(ਸਮਾਜ ਵੀਕਲੀ)
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਰਕੁੰਨ ਹਰ ਉਸ ਘਟਨਾ ਲਈ ਲੋਕਾਂ ਨੂੰ ਵਿਗਿਆਨਕ ਦ੍ਰਿਸ਼ਟੀ ਅਪਨਾਉਣ ਲਈ ਕਹਿੰਦੇ ਹਨ ਜਿਥੇ ਉਨ੍ਹਾ ਨੂੰ ਗੈਰਵਿਗਿਅਨਕ ਗੱਲਾਂ ਦਾ ਪਰਭਾਵ ਪੈਂਦਾ ਨਜ਼ਰ ਆਉਂਦਾ ਹੈ।ਬਹੁਤੇ ਲੋਕਾਂ ਦੀ ਸੋਚ ਅੰਧਵਿਸ਼ਵਾਸ਼ੀ ਅਤੇ ਪਿਛਾਂਹਖਿਚੂ ਹੋਣ ਕਰਕੇ ਉਹ ਹਰ ਰਹੱਸਮਈ ਤੇ ਗੈਰਵਿਗਿਅਨਕ ਘਟਨਾ ਦੇ ਹਲ ਲਈ ਪੁੱਛਾਂ ਦੇਣ ਵਾਲਿਆਂ ਮਗਰ ਤੁਰੇ ਰਹਿੰਦੇ ਹਨ।
ਜੇ ਕਿਸੇ ਔਰਤ ਦੇ ਬੱਚਾ ਨਹੀਂ ਹੁੰਦਾ ਤਾਂ ਉਹ ਡਾਕਟਰੀ ਇਲਾਜ ਕਰਵਾਉਣ ਦੀ ਥਾਂ ਬੱਚਾ ਪਰਾਪਤੀ ਲਈ ਜੋਤਸ਼ੀਆਂ,ਤਾਂਤਰਿਕਾਂ ,ਬਾਬਿਆਂ ਜਾਂ ਅਖੌਤੀ ਸਿਆਣਿਆਂ ਕੋਲ ਆਰਥਿਕ, ਮਾਨਸਿਕ ਲੁੱਟ ਕਰਾਂਦੇ ਰਹਿੰਦੇ ਹਨ,ਜੇ ਕਿਸੇ ਦੇ ਕੁੜੀਆਂ ਹੀ ਹੋਈ ਜਾਂਦੀਆਂ ਹਨ ਤਾਂ ਉਹ ਪਰਿਵਾਰ ਉਪਰ ਵਾਲੇ ਦੀ ਕਰੋਪੀ ਸਮਝ ਕੇ ਜੋਤਸ਼ੀਆਂ ਪਾਸੋਂ ਉਪਾਅ ਕਰਵਾਉਂਦੇ ਹਨ,ਜੇ ਕਿਸੇ ਦਾ ਅਦਾਲਤ ਵਿਚ ਕੇਸ ਚਲਦਾ ਹੈ ਤਾਂ ਉਹ ਫੈਸਲਾ ਅਪਣੇ ਹੱਕ ਵਿੱਚ ਕਰਵਾਉਣ ਲਈ ਇਨ੍ਹਾਂ ਦੇ ਭਰਮ ਜਾਲ ਵਿੱਚ ਫਸਿਆ ਰਹਿੰਦਾ ਹੈ,ਜੇ ਕਿਸੇ ਦਾ ਬੱਚਾ ਪੜ੍ਹਾਈ ਵਿੱਚ ਨਹੀਂ ਚਲਦਾ ਤਾਂ ਉਸ ਨੂੰ ਪੜ੍ਹਾਈ ਵਿੱਚ ਵਧੀਆ ਬਣਾਉਣ ਲਈ ਤਾਂਤਰਿਕਾਂ ਦੇ ਮੱਕੜ ਜਾਲ ਵਿਚ ਫਸ ਜਾਂਦਾ ਹੈ ਜੇ ਕਿਸੇ ਨੂੰ ਨੌਕਰੀ ਨਹੀਂ ਮਿਲਦੀ ਤਾਂ ਉਹ ਵੀ ਜੋਤਸ਼ੀਆਂ ਨੂੰ ਟੇਵਾ ਦਿਖਾਉਂਦਾ ਤੇ ਲਵਾਉਂਦਾ ਫਿਰਦਾ ਹੈ।
