਬੈਠੇ ਹੋ”।

ਬਜ਼ੁਰਗ ਔਰਤ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਸ ਦੇ ਮੂੰਹੋਂ ਇੱਕਦਮ ਨਿਕਲਿਆ, “ਰਾ–ਣੀ ਤੂੰ–ਤੂੰ ਇੱਥੇ ਕਿਵੇਂ”–! ਦਾਦੀ ਤੁਸੀਂ ਇੱਥੇ”–! ਰਾਣੀ ਨੇ ਹੈਰਾਨ ਹੁੰਦਿਆਂ ਪੁੱਛਿਆ। “ਮੈਨੂੰ ਤੇਰੇ ਪਾਪਾ ਇੱਥੇ ਛੱਡ ਗਏ — , ਦਾਦੀ ਦੀਆਂ ਅੱਖਾਂ ਵਿੱਚੋਂ ਅੱਥਰੂ ਟਪਕ ਗਏ,ਉਹਨਾਂ ਰੋਂਦੇ ਹੋਏ ਸਾਰੀ ਕਹਾਣੀ ਸੁਣਾ ਦਿੱਤੀ। ਰਾਣੀ ਵੀ ਰੋਣ ਲੱਗ ਪਈ ਤੇ ਦੋਨਾਂ ਨੇ ਇਕ ਦੂਜੇ ਨੂੰ ਘੁਟ ਕੇ ਜੱਫੀ ਪਾ ਲਈ। “ਚਲੋ ਬੱਚਿਓ, ਵੈਨ ਕੋਲ ਸਾਰੇ ਇਕੱਠੇ ਹੋ ਜਾਵੋ”, ਟੀਚਰ ਨੇ ਆਵਾਜ਼ ਲਗਾਉਂਦੇ ਹੋਏ ਕਿਹਾ।

ਘਰ ਆਕੇ ਰਾਣੀ ਰੋਈ ਜਾ ਰਹੀ ਸੀ।”ਕੀ ਹੋਇਆ ਰਾਣੀ ਤੂੰ ਜਦੋਂ ਦੀ ਆਈਂ ਐਂ, ਰੋਈ ਜਾਂਦੀ ਐਂ ਬੱਸ “। ਰਾਣੀ ਕੀ ਹੋਇਆ, ਕਿਸੇ ਨੇ ਤੈਨੂੰ ਕੁਝ ਕਿਹਾ,ਕੁਝ ਦੱਸ ਤਾਂ ਸਹੀ “,ਪਾਪਾ ਨੇ ਵੀ ਪੁਛਿਆ। “ਮੰਮੀ ਪਾਪਾ ਤੁਸੀਂ ਝੂਠ ਬੋਲਿਆ ਕਿ ਦਾਦੀ ਭੂਆ ਕੋਲ ਗਏ ਹੋਏ ਹਨ”। “ਹਾਂ ਫੇਰ ਦਾਦੀ ਭੂਆ ਕੋਲ ਹੀ ਹਨ “,ਮੰਮੀ ਨੇ ਉੱਤਰ ਦਿੱਤਾ। “ਨਹੀਂ ਮੰਮੀ ਤੁਸੀਂ ਚੰਗੀ ਤਰਾਂ ਜਾਣਦੇ ਹੋ ਕਿ ਦਾਦੀ ਕਿੱਥੇ ਹਨ–ਅੱਜ ਵਾਪਸੀ ਤੇ ਸਾਡੇ ਟੀਚਰ ਸਾਨੂੰ ਵਿਰਧ ਆਸ਼ਰਮ ਵਿਖਾਉਣ ਲੈਕੇ ਗਏ ਸਨ ਉੱਥੇ ਮੈਨੂੰ ਦਾਦੀ ਜੀ ਮਿਲੇ”।

ਰਾਣੀ ਦੀ ਗੱਲ ਸੁਣ ਕੇ ਦੋਨਾਂ ਦੇ ਪੈਰਾਂ ਹੇਠਿਉਂ ਜ਼ਮੀਨ ਖਿਸਕ ਗਈ,ਦੋਨੇ ਇਕ ਦੂਜੇ ਵੱਲ ਬੇਬਸ ਵੇਖਣ ਲੱਗੇ ਪਰ ਰਾਣੀ ਬੋਲਦੀ ਰਹੀ,”ਪਾਪਾ ਮੈਨੂੰ ਵੀ ਦਾਦੀ ਕੋਲ ਛੱਡ ਆਓ,ਮੈਂ ਇਸ ਘਰ ਵਿੱਚ ਨਹੀਂ ਰਹਿਣਾ “—। “ਨਹੀਂ ਮੇਰੀ ਲਾਡੋ,ਇਦਾਂ ਨਹੀਂ ਆਖੀਦਾ”,ਮੰਮੀ ਨੇ ਰਾਣੀ ਨੂੰ ਗੋਦ ਵਿਚ ਲੈਂਦੇ ਹੋਏ ਤੇ ਦੁੱਧ ਦਾ ਗਿਲਾਸ ਫੜਾਉਂਦੇ ਹੋਏ ਕਿਹਾ।”ਨਹੀਂ ਮੰਮੀ ਜਾਂ ਤਾਂ ਦਾਦੀ ਨੂੰ ਘਰੇ ਲੈ ਆਓ,ਨਹੀਂ ਤਾਂ ਮੈਨੂੰ ਵੀ ਉੱਥੇ ਛੱਡ ਆਵੋ–ਮੈਂ ਉਦੋਂ ਤੱਕ ਕੁਝ ਵੀ ਨਹੀਂ ਖਾਵਾਂਗੀ ਜਦ ਤੱਕ ਦਾਦੀ ਜੀ ਘਰ ਨਹੀਂ ਆ ਜਾਂਦੇ”।

ਕੁਝ ਘੰਟੇ ਰਾਣੀ ਦੇ ਮੰਮੀ ਪਾਪਾ ਉਸ ਨੂੰ ਪੁਚਕਾਰ ਕੇ ਕੁੱਝ ਖੁਆਉਂਣ ਦੀ ਕੋਸ਼ਿਸ਼ ਕਰਦੇ ਰਹੇ ਪਰ ਰਾਣੀ ਨੇ ਦਾਦੀ ਨੂੰ ਘਰ ਲਿਆਉਣ ਦੀ ਜ਼ਿੱਦ ਫੜੀ ਹੋਈ ਸੀ।ਥੱਕਹਾਰ ਕੇ ਪਾਪਾ ਨੇ ਕਾਰ ਸਟਾਰਟ ਕੀਤੀ ਤੇ ਰਾਣੀ ਤੇ ਉਸਦੀ ਮੰਮੀ ਨੂੰ ਕਿਹਾ ਆਓ ਬੈਠੋ,ਦਾਦੀ ਨੂੰ ਲੈਕੇ ਆਈਏ। ਵਿਰਧ ਆਸ਼ਰਮ ਵਿੱਚੋਂ ਰਾਣੀ ਅਪਣੀ ਦਾਦੀ ਨੂੰ ਖੁਸ਼ੀ ਖੁਸ਼ੀ ਘਰ ਲੈ ਆਈ——-!

ਸੂਰੀਆ ਕਾਂਤ ਵਰਮਾ

Previous articleਗ਼ਜ਼ਲ
Next articleਡੌਲੀ