(ਸਮਾਜ ਵੀਕਲੀ)
ਪਿਆਰੇ ਬੱਚਿਓ !
ਸਤਿ ਸ੍ਰੀ ਅਕਾਲ , ਨਮਸ਼ਕਾਰ , ਗੁੱਡ ਮਾੱਰਨਿੰਗ।
ਉਮੀਦ ਹੈ ਤੁਸੀਂ ਆਪੋ – ਆਪਣੇ ਘਰਾਂ ਵਿੱਚ ਠੀਕ ਹੋਵੋਗੇ।
ਬੱਚਿਓ !
ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਿਹਾ ਹਾਂ। ਬਹੁਤ ਪੁਰਾਣੀ ਗੱਲ ਹੈ। ਇੱਕ ਪਿੰਡ ਵਿੱਚ ਇੱਕ ਬਹੁਤ ਮਿਹਨਤੀ ਤਰਖਾਣ ਰਹਿੰਦਾ ਸੀ। ਉਹ ਇੱਕ ਵੱਡੇ ਠੇਕੇਦਾਰ ਕੋਲ ਨੌਕਰੀ ਕਰਦਾ ਸੀ। ਉਸ ਤਰਖਾਣ ਦੁਆਰਾ ਬਣਾਏ ਗਏ ਲੱਕੜੀ ਦੇ ਘਰ ਦੂਰ – ਦੂਰ ਤੱਕ ਪ੍ਰਸਿੱਧ ਸਨ। ਉਸ ਦਾ ਮਾਲਕ ਵੀ ਉਸ ਦੀ ਬਹੁਤ ਇੱਜ਼ਤ ਅਤੇ ਪ੍ਰਵਾਹ ਕਰਦਾ ਸੀ।
ਕੰਮ ਕਰਦੇ – ਕਰਦੇ ਜਦੋਂ ਉਹ ਤਰਖਾਣ ਬੁੱਢਾ ਹੋ ਗਿਆ ਤਾਂ ਇੱਕ ਦਿਨ ਉਸ ਨੇ ਸੋਚਿਆ ਕਿ ਹੁਣ ਮੈਨੂੰ ਘਰ ਵਿੱਚ ਰਹਿ ਕੇ ਆਰਾਮ ਕਰਨਾ ਚਾਹੀਦਾ ਹੈ ਅਤੇ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ। ਇਹ ਸੋਚਦੇ – ਸੋਚਦੇ ਉਸ ਨੂੰ ਗਹਿਰੀ ਨੀਂਦ ਆ ਗਈ। ਜਦੋਂ ਉਸ ਨੂੰ ਜਾਗ ਆਈ ਤਾਂ ਉਹ ਆਪਣੇ ਮਾਲਕ ਦੇ ਘਰ ਪਹੁੰਚ ਗਿਆ। ਉਸ ਨੇ ਆਪਣੇ ਮਾਲਕ ਨੂੰ ਕਿਹਾ ਕਿ ਮੈਂ ਬਹੁਤ ਸਮਾਂ ਆਪ ਜੀ ਦੀ ਸੇਵਾ ਕੀਤੀ ਹੈ , ਪ੍ਰੰਤੂ ਹੁਣ ਮੈਂ ਜ਼ਿੰਦਗੀ ਦਾ ਬਾਕੀ ਸਮਾਂ ਅਰਾਮ ਪੂਰਵਕ ਅਤੇ ਪ੍ਰਮਾਤਮਾ ਦੀ ਭਗਤੀ ਕਰਕੇ ਬਤੀਤ ਕਰਨਾ ਚਾਹੁੰਦਾ ਹਾਂ। ਕਿਰਪਾ ਕਰਕੇ ਮੈਨੂੰ ਕੰਮ ਛੱਡ ਦੇਣ ਦੀ ਆਗਿਆ ਦੇ ਦਿਓ।