ਭਾਵ ਭਰਮੀ ਕਮਜ਼ੋਰ ਮਾਨਸਿਕਤਾ ਵਾਲਾ ਵਿਅਕਤੀ ਹਰ ਔਕੜ, ਮੁਸੀਬਤ, ਸਮੱਸਿਆ ਦਾ ਹਲ ਆਪਣੇ ਦਿਮਾਗ ‘ਚੋਂ ਕੱਢਣ ਦੀ ਥਾਂ ਇਨ੍ਹਾਂ ਅਖੌਤੀ ਸਿਆਣਿਆਂ ,ਪਰਜੀਵੀਆਂ ਦੇ ਜਾਲਵਿੱਚ ਪੈ ਕੇ ਹਰ ਪੱਖੋਂ ਹਰ ਪਾਸਿਓਂ ਹਰ ਪੱਧਰੀ ਲੁੱਟ ਕਰਵਾਉਂਦਾ ਫਿਰਦਾ ਹੈ।ਇਹ ਪਰਜੀਵੀ ਇਨ੍ਹਾਂ ਨੂੰ ਭਰਮਾਊ ਮਿੱਠੀਆਂ ਗੱਲਾਂ ਰਾਹੀਂ ਆਪਣੇ ਲੁਭਾਵਣੇ ਲਾਰਿਆਂ ਵਿੱਚ ਫਸਾ ਕੇ ਝੂਠੇ ਸਬਜ਼ਬਾਗ ਦਿਖਾ ਕੇ ਖੂਬ ਲੁੱਟਦੇ ਹਨ।ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਕੋਲ ਇਨ੍ਹਾਂ ਅਖੌਤੀ ਸਿਆਣਿਆਂ ਦੀ ਲੁੱਟ ਦਾ ਸ਼ਿਕਾਰ ਹੋਏ ਗੁੰਮਰਾਹ ਕੀਤੇ ਲੋਕਾਂ ਦੇ ਬਹੁਤ ਸਾਰੇ ਕੇਸ ਆਉਂਦੇ ਰਹਿੰਦੇ ਹਨ।
ਕੁੱਝ ਸਮਾਂ ਪਹਿਲਾਂ ਦੀ ਗੱਲ ਹੈ ਸੰਗਰੂਰ ਲਾਗਲੇ ਇਕ ਪਿੰਡ ਦੇ ਇਕ ਘਰੋਂ ਕੁਝ ਨਗਦੀ ਚੋਰੀ ਹੋ ਗਈ, ਘਰ ਦੇ ਮੈਂਬਰ ਬਾਹਰ ਕਿਤੇ ਰਿਸ਼ਤੇਦਾਰੀ ਵਿੱਚ ਗਏ ਹੋਏ ਸਨ।ਲੋਕਾਂ ਵਿੱਚ ਜਿਵੇਂ ਆਮ ਧਾਰਨਾ ਹੈ ਕਿ “ਸਿਆਣੇ “ਤੋਂ ਪੁੱਛ ਪੁਆ ਲਿਆਵੋ ਤਾਂ ਜੋ ਚੋਰ ਬਾਰੇ ਪਤਾ ਲਗ ਸਕੇ।ਨੁਕਸਾਨ ਗ੍ਰੱਸਤ ਪਰਿਵਾਰ ਦੇ ਮੈਂਬਰ ਵੀ ਅੰਧਵਿਸ਼ਵਾਸ਼ੀ ਹੋਣ ਕਰਕੇ ਚੋਰੀ ਦੀ ਪੁੱਛ ਪੁਆਉਣ ਲਈ ਕਿਸੇ ਦੂਸਰੇ ਪਿੰਡ ਦੇ ਇਕ ਅਖੌਤੀ ਸਿਆਣੇ ਕੋਲ ਚਲੇ ਗਏ।ਉਸ ਨੇ ਕਿਹਾ,” ਤੁਹਾਡੇ ਪੈਸੇ ਤੁਹਾਡੇ ਨਾਲ ਲਗਦੀ ਗੁਆਂਢਣ ਨੇ ਚੋਰੀ ਕਰਕੇ ਆਪਣੀ ਪੇਟੀ ਵਿੱਚ ਰੱਖੇ ਹੋਏ ਹਨ।ਪੇਟੀ ਵਿੱਚ ਦਰੀਆਂ ਹਨ,ਦਰੀਆਂ ਵਿੱਚ ਪੱਗਾਂ ਤੇ ਪੱਗਾਂ ਵਿੱਚ ਪੈਸੇ ਰੱਖੇ ਹੋਏ ਨੇ।”
