ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਇਲਾਕੇ ਵਿਚ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਕੇਂਦਰ ਬਣੇ ਡੇਰਾਪੁਰਾ ਜੱਬੜ ਮਾਣਕੋ ਵਿਖੇ ਸਲਾਨਾ ਬਰਸੀ ਸਮਾਗਮ ਅਤੇ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ 3 ਜਨਵਰੀ ਨੂੰ ਸ਼ਰਧਾ ਭਾਵਨਾ ਸਾਹਿਤ ਮਨਾਇਆ ਜਾ ਰਿਹਾ ਹੈ। ਡੇਰੇ ਦੇ ਮੁਖੀ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਨੇ ਦੱਸਿਆ ਕਿ ਇਹ ਸਲਾਨਾ ਜੋੜ ਮੇਲਾ ਪੂਰਨ ਗੁਰ ਮਰਿਆਦਾ ਅਨੁਸਾਰ ਸੈਂਕੜੇ ਸੰਗਤਾਂ ਦੀ ਹਾਜ਼ਰੀ ਵਿਚ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਹਰ ਸਾਲ 3 ਜਨਵਰੀ ਨੂੰ ਮਨਾਇਆ ਜਾਂਦਾ ਹੈ।
ਉਨ੍ਹਾਂ ਇਸ ਮੌਕੇ ਦੱਸਿਆ ਕਿ ਇਹ ਸਲਾਨਾ ਜੋੜ ਮੇਲਾ ਸੰਤ ਬਾਬਾ ਭਾਗ ਸਿੰਘ ਜੀ ਦੀ 59ਵੀਂ ਬਰਸੀ, ਸੰਤ ਬਾਬਾ ਹਰਦਿਆਲ ਸਿੰਘ ਮੁਸਾਫਿਰ ਜੀ ਦੀ 39ਵੀਂ ਬਰਸੀ ਅਤੇ ਸੰਤ ਬਾਬਾ ਮਲਕੀਤ ਸਿੰਘ ਜੀ ਦੀ 5ਵੀਂ ਬਰਸੀ ਨੂੰ ਸਮਰਪਿਤ ਕਰਕੇ ਮਨਾਇਆ ਜਾਵੇਗਾ। ਜਿਸ ਤੋਂ ਪਹਿਲਾਂ ਰੱਬੀ ਬਾਣੀ ਦੇ ਆਖੰਡ ਜਾਪਾਂ ਦੇ ਭੋਗ ਪਾਏ ਜਾਣਗੇ, ਉਪਰੰਤ ਕੀਰਤਨ ਰਾਗੀ ਢਾਡੀ, ਕਥਾ ਦੀਵਾਨ ਸਜਾਇਆ ਜਾਵੇਗਾ। ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀ ਜਥੇ ਤੇ ਕੌਮੀ ਪ੍ਰਚਾਰਕ ਗੁਰ ਸਿੱਖ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਸਰਵਣ ਕਰਵਾਉਣਗੇ।