(ਸਮਾਜ ਵੀਕਲੀ)
ਗਣਤੰਤਰ ਦਿਵਸ ਵਾਲੇ ਦਿਨ ਟਰੈਕਟਰ ਪਰੇਡ ਨੂੰ ਫੇਲ੍ਹ ਕਰਨ ਲਈ ਜੋ ਸਰਕਾਰ ਨੇ ਬੇਹੱਦ ਗ਼ਲਤ ਸੋਚੀ ਸਮਝੀ ਬੁਣਤੀ ਬੁਣੀ ਸੀ।ਬੁਲੰਦੀਆਂ ਤੇ ਪਹੁੰਚੇ ਕਿਸਾਨ ਮਜ਼ਦੂਰ ਏਕਤਾ ਮੋਰਚੇ ਨੂੰ ਢਾਹ ਲਾਉਣ ਦਾ ਇਹ ਘਟੀਆ ਤਰੀਕਾ ਕਿਸਾਨ ਮਜ਼ਦੂਰਾਂ ਦੇ ਹੱਕ ਵਿੱਚ ਭੁਗਤ ਗਿਆ।ਕਿਸਾਨ ਯੂਨੀਅਨ ਦੇ ਮਹਾਨ ਨੇਤਾ ਰਾਕੇਸ਼ ਟਿਕੈਤ ਜੀ ਨੇ ਆਪਣੀ ਗਹਿਰੀ ਸੋਚ ਨਾਲ ਜੋ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਸੀ,ਤੁਰੰਤ ਹੜ੍ਹ ਦਾ ਰੂਪ ਧਾਰਨ ਕਰ ਕੇ ਕਿਸਾਨਾਂ ਮਜ਼ਦੂਰਾਂ ਦੇ ਕਾਫ਼ਲੇ ਟਰਾਲੀਆਂ ਰਾਹੀਂ ਵਾਪਸ ਦਿੱਲੀ ਮੋਰਚੇ ਵਿਚ ਆ ਬਹੁੜੇ ਹਨ।
ਉਸ ਦਿਨ ਹੀ ਕੰਡੇਲਾ ਖਾਪ ਦੇ ਮੁਖੀ ਤਾਊ ਟੇਕ ਰਾਮ ਜੀ ਨੇ ਵੀ ਟਿਕੈਤ ਜੀ ਲਈ ਪਾਣੀ ਭੇਜਿਆ,ਤੇ ਮਹਾਂ ਪੰਚਾਇਤ ਦਾ ਇਕੱਠ ਆਪਣੇ ਪਿੰਡ ਕੰਡੇਲਾ ਵਿਚ ਬੁਲਾਉਣ ਦਾ ਸੱਦਾ ਵੀ ਦਿੱਤਾ ਸੀ।ਇਹ ਉਹ ਕੰਡੇਲਾ ਖਾਪ ਪੰਚਾਇਤ ਹੈ ਜਿਸ ਨੇ ਇੱਕ ਵਾਰ ਦੇਵੀ ਲਾਲ ਨੂੰ ਗੱਦੀ ਤੇ ਬਿਠਾਉਣ ਦਾ ਇਸ ਪਿੰਡ ਦੀ ਸਟੇਜ ਉੱਤੋਂ ਨਾਅਰਾ ਮਾਰਿਆ ਸੀ ਜੋ ਹਰਿਆਣਾ ਤੇ ਕੇਂਦਰ ਸਰਕਾਰ ਵਿਚ ਦੇਵੀ ਲਾਲ ਜੀ ਦੇ ਦਾਖ਼ਲੇ ਨਾਲ ਬਹੁਤ ਵੱਡਾ ਫੇਰ ਬਦਲ ਲੈ ਕੇ ਆਇਆ ਸੀ,ਚੌਧਰੀ ਦੇਵੀ ਲਾਲ ਜੀ ਨੇ ਕਿਸਾਨੀ ਲਈ ਬਹੁਤ ਵਧੀਆ ਉਪਰਾਲੇ ਕੀਤੇ ਸਨ।
