ਢਿੱਡ ਦੀ ਗੱਲ

(ਸਮਾਜ ਵੀਕਲੀ)

“ਭੈਣੇ ਦੋ ਦਿਨ ਹੋ ਗਏ ਝੜੀ ਲੱਗੀ ਨੂੰ, ਮੀਂਹ ਹੱਟਣ ਦਾ ਨਾਂ ਨੀ ਲੈਂਦਾ, ਕੰਮ ਕਾਰ ਖੜ੍ਹਗੇ ਘਰਾਂ ਦੀਆਂ ਛੱਤਾਂ ਚੋਣ ਲੱਗ ਪਈਆਂ, ਅਜੇ ਹੋਰ ਪਤਾ ਨੀ ਕਿੰਨੇ ਦਿਨ ਮੀਂਹ ਨਾ ਹਟੇ, ਸੀਰੇ ਦਾ ਬਾਪੂ ਸਕੀਮਾਂ ਲਾਉਂਦਾ ਸੀ, ਕੇ ਲੰਬੜਾਂ ਦੇ ਦਿਹਾੜੀਆਂ ਲਾਊਗਾ, ਕੁਝ ਪੈਸੇ ਕੁੜੀ ਦੇ
ਵਜ਼ੀਫ਼ੇ ਦੇ ਕਢਵਾ ਲਵਾਂਗੇ, ਤੇ ਐਤਕੀਂ ਛੱਤ ਬਦਲਾਂਗੇ”। ਇਹ ਗੱਲ ਰਤਨੀ ਨੇ ਸਿਰ ਤੇ ਰੱਖੇ ਮਿੱਟੀ ਦੇ ਬੱਠਲ ਨੂੰ ਸੂਤ ਕਰਦੀ
ਹੋਈ ਨੇ ਦੁੱਖ ਭਰੀ ਅਵਾਜ਼ ਤੇ ਨਿਰਾਸ਼ ਜਿਹੀ ਤੱਕਣੀ ਨਾਲ ਝਾਕ ਕੇ ਕੂੜਾ ਸੁੱਟ ਕੇ ਮੁੜੀ ਆਉਂਦੀ ਕਰਤਾਰੀ ਨੂੰ ਆਖੀਂ।

ਕਰਤਾਰੀ ਨੇ ਅੱਗੋਂ ਖਾਲੀ ਟੋਕਰੇ ਨੂੰ ਭੋਂਇ ਤੇ ਮਾਰਦੀ ਹੋਈ ਨੇ ਕਿਹਾ,” ਹਾਂ ਭੈਣੇ ਹਾਂ ਸਭ ਦੇ ਘਰਾਂ ਦਾ ਏਹੀ ਹਾਲ ਆ ਗ਼ਰੀਬਾਂ ਦਾ ਕੁਝ ਜ਼ਿਆਦਾ ਝੜੀ ਝਾਮਣੀ ਵਿੱਚ ਕੋਠੇ ਚੋਣ ਲੱਗ ਜਾਂਦੇ ਆ। ਕੀਤਾ ਕੀ ਜਾਵੇ ਘਰਾਂ ਦੀਆਂ ਹੋਰ ਈ ਖੱਡਾਂ ਬੰਦ ਨੀ ਹੁੰਦੀਆਂ, ਉੱਤੋ ਖ਼ਰਚਾ ਹੋਰ ਦਾ ਹੋਰ ਨਿਕਲ ਆਉਂਦਾ”।

ਕਰਤਾਰੀ ਨੇ ਵੀ ਥੋੜ੍ਹੇ ਸ਼ਬਦਾਂ ਵਿੱਚ ਆਪਣੇ ਢਿੱਡ ਦੀ ਗੱਲ ਕਹਿ ਦਿੱਤੀ, ਤੇ ਚੁੰਨੀ ਨੂੰ ਠੀਕ ਕਰਦੀ ਹੋਈ ਟੋਕਰਾ ਸਿਰ ਤੇ ਰੱਖ ਕਾਹਲੀ ਨਾਲ ਤੁਰ ਪਈ ਜਿਵੇਂ ਸ਼ਾਇਦ ਉਸ ਨੂੰ ਸਰਦਾਰਨੀ ਉਡੀਕ ਰਹੀ ਹੋਵੇ। ਹੁਣ ਰਤਨੀ ਵੀ ਮਿੱਟੀ ਦਾ ਬੱਠਲ ਲ਼ੈ ਕੇ ਚੋਂਦੀ ਛੱਤ ਤੇ ਪਾਉਣ ਲਈ ਕਾਹਲੀ ਨਾਲ ਤੁਰ ਪਈ। ਕਿ ਮੀਂਹ ਤੋਂ ਪਹਿਲਾਂ ਪਹਿਲਾਂ ਇੱਕ ਦੋ ਬੱਠਲ ਛੱਤ ਉੱਤੇ ਹੋਰ ਸੁੱਟ ਲ਼ੈ ਜਾਣ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ ਵੀ
94658-21417

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIran to soon deploy homegrown over-the-horizon radar: Commander
Next articlePakistan’s tourism sector plays vital role in economic development: Prez