ਅਖੌਤੀ ਸਿਆਣੇ ਦੀ ਪੁੱਛ ਨਾਲ ਭਰੇ ਪੀਤੇ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਗੁਆਂਢੀ ਨੂੰ ਆ ਕੇ ਕਿਹਾ,” ਸਾਡੇ ਪੈਸੇ ਤੇਰੀ ਘਰਵਾਲੀ ਨੇ ਚੋਰੀ ਕਰਕੇ ਆਪਣੀ ਪੇਟੀ ਵਿਚ ਰੱਖੇ ਹੋਏ ਨੇ ।” ਇਹ ਗੱਲ ਸੁਣ ਕੇ ਗੁਆਂਢੀ ਵੀ ਭੜਕ ਉੱਠਿਆ ਅਤੇ ਕਿਹਾ ,”ਆਓ ਹੁਣੇ ਘਰ ਚੱਲ ਕੇ ਪੇਟੀ ਖੋਲ੍ਹਦੇ ਹਾਂ।” ਪੇਟੀ ਖੋਲ੍ਹੀ ਗਈ, ਉਸ ਵਿੱਚ ਨਾ ਹੀ ਦਰੀਆਂ ਸਨ ,ਨਾ ਹੀ ਪੱਗਾਂ ਤੇ ਨਾ ਹੀ ਪੈਸੇ। ਇਹ ਸਭ ਦੇਖ ਕੇ ਨੁਕਸਾਨ ਗ੍ਰਸਤ ਪਰਿਵਾਰ ਦਾ ਮੁਖੀ ਬੜਾ ਸ਼ਰਮਸਾਰ ਹੋਇਆ। ਉਸ ਨੇ ਕਿਹਾ ਕਿ ਸਾਨੂੰ ਤਾਂ ਇੱਕ ਸਿਆਣੇ ਨੇ ਦੱਸਿਆ ਸੀ ਕਿ ਤੇਰੇ ਨਾਲ ਲੱਗਦੇ ਘਰ ਦੀ ਔਰਤ ਨੇ ਚੋਰੀ ਕਰਕੇ ਪੇਟੀ ਵਿੱਚ ਰੱਖੇ ਹੋਏ ਨੇ।ਦੋਵੇਂ ਪਰਿਵਾਰ ਮੇਰੇ ਕੋਲ ਸੰਗਰੂਰ ਆਏ ਤੇ ਮੈਂ ਉਨਾਂ ਦੀ ਸਾਰੀ ਗਲ ਸੁਨਣ ਤੋਂ ਬਾਅਦ ਉਨ੍ਹਾਂ ਨੂੰ ਇਕ ਵਾਰੀ ਫਿਰ ਅਖੌਤੀ ਸਿਆਣੇ ਕੋਲ ਜਾ ਕੇ ਸਾਰੀ ਘਟਨਾ ਬਿਆਨਣ ਦੀ ਸਲਾਹ ਦਿੱਤੀ।
ਕੁਝ ਨੁਕਤੇ ਵੀ ਸਮਝਾਏ ਗਏ।ਦੋਹਾਂ ਪਰਿਵਾਰਾਂ ਦੇ ਮੈਂਬਰ ਅਤੇ ਪਿੰਡ ਦੇ ਕੁਝ ਵਿਅਕਤੀਆਂ ਨੇ ਅਖੌਤੀ ਸਿਆਣੇ ਨੂੰ ਕਿਹਾ ,”ਤੇਰੀ ਦੱਸੀ ਸਾਰੀ ਪੁੱਛ ਝੂਠ ਨਿਕਲੀ ਹੈ ।