ਉਨੀ ਸਾਲ ਪਹਿਲਾਂ ਜੋ ਇਨਕਲਾਬੀ ਆਵਾਜ਼ ਸੱਤ ਏਕੜ ਦੇ ਰਾਜੀਵ ਗਾਂਧੀ ਸਟੇਡੀਅਮ ਦੀ ਸਟੇਜ ਤੋਂ ਉਠੀ ਸੀ ਕੱਲ੍ਹ ਫੇਰ ਇਕ ਨਵੀਂ ਜੋਤ ਜਗਾਈ ਗਈ ਹੈ ਜੋ ਕਿ ਤਿੰਨ ਕਾਲੇ ਕਾਨੂੰਨ ਖੇਤੀ ਸਬੰਧੀ ਬਣਾਏ ਗਏ ਹਨ।ਉਸ ਲਈ ਹਰਿਆਣਾ ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੀਆਂ ਖਾਪ ਪੰਚਾਇਤਾਂ ਦਾ ਬੇਹੱਦ ਭਾਰੀ ਇਕੱਠ ਹੋਇਆ।ਜਿਸ ਵਿੱਚ ਕਿਸਾਨ ਯੂਨੀਅਨਾਂ ਦੇ ਪੰਜਾਹ ਨੇਤਾ ਮੋਹਰੀ ਸਨ। ਕਿਸਾਨ ਯੂਨੀਅਨ ਦੇ ਮਹਾਨ ਨੇਤਾ ਰਾਕੇਸ਼ ਟਿਕੈਤ ਜੀ ਖੁਦ ਟਰੈਕਟਰ ਚਲਾ ਕੇ ਇਸ ਇਕੱਠ ਵਿੱਚ ਪਹੁੰਚੇ,ਸਟੇਜ ਤੋਂ ਟਿਕੈਤ ਜੀ ਦੀ ਖ਼ਾਸ ਚਿਤਾਵਨੀ ਸੀ ਜੇ ਖੇਤੀ ਕਾਨੂੰਨ ਵਾਪਸ ਨਾ ਕੀਤੇ ਗਏ ,ਕੇਂਦਰ ਸਰਕਾਰ ਤੋਂ ਗੱਦੀ ਵਾਪਸੀ ਦੀ ਵੀ ਮੰਗ ਹੋਵੇਗੀ ਕਿਸਾਨਾਂ ਦੀ ਪੱਗ ਦਾ ਮਾਣ ਕਾਇਮ ਰੱਖਣ ਦਾ ਅਹਿਦ ਕਰਦੇ ਹੋਏ ਰਾਜੇਵਾਲ ਜੀ ਨੂੰ ਕਿਸਾਨ ਜਥੇਬੰਦੀਆਂ ਦੇ ਆਗੂ ਕਹਿ ਕੇ ਮਾਣ ਬਖ਼ਸ਼ਿਆ।
ਸਤਾਰਾਂ ਏਕੜ ਦੇ ਇਸ ਸਟੇਡੀਅਮ ਵਿਚ ਇਨ੍ਹਾਂ ਭਾਰੀ ਇਕੱਠ ਸੀ ਨਾਲ ਲੱਗਦੀਆਂ ਫਸਲਾਂ ਵੀ ਖ਼ਰਾਬ ਹੋਣ ਤੇ ਪਿੰਡ ਦੇ ਨਿਵਾਸੀਆਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਪਿੰਡ ਵਿੱਚ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਕੇ ਕਿਸਾਨੀ ਦੇ ਭਵਿੱਖ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਆਏ ਹਨ।ਉੱਥੋਂ ਦੇ ਨਿਵਾਸੀਆਂ ਨੂੰ ਇਹ ਮਾਣ ਹੈ ਕਿ ਸੰਨ 1993 ਤੋਂ 2005 ਹਰਿਆਣਾ ਦੇ ਜੀਂਦ ਜ਼ਿਲ੍ਹੇ ਦਾ ਪਿੰਡ ਕੰਡੇਲਾ ਕਿਸਾਨ ਅੰਦੋਲਨਾਂ ਦਾ ਬਹੁਤ ਵੱਡਾ ਕੇਂਦਰ ਬਣ ਕੇ ਰਿਹਾ ਹੈ।