ਉਸ ਦਾ ਮਾਲਕ ਉਸ ਦੀ ਕਾਰੀਗਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਇਸ ਲਈ ਉਸ ਦੇ ਮਾਲਕ ਨੂੰ ਤਰਖਾਣ ਦੇ ਇਸ ਫੈਸਲੇ ਤੇ ਦੁੱਖ ਹੋਇਆ , ਪਰ ਉਹ ਤਰਖਾਣ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ। ਉਸ ਨੇ ਨਿਮਰਤਾ ਨਾਲ ਤਰਖਾਣ ਨੂੰ ਬੇਨਤੀ ਕੀਤੀ ਕਿ ਜਾਣ ਤੋਂ ਪਹਿਲਾਂ ਮੇਰੀ ਇੱਕ ਬੇਨਤੀ ਪ੍ਰਵਾਨ ਕਰ ਲੈਣਾ। ਠੇਕੇਦਾਰ ਨੇ ਤਰਖਾਣ ਨੂੰ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਇੱਕ ਵਧੀਆ ਲੱਕੜ ਦਾ ਮਕਾਨ ਤਿਆਰ ਕਰ ਦੇਣਾ।
ਤਰਖਾਣ ਨੇ ਉਸ ਦਾ ਕਹਿਣਾ ਮੰਨ ਲਿਆ ਅਤੇ ਉਸੇ ਦਿਨ ਤੋਂ ਕੰਮ ਆਰੰਭ ਕਰ ਦਿੱਤਾ। ਉਸ ਦੇ ਮਨ ਵਿੱਚ ਇੱਕ ਖਿਆਲ ਵਾਰ – ਵਾਰ ਆ ਰਿਹਾ ਸੀ ਕਿ ਇਹ ਕੰਮ ਕਰਨ ਤੋਂ ਬਾਅਦ ਉਸਨੇ ਹਮੇਸ਼ਾ ਲਈ ਕੰਮ ਛੱਡ ਦੇਣਾ ਹੈ। ਇਸ ਲਈ ਉਹ ਭਰੇ ਜਿਹੇ ਮਨ ਨਾਲ ਕੰਮ ਕਰਨ ਲੱਗਾ। ਲੱਕੜੀ ਦੀ ਚੋਣ ਸਮੇਂ ਵੀ ਉਸ ਨੇ ਬਹੁਤੀ ਰੁਚੀ ਨਾ ਦਿਖਾਈ। ਕੁੱਝ ਹੀ ਸਮਾਂ ਲਗਾ ਕੇ ਉਸ ਨੇ ਇਹ ਘਰ ਜਲਦੀ – ਜਲਦੀ ਤਿਆਰ ਕਰ ਦਿੱਤਾ। ਹੁਣ ਉਹ ਆਪਣੇ ਮਾਲਿਕ ਕੋਲ ਪਹੁੰਚਿਆ ਅਤੇ ਉਸ ਨੂੰ ਸਨਿਮਰ ਬੇਨਤੀ ਕੀਤੀ ਕਿ ਮੈਂ ਹੁਣ ਆਪਣਾ ਕੰਮ ਪੂਰਾ ਕਰ ਲਿਆ ਹੈ ਅਤੇ ਮੈਨੂੰ ਹੁਣ ਨੌਕਰੀ ਛੱਡ ਕੇ ਆਪਣੇ ਘਰ ਜਾਣ ਦੀ ਆਗਿਆ ਦੇ ਦਿਓ।
ਤਰਖਾਣ ਦੇ ਮਾਲਕ ਨੇ ਉਸ ਨੂੰ ਕਿਹਾ ਕਿ ਹਾਂ , ਹੁਣ ਤੁਸੀਂ ਨੌਕਰੀ ਛੱਡ ਕੇ ਆਪਣੇ ਘਰ ਜਾ ਸਕਦੇ ਹੋ । ਕਿਉਂਕਿ ਤੁਸੀਂ ਮੇਰੇ ਕੋਲ ਬਹੁਤ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕੀਤਾ ਹੈ , ਇਸ ਲਈ ਤੁਹਾਨੂੰ ਮੈਂ ਇਹ ਲੱਕੜੀ ਦਾ ਮਕਾਨ ਇਨਾਮ ਵਜੋਂ ਦੇ ਰਿਹਾ ਹਾਂ। ਹੁਣ ਤੁਹਾਨੂੰ ਪੁਰਾਣੇ ਮਕਾਨ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੈ।
ਤੁਸੀਂ ਖ਼ੁਸ਼ੀ – ਖ਼ੁਸ਼ੀ ਆਪਣੇ ਪਰਿਵਾਰ ਸਮੇਤ ਇਸ ਨਵੇਂ ਵੱਡੇ ਲੱਕੜੀ ਦੇ ਮਕਾਨ ਵਿੱਚ ਰਹਿ ਸਕਦੇ ਹੋ। ਇਹ ਗੱਲ ਸੁਣ ਕੇ ਤਰਖਾਣ ਹੈਰਾਨ – ਪ੍ਰੇਸ਼ਾਨ ਹੋ ਗਿਆ ਅਤੇ ਸੋਚਣ ਲੱਗਿਆ ਕਿ ਮੈਂ ਸਾਰੀ ਜ਼ਿੰਦਗੀ ਦੂਸਰਿਆਂ ਦੇ ਲਈ ਇੱਕ ਤੋਂ ਵੱਧ ਇੱਕ ਵਧੀਆ , ਸੁੰਦਰ ਅਤੇ ਕੀਮਤੀ ਉਚੇਚੀ ਲੱਕੜੀ ਦੇ ਘਰ ਬਣਾਏ , ਪਰ ਆਪਣੇ ਲਈ ਇੰਨਾ ਘਟੀਆ ਘਰ ਬਣਾ ਬੈਠਿਆ। ਕਾਸ਼ ! ਮੈਂ ਸਾਰੀ ਜ਼ਿੰਦਗੀ ਬਣਾਏ ਹੋਏ ਹੋਰ ਚੰਗੇ ਘਰਾਂ ਦੀ ਤਰ੍ਹਾਂ ਇਸ ਮਕਾਨ ਨੂੰ ਵੀ ਚੰਗੀ ਤਰ੍ਹਾਂ ਮਨ ਲਗਾ ਕੇ ਅਤੇ ਵਧੀਆ ਲੱਕੜੀ ਨਾਲ ਬਣਾਉਂਦਾ ਤਾਂ ਅੱਜ ਮੈਨੂੰ ਪਛਤਾਉਣਾ ਨਾ ਪੈਂਦਾ। ਪਰ ਬੱਚਿਓ ! ਹੁਣ ਉਹ ਕੁਝ ਨਹੀਂ ਸੀ ਕਰ ਸਕਦਾ।
ਪਿਆਰੇ ਬੱਚਿਓ ! ਸਾਨੂੰ ਇਸ ਛੋਟੀ ਜਿਹੀ ਕਹਾਣੀ ਤੋਂ ਜ਼ਿੰਦਗੀ ਦੀ ਇਹ ਮਹਾਨ ਸਿੱਖਿਆ ਮਿਲਦੀ ਹੈ ਕਿ ਸਾਨੂੰ ਦੂਸਰਿਆਂ ਨਾਲ ਕਦੇ ਵੀ ਈਰਖਾ ਨਹੀਂ ਕਰਨੀ ਚਾਹੀਦੀ , ਕਦੇ ਵੀ ਸਵਾਰਥੀ ( ਮਤਲਬੀ ) ਨਹੀਂ ਹੋਣਾ ਚਾਹੀਦਾ ਅਤੇ ਜੀਵਨ ਵਿੱਚ ਹਰ ਛੋਟੇ – ਵੱਡੇ ਕੰਮ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਸੱਚੇ ਦਿਲੋਂ ਮਿਹਨਤ ਨਾਲ ਕਰਨਾ ਚਾਹੀਦਾ ਹੈ। ਉਮੀਦ ਹੈ , ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ।
ਮਾਸਟਰ ਸੰਜੀਵ ਧਰਮਾਣੀ .
ਸ੍ਰੀ ਅਨੰਦਪੁਰ ਸਾਹਿਬ .
9478561356.