ਪੇਟੀ ਵਿਚ ਨਾ ਤਾਂ ਦਰੀਆਂ ਤੇ ਨਾ ਹੀ ਪੱਗਾਂ ਅਤੇ ਨਾ ਹੀ ਪੈਸੇ, ਤੂੰ ਝੂਠੀਆਂ ਗੱਲਾਂ ਦੱਸ ਕੇ ਸਾਡੇ ਪਰਿਵਾਰਾਂ ਵਿੱਚ ਵਿਰੋਧ ਖੜ੍ਹਾ ਕੀਤਾ ਹੈ।” ਆਪਣੀ ਗਲਤੀ ਮੰਨਣ ਦੀ ਥਾਂ ਤਾਂਤਰਿਕ ਨੇ ਕਿਹਾ,” ਤੁਸੀਂ ਮੇਰੇ ਕਹੇ ਬਿਨਾਂ ਪੇਟੀ ਕਿਉਂ ਖੋਲ੍ਹੀ।” ਘਰ ਦੇ ਗੁੱਸੇ ਨਾਲ ਭਰੇ ਪੀਤੇ ਮੈਂਬਰਾਂ ਨੇ ਕਿਹਾ ,”ਹੋਰ ਅਸੀਂ ਕੀ ਕਰਦੇ? ਤੂੰ ਕਿਹਾ ਸੀ ,ਪੈਸੇ ਤੁਹਾਡੀ ਗੁਆਂਢਣ ਨੇ ਚੋਰੀ ਕਰਕੇ ਪੇਟੀ ਵਿੱਚ ਰੱਖੇ ਹੋਏ ਹਨ। ਪੈਸੇ ਪੇਟੀ ਵਿੱਚੋਂ ਆਪਣੇ ਆਪ ਬਾਹਰ ਆ ਕੇ ਸਾਨੂੰ ਮਿਲਦੇ।” ਅਖੌਤੀ ਸਿਆਣਾ ਹੁਣ ਨਿਰਉੱਤਰ ਹੋ ਚੁੱਕਾ ਸੀ । ਇਸ ਘਟਨਾ ਤੋਂ ਬਾਅਦ ਦੁਖੀ ਤੇ ਦੁਬਿਧਾ ਵਿਚ ਪਏ ਪਰਿਵਾਰਕ ਮੈਂਬਰ ਦੁਬਾਰਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸੰਗਰੂਰ ਕੋਲ ਆਏ ।ਉਨ੍ਹਾਂ ਦੀ ਸਾਰੀ ਗੱਲ ਸੁਣਨ ਤੋਂ ਬਾਅਦ ਅਸੀਂ ਲੈਕਚਰਾਰ ਕਰਿਸ਼ਨ ਸਿੰਘ ,ਗੁਰਦੀਪ ਸਿੰਘ ਲਹਿਰਾ ਤੇ ਮੈਂ ਕਿਹਾ
,”ਇਨ੍ਹਾਂ ਅਖੌਤੀ ਸਿਆਣਿਆਂ, ਬਾਬਿਆਂ ਕੋਲ ਕੋਈ ਸ਼ਕਤੀ ਨਹੀਂ, ਜਿਸ ਜ਼ਰੀਏ ਕਿਸੇ ਦੀ ਗੁੰਮ ਹੋਈ ਚੀਜ਼ ਲੱਭ ਸਕਣ ਜਾਂ ਕਿਸੇ ਸਮੱਸਿਆ ਦਾ ਹੱਲ ਕਰ ਸਕਣ। ਜਦੋਂ ਇਨ੍ਹਾਂ ਦੇ ਘਰ ਚੋਰੀ ਹੁੰਦੀ ਹੈ ਇਹ ਪੁਲੀਸ ਕੋਲ ਜਾਂਦੇ ਨੇ, ਜਦੋਂ ਬੀਮਾਰੀ ਆਉਂਦੀ ਹੈ ਤਾਂ ਇਹ ਡਾਕਟਰ ਕੋਲ ਜਾਂਦੇ ਨੇ, ਕਚਹਿਰੀ ਵਿੱਚ ਕੇਸ ਚਲਦਾ ਹੋਵੇ ਤਾਂ ਵਕੀਲਾਂ ਕੋਲ ਜਾਂਦੇ ਨੇ ।ਇਨ੍ਹਾਂ ਦੇ ਘਰਾਂ ਵਿੱਚ ਵੀ ਆਮ ਲੋਕਾਂ ਵਾਂਗ ਵਰਤਾਰੇ ਵਾਪਰਦੇ ਹਨ ।ਇਹ ਤੁਹਾਡੀ ਵਿਗਾੜ ਕੇ ਆਪਣੀ ਸੰਵਾਰਦੇ ਨੇ।” ਉਨ੍ਹਾਂ ਨੂੰ ਸਮਝਾਇਆ ਗਿਆ ਕਿ ਪਹਿਲਾਂ ਤੁਸੀਂ ਬਹੁਤ ਗਲਤ ਪਾਸੇ ਤੁਰ ਪਏ ,ਅਖੌਤੀ ਸਿਆਣੇ ਨੇ ਸੋਨੂ ਲੜਾਉਣ ਦੀ ਕੋਸ਼ਿਸ਼ ਕੀਤੀ ਪਲ ਤੁਹਾਡਾ ਬਚਾਅ ਹੋ ਗਿਆ ,
ਜਿਸ ਪਰਿਵਾਰ ਤੇ ਚੋਰੀ ਦਾ ਇਲਜ਼ਾਮ ਲੱਗਿਆ ਹੈ, ਉਸ ਦਾ ਨਾਂ ਲਾਉਣ ਵਾਲੇ ਨੂੰ ਆਪਣੀ ਗਲਤੀ ਮਹਿਸੂਸ ਕਰਨੀ ਚਾਹੀਦੀ ਹੈ ,ਤਾਂ ਕਿ ਉਸ ਦੇ ਮਨ ਤੇ ਲੱਗੀ ਝੂਠੇ ਦੋਸ਼ਾਂ ਦੀ ਅੱਗ ਬੁਝਾਉਣ ਲਈ ਸਹਾਇਤਾ ਮਿਲ ਸਕੇ, ਜ਼ਖ਼ਮਾਂ ਤੇ ਕੁਝ ਮੱਲ੍ਹਮ ਲੱਗੇ।
ਦੂਜਾ ਪਰਿਵਾਰ ਇਹ ਮਹਿਸੂਸ ਕਰੇ ਕਿ ਇਹ ਸਭ ਕੁਝ ਲਾਈਲੱਗਤਾ ਤੇ ਅੰਧ ਵਿਸਵਾਸ਼ਾਂ ਦੀ ਦੇਣ ਹੈ ,ਜਾਣਬੁੱਝ ਕੇ ਨਾਂ ਨਹੀਂ ਧਰਿਆ।ਤੁਹਾਨੂੰ ਇਸ ਘਟਨਾ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਇਨ੍ਹਾਂ ਪਰਜੀਵੀਆਂ ,ਢੌਂਗੀਆਂ ਕੋਲ ਸਾਡੇ ਮਨਾਂ ਵਿੱਚ ਵੈਰ ਵਿਰੋਧ ਪਾਉਣ ,ਗੁੰਮਰਾਹ ਕਰਨ ਦੇ ਨਾਲ ਸਾਡੀ ਲੁੱਟ ਕਰਨ ਤੋਂ ਬਿਨਾਂ ਇਨ੍ਹਾਂ ਪੱਲੇ ਕੁਝ ਨਹੀਂ। ਉਹ ਚੋਰੀ ਦੀ ਘਟਨਾ ਸਮੇਂ ਤੀਰ ਤੁੱਕੇ ਨਾਲ ਤੁਹਾਡੇ ਮਨਾਂ ਵਿੱਚ ਚੋਰ ਦੀ ਸ਼ਕਲ ਬਿਠਾਉਂਦੇ ਨੇ। ਤੁਸੀਂ ਸਮਝਦੇ ਹੋ ਕਿ ਇਹ ਸੱਚ ਦੱਸ ਰਹੇ ਨੇ ।ਤੁਸੀਂ ਚੰਗੇ ਰਹੇ ,ਇਕਦਮ ਪੇਟੀ ਦੀ ਤਲਾਸ਼ੀ ਲੈ ਲਈ ਜੇ ਉਸੇ ਸਮੇਂ ਪੇਟੀ ਦੀ ਤਲਾਸ਼ੀ ਨਾ ਲਈ ਹੁੰਦੀ ਤਾਂ ਤੁਸੀਂ ਸੋਚਦੇ ਸਮਾਨ ਇਧਰ ਉਧਰ ਕਰ ਦਿੱਤਾ।