ਹੁਣ ਵੀ ਦਿੱਲੀ ਦੇ ਗਾਜੀਪੁਰ ਬਾਰਡਰ ਉੱਤੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਬੀ ਕੇ ਯੂ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਹਰਿਆਣਾ ਵਿਚ ਸਭ ਤੋਂ ਪਹਿਲਾਂ ਕੰਡੇਲਾ ਪਿੰਡ ਵਿਚ ਲੋਕਾਂ ਨੇ ਜਾਮ ਲਗਾਇਆ ਸੀ।ਹਰਿਆਣਾ ਸਰਕਾਰ ਵੱਲੋਂ ਮੋਬਾਈਲ ਇੰਟਰਨੈੱਟ ਤੇ ਲਾਈ ਰੋਕ ਖ਼ਿਲਾਫ਼ ਵੀ ਹਰਿਆਣਾ ਵਿਚ ਸਭ ਤੋਂ ਪਹਿਲਾਂ ਕੰਡੇਲਾ ਦੇ ਲੋਕਾਂ ਨੇ ਜੀਂਦ ਚੰਡੀਗਡ਼੍ਹ ਹਾਈਵੇ ਤੇ ਜਾਮ ਲਗਾਇਆ ਸੀ।ਅੱਜ ਇਸ ਪਿੰਡ ਦੀ ਧਰਤੀ ਉੱਤੇ ਹੋਈ ਮਹਾਂ ਪੰਚਾਇਤ ਨੇ ਕਿਸਾਨ ਅੰਦੋਲਨ ਵਿਚ ਨਵਾਂ ਜੋਸ਼ ਭਰ ਦਿੱਤਾ ਹੈ।ਸ਼ਾਮਲ ਹੋਣ ਵਾਲੇ ਲੋਕਾਂ ਦਾ ਭਾਰੀ ਇਕੱਠ ਤਾਂ ਸਲਾਹੁਣਯੋਗ ਹੈ ਹੀ ਸੀ ਗੱਡੀਆਂ ਖੜਾਉਣ ਲਈ ਜੋ ਦੋ ਏਕੜ ਦਾ ਪਾਰਕ ਸੀ ਉਹ ਵੀ ਛੋਟਾ ਪੈ ਗਿਆ।
ਸਟੇਜ ਉਤੇ ਭਾਰੀ ਇਕੱਠ ਹੋਣ ਕਾਰਨ ਸਟੇਜ ਟੁੱਟਣ ਤੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਮਤ ਵਾਲਿਆਂ ਦੇ ਹੀ ਮੰਚ ਟੁੱਟਦੇ ਹਨ,ਜਨਤਾ ਦੀ ਭੀੜ ਜੇ ਸਟੇਜ ਤੋੜ ਸਕਦੀ ਹੈ ਤਾਂ ਜਨਤਾ ਦੀ ਆਵਾਜ਼ ਸਰਕਾਰ ਦੇ ਸਾਰੇ ਪੁਰਜ਼ੇ ਤੋੜ ਸਕਦੀ ਹੈ।ਮਹਾਂ ਪੰਚਾਇਤ ਚ ਮੌਜੂਦ ਆਗੂਆਂ ਨੇ ਸਰਬਸੰਮਤੀ ਨਾਲ ਪੰਜ ਮਤੇ ਪਾਸ ਕੀਤੇ ਜਿਨ੍ਹਾਂ ਵਿਚ ਕਿਸਾਨਾਂ ਨਾਲ ਮੀਟਿੰਗ ਮੌਕੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀ ਮੌਜੂਦਗੀ ਲਾਜ਼ਮੀ ਹੋਣੀ ਚਾਹੀਦੀ ਹੈ,ਖੇਤੀ ਦੇ ਤਿੰਨ ਕਾਨੂੰਨ ਰੱਦ,ਫ਼ਸਲਾਂ ਦੀ ਐੱਮਐੱਸਪੀ ਤੇ ਖ਼ਰੀਦ,ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੇ ਕਿਸਾਨਾਂ ਖ਼ਿਲਾਫ਼ ਦਰਜ ਝੂਠੇ ਕੇਸ ਰੱਦ ਕਰ ਕੇ ਗ੍ਰਿਫ਼ਤਾਰ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ।
ਮਹਾਂ ਪੰਚਾਇਤ ਵਿਚ ਬੀ ਕੇ ਯੂ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਤੇ ਬੀ ਕੇ ਯੂ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਤੋਂ ਇਲਾਵਾ ਪੰਜਾਹ ਤੋਂ ਵੱਧ ਖਾਪ ਆਗੂ ਮੌਜੂਦ ਸਨ।ਮਹਾਂ ਪੰਚਾਇਤ ਦਾ ਪ੍ਰਬੰਧ ਸਰਵ ਜਾਤੀ ਕੰਡੇਲਾ ਖਾਪ ਦੇ ਮੁਖੀ ਟੇਕਰਾਮ ਕੰਡੇਲਾ ਜੀ ਨੇ ਕੀਤਾ ਸੀ।ਕਿਸਾਨ ਤੇ ਮਜ਼ਦੂਰਾਂ ਦੇ ਇਕੱਠ ਲਈ ਪਿੰਡ ਵਾਸੀਆਂ ਵੱਲੋਂ ਦੋ ਹਜ਼ਾਰ ਨੌਜਵਾਨਾਂ ਸੰਗਠਨ ਸੇਵਾ ਲਈ ਤਿਆਰ ਕੀਤੇ, ਕਿਸਾਨਾਂ ਲਈ ਚਾਹ ਪਕੌੜੇ ਨਾਸ਼ਤੇ ਵਿਚ ਆਲੂ ਮਟਰ, ਪਨੀਰ ਬਾਜਰੇ ਅਤੇ ਮੱਕੀ ਦੀ ਰੋਟੀ ਦੁੱਧ ਦਹੀਂ ਲੱਸੀ ਹਲਵਾ ਖੀਰ ਪੀਣ ਵਾਲੇ ਪਾਣੀ ਤੋਂ ਇਲਾਵਾ ਲੱਸੀ ਦਾ ਖੁੱਲ੍ਹਾ ਲੰਗਰ ਸੀ।
ਕੰਡੇਲਾ ਦੇ ਪਰਿਵਾਰ ਵੱਲੋਂ ਆਏ ਮਹਿਮਾਨਾਂ ਦੀ ਦਿਲੋਂ ਖ਼ਾਤਰਦਾਰੀ ਕੀਤੀ ਪੰਚਾਇਤ ਨੇ ਕਿਸਾਨ ਨੇਤਾਵਾਂ ਦੀ ਅਗਵਾਈ ਨੂੰ ਮਾਨਤਾ ਦਿੰਦੇ ਹੋਏ ਬਹੁਤ ਗੌਰ ਨਾਲ ਸੁਣਿਆ ਜੋ ਕਿ ਕਿਸਾਨ ਮਜ਼ਦੂਰ ਏਕਤਾ ਦਾ ਮਜ਼ਬੂਤ ਆਧਾਰ ਹੈ। ਇਸ ਮਹਾਂਪੰਚਾਇਤ ਵਿਚ ਖ਼ਾਸ ਦਿੱਲੀ ਵਿੱਚ ਕਿਸਾਨ ਮੋਰਚਿਆਂ ਵਾਲੇ ਇਲਾਕਿਆਂ ਦਾ ਇੰਟਰਨੈੱਟ ਬੰਦ ਤੇ ਹਰਿਆਣਾ ਦਾ ਇੰਟਰਨੈੱਟ ਬੰਦ ਏਨਾ ਭਾਰੀ ਇਕੱਠ ਕਿਵੇਂ ਹੋ ਗਿਆ ਇਹ ਵੇਖ ਕੇ ਸਰਕਾਰ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ।
ਜੋ ਫ਼ੈਸਲੇ ਲੈ ਗਏ ਹਨ ਇਸ ਸਬੰਧੀ ਸਰਕਾਰ ਨੂੰ ਅੱਜ ਜਾਂ ਕੱਲ੍ਹ ਕੇਂਦਰ ਸਰਕਾਰ ਨੂੰ ਸੁਣ ਕੇ ਮੰਨਣੇ ਹੀ ਪੈਣਗੇ।ਕਿਉਂਕਿ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ ਵਿੱਚ ਟਰੈਕਟਰ ਪਰੇਡ ਰੈਲੀ ਹੋਵੇਗੀ ਜੋ ਕਿ ਸਰਕਾਰ ਦਾ ਸਿੰਘਾਸਣ ਹਿਲਾ ਕੇ ਰੱਖ ਦੇਵੇਗੀ।ਦਿੱਲੀ ਵਿਚ ਧਰਨੇ ਵਾਲੀਆਂ ਥਾਂਵਾਂ ਤੇ ਰੋਕਣ ਲਈ ਨੁਕੀਲੇ ਕਿੱਲ ਗੱਡਣਾ,ਉਨ੍ਹਾਂ ਮਿਹਨਤੀ ਲੋਕਾਂ ਦੇ ਜੋ ਪੱਥਰਾਂ ਨੂੰ ਉਖਾੜ ਕੇ ਤੇ ਟਿੱਬਿਆਂ ਨੂੰ ਖਲਾਰ ਕੇ ਖੇਤੀ ਯੋਗ ਬਣਾ ਦਿੰਦੇ ਹਨ ਉਨ੍ਹਾਂ ਲਈ ਅਜਿਹੇ ਕਿੱਲ ਗੱਡਣਾ ਇੱਕ ਬੱਚਿਆਂ ਦਾ ਖੇਲ ਹੈ।ਬਚਪਨ ਦੀ ਗੱਲ ਯਾਦ ਆ ਗਈ ਛੋਟੀਆਂ ਛੋਟੀਆਂ ਕੱਚ ਦੀਆਂ ਗੋਲੀਆਂ ਜਿਸ ਨੂੰ ਬੰਟੇ ਵੀ ਕਿਹਾ ਜਾਂਦਾ ਹੈ ਜਿਸ ਨਾਲ ਬੱਚੇ ਖੇਡਦੇ ਹਨ ਉਸ ਖੇਡ ਵਿਚ ਇਕ ਖੁੱਤੀ ਛੋਟਾ ਜਿਹਾ ਟੋਆ ਪੁੱਟ ਲਿਆ ਜਾਂਦਾ ਹੈ ਜਿਸ ਵਿਚ ਕੱਚ ਦੀਆਂ ਗੋਲੀਆਂ ਜੋ ਖੇਡਣ ਵਾਲਾ ਪਾ ਦੇਵੇਗਾ ਉਹ ਜਿੱਤ ਜਾਂਦਾ ਹੈ।
ਖੇਡਦੇ ਖੇਡਦੇ ਬੱਚਿਆਂ ਵਿੱਚ ਕਿਸੇ ਗੱਲੋਂ ਜਦੋਂ ਲੜਾਈ ਹੋ ਜਾਂਦੀ ਸੀ,ਖੇਡ ਛੱਡ ਕੇ ਜਾਣ ਵਾਲੇ ਬੱਚੇ ਉਸ ਛੋਟੇ ਜਿਹੇ ਟੋਏ ਵਿੱਚ ਪਿਸ਼ਾਬ ਕਰ ਦਿੰਦੇ ਸਨ ਤੇ ਇੱਕ ਕਹਾਵਤ ਬਹੁਤ ਮਸ਼ਹੂਰ ਹੈ”ਖੇਡੀਏ ਨਾ ਖੇਡਣ ਦੇਈਏ ਖੁੱਤੀ ਚ ਮੂਤਾਗੇ”ਏਹੋ ਬੱਚਿਆਂ ਵਾਲੀ ਖੇਲ ਕੇਂਦਰ ਸਰਕਾਰ ਖੇਲ ਰਹੀ ਹੈ,ਕਿਸਾਨ ਖੇਤੀ ਦਾ ਆਧਾਰ ਮਜ਼ਬੂਤ ਕਰਨ ਲਈ ਕਾਲੇ ਕਾਨੂੰਨ ਖਤਮ ਕਰਨ ਲਈ ਕਹਿ ਰਹੇ ਹਨ ਪਰ ਸਰਕਾਰ ਕੰਮ ਖ਼ਰਾਬ ਕਰਨ ਲਈ ਜੋ ਕੁਝ ਕਰ ਰਹੀ ਹੈ ਆਪਾਂ ਵੇਖ ਹੀ ਰਹੇ ਹਾਂ।ਜਨ ਮੋਰਚੇ ਵਾਲੇ ਸਹੀ ਰਸਤੇ ਤੇ ਚੱਲ ਰਹੇ ਹਨ ਕੇਂਦਰ ਸਰਕਾਰ ਬੱਚਿਆਂ ਵਾਲੀ ਖੇਡ ਖੇਡ ਰਹੀ ਹੈ,ਅੰਤ ਹਮੇਸ਼ਾ ਸੱਚ ਦੀ ਜਿੱਤ ਹੀ ਹੁੰਦੀ ਹੈ।
ਦਿੱਲੀ ਕਿਸਾਨ ਮੋਰਚੇ ਜੋ ਵੱਖ ਵੱਖ ਥਾਵਾਂ ਤੇ ਮੌਜੂਦ ਸਨ ਤੇ ਹਨ,ਚੰਗੀ ਫ਼ਸਲ ਦੇ ਵਿੱਚ ਕਾਂਗਿਆਰੀ ਜਿਹੀ ਬੀਮਾਰੀ ਤੇ ਕੁਝ ਕੀੜੇ ਆਉਂਦੇ ਹੀ ਹਨ ਜੋ ਕਿ ਛੱਬੀ ਜਨਵਰੀ ਨੂੰ ਚੱਲ ਰਹੇ ਮਹਾਨ ਕਿਸਾਨ ਮੋਰਚੇ ਚੋਂ ਉਡਾਰੀ ਮਾਰ ਕੇ ਸਰਕਾਰ ਦੀਆਂ ਉਂਗਲਾਂ ਤੇ ਨੱਚਦੇ,ਆਪਣੇ ਆਪ ਨੂੰ ਖ਼ਤਮ ਕਰ ਕੇ ਉਡਾਰੀ ਮਾਰਕੇ ਉੱਡ ਗਏ ਹਨ।ਕੁਝ ਮੇਰੇ ਜਿਹੇ ਵਿਹਲੜ ਜੋ ਕਿਸਾਨ ਮੋਰਚੇ ਨੂੰ ਮੇਲਾ ਸਮਝਦੇ ਸਨ ਉਹ ਵੀ ਪੱਤਰੇ ਵਾਚ ਗਏ ਹਨ।ਰਾਜਨੀਤਕ ਪਾਰਟੀਆਂ ਜੋ ਇੰਸਟਾਗ੍ਰਾਮ ਤੇ ਹਾਮੀ ਭਰਦੀਆਂ ਸਨ,ਜਾਂ ਚਲਾਕੀ ਵਾਲੀ ਖੇਡ ਜਦੋਂ ਕਿਸੇ ਬੰਦੇ ਨੂੰ ਫਸਾਉਣਾ ਹੁੰਦਾ ਹੈ,ਉਸ ਦੇ ਮਿੱਤਰ ਕਹਿੰਦੇ ਹਨ ਮਾਰਦੇ ਗੰਡਾਸੀ ਅਸੀਂ ਹਮੇਸ਼ਾਂ ਤੇਰੇ ਨਾਲ ਹਾਂ।
ਅਜਿਹੇ ਬਿਆਨ ਅਖ਼ਬਾਰਾਂ ਵਿੱਚ ਛਪਦੇ ਸਨ ਅਸੀਂ ਕਿਸਾਨ ਮੋਰਚੇ ਦੇ ਨਾਲ ਹਾਂ,ਇਸ ਤਰ੍ਹਾਂ ਕਿਸਾਨਾਂ ਨੂੰ ਬੁੱਧੂ ਬਣਾ ਕੇ ਕਾਨੂੰਨ ਬਣਾਏ ਗਏ ਹਨ ਹੁਣ ਰਜਾਈ ਵਿੱਚ ਬੈਠ ਕੇ ਅਜਿਹੇ ਨਾਅਰੇ ਮਾਰਨੇ ਕਿਸੇ ਕੰਮ ਨਹੀਂ।ਹੁਣ ਦੁਬਾਰਾ ਜਨ ਮੋਰਚੇ ਵਿੱਚੋਂ ਨਿਕਲੀ ਮਲਾਈ ਤੇ ਮੱਖਣੀ ਵਿਚੋਂ ਕੱਢਿਆ ਹੋਇਆ ਘਿਉ ਸਾਡੇ ਯੋਧਿਆਂ ਨੇ ਮੋਰਚੇ ਨੂੰ ਫੇਰ ਥੰਮ੍ਹ ਦੇ ਰੂਪ ਵਿੱਚ ਗੱਡ ਦਿੱਤਾ ਹੈ।ਰਾਜਨੀਤਿਕ ਪਾਰਟੀਆਂ ਦੇ ਨੇਤਾ ਹੁਣ ਮੋਰਚੇ ਦੀ ਜਿੱਤ ਨੂੰ ਸਾਹਮਣੇ ਵੇਖਦੇ ਹੋਏ ਵਿੱਚ ਸ਼ਾਮਲ ਹੋਣ ਲਈ ਚੁਗਲ ਝਾਤੀਆਂ ਮਾਰ ਰਹੇ ਹਨ।ਮੋਰਚੇ ਨੂੰ ਸਥਾਪਤ ਤੇ ਰੋਕਣ ਲਈ ਸਰਕਾਰ ਨੇ ਲੱਖਾਂ ਢੰਗ ਤਰੀਕੇ ਵਰਤੇ ਹਨ,ਮੋਰਚਾ ਜਿੱਤ ਦੇ ਨੇੜੇ ਖੜ੍ਹਾ ਹੈ ਸਰਕਾਰ ਕਿਸੇ ਦਿਨ ਵੀ ਕਿਸਾਨ ਮਜ਼ਦੂਰਾਂ ਦੇ ਸਾਹਮਣੇ ਹਥਿਆਰ ਸੁੱਟ ਦੇਵੇਗੀ।
ਮੇਰੇ ਪਿਆਰੇ ਪਾਠਕੋ ਕੰਡੇਲਾ ਦੀ ਮਹਾਂਪੰਚਾਇਤ ਨੂੰ ਵੇਖ ਕੇ ਸਰਕਾਰ ਦੀਆਂ ਅੱਖਾਂ ਦੇ ਡੇਲੇ ਟੇਢੇ ਮੇਢੇ ਹੋ ਗਏ ਹਨ ਕਦੇ ਕੁਰਸੀ ਵੱਲ ਕਦੇ ਮੋਰਚੇ ਵੱਲ ਸੋਚ ਰਹੇ ਹਨ ਕਿੱਧਰ ਨੂੰ ਜਾਈਏ,ਜਾਣੀ ਕਿ ਕਿਸਾਨ ਮੋਰਚੇ ਨੂੰ ਫੇਲ੍ਹ ਕਰਨ ਤੇ ਉਨ੍ਹਾਂ ਦੇ ਘਟੀਆ ਤਰੀਕਿਆਂ ਦੀ ਭਰੀ ਹੋਈ ਥਾਲੀ ਕਰੀਰ ਦੇ ਝਾੜ ਤੇ ਲੱਗੇ ਹੋਏ ਡੇਲਿਆਂ ਵਾਂਗ ਖਿੱਲਰ ਗਈ ਹੈ।ਸਰਕਾਰ ਨੂੰ ਮੇਰੀ ਸਲਾਹ ਹੈ ਕਿ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜਨ ਮੋਰਚੇ ਵਿੱਚ ਜਾਓ ਜਾਂ ਜਨ ਮੋਰਚੇ ਦੇ ਨੇਤਾਵਾਂ ਨੂੰ ਆਪਣੇ ਕੋਲ ਬੁਲਾ ਲਵੋ ਬੇਰ ਇਕੱਠੇ ਕਰ ਕੇ ਝੋਲੀ ਵਿੱਚ ਪਾ ਲਵੋ।ਨਹੀਂ ਤੁਹਾਡੀ ਕੁਰਸੀ ਦਾ ਹਾਲ ਬੇਰਾਂ ਵਾਲਾ ਹੋਵੇਗਾ। ਮੰਨ ਜਾਓ “Nothing is not ਵਿਗੜਿਆ ਡੁੱਲੇ ਬੇਰਾਂ ਦਾ”
ਰਮੇਸ਼ਵਰ ਸਿੰਘ
ਸੰਪਰਕ ਨੰਬਰ -9914880392