ਤੁਹਾਡੇ ਮਨ ਵਿੱਚ ਸ਼ੱਕ ਪੱਕਾ ਹੋ ਜਾਂਦਾ।ਅਖੌਤੀ ਸਿਆਣਾ ਤੁਹਾਡੇ ਮਨਾਂ ਵਿੱਚ ਵੈਰ ਵਿਰੋਧ ਪਾਉਣ ਤੇ ਲੁੱਟ ਕਰਨ ਵਿੱਚ ਕਾਮਯਾਬ ਹੋ ਜਾਂਦਾ ।ਤੁਸੀਂ ਅਖੌਤੀ ਸਿਆਣੇ ਦਾ ਝੂਠ ਫੜ/ ਜਾਣ ਲਿਆ ਹੈ। ਭਾਵੇਂ ਤਰਕਸ਼ੀਲ ਕਾਰਕੁੰਨ ਇਨ੍ਹਾਂ ਸਬਜ਼ਬਾਗ ਦਿਖਾਉਣ ਵਾਲਿਆਂ , ਭਰਮ ਜਾਲ ਵਿੱਚ ਫਸਾਉਣ ਵਾਲਿਆਂ ਦੇ ਲੁਭਾਉਣੇ ਲਾਰਿਆਂ ਵਿੱਚ ਨਾ ਫਸਣ ਲਈ ਕਾਫੀ ਲੰਮੇ ਸਮੇਂ ਤੋਂ ਲੋਕਾਂ ਨੂੰ ਚੇਤੰਨ ਕਰਦੇ ਆ ਰਹੇ ਹਨ।
ਤਰਕਸ਼ੀਲਾਂ ਵਲੋਂ ਲੋਕਾਂ ਦਾ ਨਜ਼ਰੀਆ ਵਿਗਿਆਨਕ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ ਤੇ ਸੱਚ ਝੂਠ ਪਛਾਨਣ ਦਾ ਹੋਕਾ ਦਿੰਦੇ ਆ ਰਹੇ ਹਨ,ਫਿਰ ਵੀ ਲੋਕ ਵਿਗਿਆਨਕ ਵਿਚਾਰਾਂ ਪ੍ਰਤੀ ਜਾਗਰੂਕ ਨਹੀਂ ਹੋ ਰਹੇ।ਤੁਹਾਡੇ ਨਾਲ ਬੀਤੀ ਘਟਨਾ ਇਹਨਾਂ ਅਖੌਤੀ ਸਿਆਣਿਆ ਦੇ ਖੋਖਲੇਪਣ ਦਾ ਪਰਦਾਫਾਸ਼ ਕਰਦੀ ਹੈ, ਲੋੜ ਤਾਂ ਅਜਿਹੀਆਂ ਘਟਨਾਵਾਂ ਤੋਂ ਸਿਖਣ,ਪਰਚਾਰ ਕਰਨ ਦੀ ਹੈ ਤਾਂ ਜੋ ਤੁਹਾਡੇ ਵਰਗੇ ਹੋਰ ਲੋਕ ਇਨ੍ਹਾਂ ਜਾਲਸਾਜ਼ੀਆ ਤੋਂ ਬਚੇ ਰਹਿਣ।ਅਸੀਂ ਸੋਚਦੇ ਹਾਂ ਤੁਸੀਂ ਸਿਆਣਪ ਤੋਂ ਕੰਮ ਲਿਆ ਤੇ ਇਸ ਸਦਕਾ ਤੁਸੀਂ ਇਕੱਠੇ ਤੁਰ ਰਹੇ ਹੋ ।ਤੁਸੀਂ ਇਨ੍ਹਾਂ ਢੌਂਗੀਆਂ ਦੀਆਂ ਹੇਰਾਫੇਰੀਆ ਤੋਂ ਜਾਣੂ ਹੋ ਗਏ ਹੋਂ ,ਤੁਸੀ ਦੋਨਾਂ ਪਰਿਵਾਰਾਂ ਨੇ ਉਸੇ ਤਰ੍ਹਾਂ ਸਾਂਝ ਬਣਾਈ ਰੱਖਣੀ ਹੈ।ਮਨ ਵਿੱਚ ਕਿਸੇ ਕਿਸਮ ਦੀ ਨਰਾਜ਼ਗੀ ਨਹੀਂ ਰੱਖਣੀ।ਘਟਨਾ ਦਾ ਅੰਤ ਵਧੀਆ ਹੀ ਹੋਇਆ ਹੈ।ਪਹਿਲਾਂ ਨਾਲੋਂ ਵੀ ਨੇੜਤਾ ਬਣਾਈ ਰੱਖਣੀ।
ਅਸੀਂ ਦੋਹਾਂ ਪਰਿਵਾਰਾਂ ਵਿੱਚ ਕੁੜੱਤਣ ਨਹੀਂ ਪੈਣ ਦਿਤੀ, ਦੋਹਾਂ ਪਰਿਵਾਰਾਂ ਵਿੱਚ ਪਈ ਨਰਾਜ਼ਗੀ /ਕੁੜੱਤਣ/ਫਿੱਕ ਨੂੰ ਦੂਰ ਕਰਨ ਵਿਚ ਤਰਕਸ਼ੀਲ ਕਾਰਕੁੰਨ ਸਫਲ ਰਹੇ।
ਸਮਾਜ ਵਿਚ ਵਾਪਰਦੀਆਂ ਅਜਿਹੀਆਂ ਘਟਨਾਵਾਂ ਤੋਂ ਕੁੱਝ ਨਾ ਕੁੱਝ ਸਿਖਦੇ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਮੋਟੇ ਨੁਕਸਾਨ ਅਤੇ ਭਾਈਚਾਰਕ ਸਾਂਝ ਟੁੱਟਣ ਤੋਂ ਬਚੇ ਰਹੀਏ।ਅੱਜ ਦੇ ਕਮਪਿਊਟਰ ਯੁੱਗ ਵਿੱਚ ਲੋਕਾਂਨੂੰ ਆਪਣੇ ਦਿਲ ਦਿਮਾਗ ਨੂੰ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਨਾਲ ਰੁਸ਼ਨਾਉਣਾ ਚਾਹੀਦਾ ਹੈ।ਤਰਕਸ਼ੀਲਾਂ ਨਾਲ ਮਿਲਣੀ ਤੋਂ ਬਾਅਦ ਪੀੜਤ ਪਰਿਵਾਰ ਸ਼ੰਕਿਆਂ ਦੀ ਨਿਵਿਰਤੀ ਅਤੇ ਤਰਕਸ਼ੀਲ ਵਿਚਾਰਾਂ ਦੀ ਅਹਿਮੀਅਤ ਮਹਿਸੂਸ ਕਰ ਰਹੇ ਸੀ।ਦੋਹਾਂ ਪਰਿਵਾਰਾਂ ਨੂੰ ਇਕੱਠੇ ਚਾਹ ਪਿਆਉਣ ਤੋਂ ਘਰੇ ਤੋਰਿਆ।
ਮਾਸਟਰ ਪਰਮ ਵੇਦ
ਜ਼ੋਨ ਜਥੇਬੰਦਕ ਮੁਖੀ,ਤਰਕਸ਼ੀਲ ਸੁਸਾਇਟੀ ਪੰਜਾਬ
ਏ86ਅਫਸਰ ਕਲੋਨੀ ਸੰਗਰੂਰ
9417422349
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly